ਚੀਨ ਵਿਚ 4 ਕੈਨੇਡੀਅਨਜ਼ ਨੂੰ ਫਾਂਸੀ, 100 ਹੋਰ ਜੇਲਾਂ ’ਚ ਬੰਦ
ਨਸ਼ਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਚੀਨ ਵਿਚ ਫਾਂਸੀ ਦੇ ਦਿਤੀ ਗਈ ਜਦਕਿ 100 ਹੋਰ ਚੀਨੀ ਜੇਲਾਂ ਵਿਚ ਬੰਦ ਹਨ।
ਔਟਵਾ : ਨਸ਼ਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਚੀਨ ਵਿਚ ਫਾਂਸੀ ਦੇ ਦਿਤੀ ਗਈ ਜਦਕਿ 100 ਹੋਰ ਚੀਨੀ ਜੇਲਾਂ ਵਿਚ ਬੰਦ ਹਨ। ਸਜ਼ਾ ਏ ਮੌਤ ਦੇ ਦਰਵਾਜ਼ੇ ’ਤੇ ਪੁੱਜਣ ਵਾਲਿਆਂ ਵਿਚ ਬੀ.ਸੀ. ਦੇ ਐਬਸਫੋਰਡ ਦਾ ਰੌਬਰਟ ਸ਼ੈਲਨਬਰਗ ਸ਼ਾਮਲ ਨਹੀਂ ਜਿਸ ਨੂੰ 2014 ਵਿਚ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਾਲੇ ਵਰਿ੍ਹਆਂ ਦੌਰਾਨ ਮੌਤ ਦੀ ਸਜ਼ਾ ਸੁਣਾਈ ਗਈ। ਇਥੇ ਦਸਣਾ ਬਣਦਾ ਹੈ ਕਿ 2022 ਦੌਰਾਨ ਚੀਨ ਵੱਲੋਂ ਇਕ ਹਜ਼ਾਰ ਤੋਂ ਵੱਧ ਅਪਰਾਧੀਆਂ ਨੂੰ ਫਾਂਸੀ ਦਿਤੀ ਗਈ ਪਰ ਵੱਖ ਵੱਖ ਮਨੁੱਖੀ ਅਧਿਕਾਰ ਜਥੇਬੰਦੀਆਂ ਮੁਤਾਬਕ ਸਾਲਾਨਾ ਅੰਕੜਾ 2 ਹਜ਼ਾਰ ਤੋਂ ਟੱਪ ਜਾਂਦਾ ਹੈ। ਉਧਰ ਵਿਦੇਸ਼ ਮੰਤਰੀ ਮੈਲਨੀ ਜੌਲੀ ਨੇ ਚੀਨ ਸਰਕਾਰ ਵੱਲੋਂ ਕੀਤੀ ਹਰਕਤ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਕੈਨੇਡਾ ਸਰਕਾਰ ਵੱਲੋਂ ਸਜ਼ਾ-ਏ-ਮੌਤ ਦਿਤੇ ਜਾਣ ਦੀ ਨਿਖੇਧੀ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਅਤੀਤ ਵਿਚ ਉਨ੍ਹਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਚੀਨ ਸਰਕਾਰ ਨੂੰ ਨਿਜੀ ਤੌਰ ’ਤੇ ਕੈਨੇਡੀਅਨ ਨਾਗਰਿਕਾਂ ਨਾਲ ਨਰਮੀ ਵਰਤਣ ਦੀ ਅਪੀਲ ਕੀਤੀ ਗਈ ਪਰ ਕੋਈ ਫ਼ਰਕ ਨਾ ਪਿਆ। ਉਨ੍ਹਾਂ ਅੱਗੇ ਕਿਹਾ ਕਿ ਚੀਨੀ ਜੇਲਾਂ ਵਿਚ ਬੰਦ ਕੈਨੇਡੀਅਨ ਨਾਗਰਿਕਾਂ ਨਾਲ ਨਰਮੀ ਵਰਤੀ, ਇਸ ਬਾਰੇ ਉਥੋਂ ਦੀ ਸਰਕਾਰ ਨਾਲ ਲਗਾਤਾਰ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਇਆ ਜਾਵੇਗਾ। ਦੂਜੇ ਪਾਸੇ ਕੈਨੇਡਾ ਵਿਚ ਚਾਇਨੀਜ਼ ਅੰਬੈਸੀ ਵੱਲੋਂ ਮੌਤ ਦੀ ਸਜ਼ਾ ਨੂੰ ਸਹੀ ਠਹਿਰਾਇਆ ਗਿਆ। ਅੰਬੈਸੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਵਿਚ ਚੀਨ ਸਰਕਾਰ ਹਮੇਸ਼ਾ ਸਖਤ ਰਹੀ ਹੈ ਅਤੇ ਇਹ ਸਭ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਂਦਾ।
ਚੀਨ ਵਿਚ ਹਰ ਸਾਲ ਇਕ ਹਜ਼ਾਰ ਤੋਂ ਵੱਧ ਨੂੰ ਦਿਤੀ ਜਾਂਦੀ ਹੈ ਫਾਂਸੀ
ਕੈਨੇਡੀਅਨ ਨਾਗਰਿਕਾਂ ਵੱਲੋਂ ਕੀਤੇ ਅਪਰਾਧ ਸਾਬਤ ਹੋ ਗਏ ਜਿਸ ਦੇ ਮੱਦੇਨਜ਼ਰ ਸਜ਼ਾ ਏ ਮੌਤ ਦੀ ਤਾਮੀਲ ਕਰਨੀ ਲਾਜ਼ਮੀ ਬਣ ਗਈ। ਇਸੇ ਦੌਰਾਨ ਐਮਨੈਸਟੀ ਇੰਟਰਨੈਸ਼ਨਲ ਕੈਨੇਡਾ ਦੀ ਸਕੱਤਰ ਜਨਰਲ ਕੈਟੀ ਨਿਵਯਾਬੰਦੀ ਨੇ ਇਕ ਬਿਆਨ ਜਾਰੀ ਕਰਦਿਆਂ ਚੀਨ ਦੀ ਹਰਕਤ ਨੂੰ ਅਣਮਨੁੱਖੀ ਕਰਾਰ ਦਿਤਾ। ਦੱਸ ਦੇਈਏ ਕਿ ਕੈਨੇਡੀਅਨਜ਼ ਨੂੰ ਫਾਂਸੀ ਦਿਤੇ ਜਾਣ ਦੀ ਖਬਰ ਜਦੋਂ ਪਹਿਲੀ ਵਾਰ ਨਸ਼ਰ ਹੋਈ ਤਾਂ ਵਿਦੇਸ਼ ਮੰਤਰਾਲੇ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਪਰ ਹੁਣ ਜਨਤਕ ਤੌਰ ’ਤੇ ਇਹ ਗੱਲ ਪ੍ਰਵਾਨ ਕਰਦਿਆਂ ਨਿਖੇਧੀ ਕੀਤੀ ਗਈ ਹੈ।