ਬਰੈਂਪਟਨ ਦੇ ਸਕੂਲ ਵਿਚੋਂ ਗ੍ਰਿਫ਼ਤਾਰ ਕੀਤੇ 2 ਕਾਰ ਚੋਰ
ਬਰੈਂਪਟਨ ਦੇ ਇਕ ਹਾਈ ਸਕੂਲ ਵਿਚ ਦਗੜ-ਦਗੜ ਹੋ ਗਈ ਜਦੋਂ ਕਾਰ ਚੋਰੀ ਦੇ ਮਾਮਲੇ ਦੀ ਪੜਤਾਲ ਕਰ ਰਹੇ ਪੁਲਿਸ ਅਫ਼ਸਰਾਂ ਨੇ ਲੌਕਡਾਊਨ ਕਰ ਦਿਤਾ ਅਤੇ ਸ਼ੱਕੀਆਂ ਦੀ ਭਾਲ ਆਰੰਭ ਦਿਤੀ ਗਈ।;
ਬਰੈਂਪਟਨ : ਬਰੈਂਪਟਨ ਦੇ ਇਕ ਹਾਈ ਸਕੂਲ ਵਿਚ ਦਗੜ-ਦਗੜ ਹੋ ਗਈ ਜਦੋਂ ਕਾਰ ਚੋਰੀ ਦੇ ਮਾਮਲੇ ਦੀ ਪੜਤਾਲ ਕਰ ਰਹੇ ਪੁਲਿਸ ਅਫ਼ਸਰਾਂ ਨੇ ਲੌਕਡਾਊਨ ਕਰ ਦਿਤਾ ਅਤੇ ਸ਼ੱਕੀਆਂ ਦੀ ਭਾਲ ਆਰੰਭ ਦਿਤੀ ਗਈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਕੈਨੇਡੀ ਰੋਡ ਅਤੇ ਕੁਈਨ ਸਟ੍ਰੀਟ ਈਸਟ ਵਿਖੇ ਸਥਿਤ ਸੈਂਟਰਲ ਪੀਲ ਸੈਕੰਡਰੀ ਸਕੂਲ ਵਿਚ ਅਹਿਤਿਆਤ ਵਜੋਂ ਲੌਕਡਾਊਨ ਲਾਇਆ ਗਿਆ। ਉਧਰ ਸਕੂਲ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਪੁਲਿਸ ਅੰਦਰ ਆਏ ਇਕ ਵਿਦਿਆਰਥੀ ਨੂੰ ਫੜ ਕੇ ਲੈ ਗਈ।
ਸਕੂਲ ਵਿਚ ਲਾ ਦਿਤਾ ਗਿਆ ਲੌਕਡਾਊਨ
ਪੀਲ ਰੀਜਨਲ ਪੁਲਿਸ ਦੇ ਅਫ਼ਸਰ ਮੰਗਲਵਾਰ ਸਵੇਰੇ 7.30 ਵਜੇ ਹੀ ਇਲਾਕੇ ਵਿਚ ਪੁੱਜੇ ਗਏ ਸਨ ਅਤੇ ਚੋਰੀ ਕੀਤੀ ਗੱਡੀ ਬਰਾਮਦ ਕਰਦਿਆਂ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੈਂਟਰਲ ਰੌਬਰੀ ਬਿਊਰੋ ਨੇ ਮਾਮਲਾ ਆਪਣੇ ਹੱਥਾਂ ਵਿਚ ਲੈਂਦਿਆਂ ਪੜਤਾਲ ਆਰੰਭੀ ਸੀ ਅਤੇ 10 ਵਜੇ ਸਕੂਲ ਵਿਚੋਂ ਲੌਕਡਾਊਨ ਹਟਾ ਦਿਤਾ ਗਿਆ। ਪੁਲਿਸ ਮੁਤਾਬਕ ਪੂਰੀ ਕਾਰਵਾਈ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਮਾਮਲੇ ਦੀ ਪੜਤਾਲ ਅੱਗੇ ਵਧਾਈ ਜਾ ਰਹੀ ਹੈ।