America ਤੋਂ Canada ਦਾਖ਼ਲ ਹੁੰਦੇ 19 ਪ੍ਰਵਾਸੀ ਕਾਬੂ

ਟਰੰਪ ਦੇ ਇੰਮੀਗ੍ਰੇਸ਼ਨ ਛਾਪਿਆਂ ਤੋਂ ਬਚਦੇ-ਬਚਾਉਂਦੇ ਕੈਨੇਡਾ ਦਾਖਲ ਹੋਏ 19 ਪ੍ਰਵਾਸੀਆਂ ਨੂੰ ਆਰ.ਸੀ.ਐਮ.ਪੀ. ਨੇ ਕਾਬੂ ਕਰ ਲਿਆ ਜਿਨ੍ਹਾਂ ਨੇ ਬਰਫ਼ੀਲੇ ਮੌਸਮ ਦਾ ਫ਼ਾਇਦਾ ਉਠਾਉਂਦਿਆਂ ਰਾਤ ਦੇ ਹਨੇਰੇ ਵਿਚ ਇੰਟਰਨੈਸ਼ਨਲ ਬਾਰਡਰ ਪਾਰ ਕੀਤਾ

Update: 2025-12-27 12:28 GMT

ਮੌਂਟਰੀਅਲ : ਟਰੰਪ ਦੇ ਇੰਮੀਗ੍ਰੇਸ਼ਨ ਛਾਪਿਆਂ ਤੋਂ ਬਚਦੇ-ਬਚਾਉਂਦੇ ਕੈਨੇਡਾ ਦਾਖਲ ਹੋਏ 19 ਪ੍ਰਵਾਸੀਆਂ ਨੂੰ ਆਰ.ਸੀ.ਐਮ.ਪੀ. ਨੇ ਕਾਬੂ ਕਰ ਲਿਆ ਜਿਨ੍ਹਾਂ ਨੇ ਬਰਫ਼ੀਲੇ ਮੌਸਮ ਦਾ ਫ਼ਾਇਦਾ ਉਠਾਉਂਦਿਆਂ ਰਾਤ ਦੇ ਹਨੇਰੇ ਵਿਚ ਇੰਟਰਨੈਸ਼ਨਲ ਬਾਰਡਰ ਪਾਰ ਕੀਤਾ ਪਰ ਧੁਰ ਅੰਦਰ ਤੱਕ ਨਾ ਪੁੱਜ ਸਕੇ। ਮੀਡੀਆ ਰਿਪੋਰਟ ਮੁਤਾਬਕ ਪ੍ਰਵਾਸੀਆਂ ਵੱਲੋਂ ਨਾਜਾਇਜ਼ ਤਰੀਕੇ ਨਾਲ ਕੌਮਾਂਤਰੀ ਸਰਹੱਦ ਪਾਰ ਕਰਨ ਬਾਰੇ ਅਮਰੀਕਾ ਦੇ ਬਾਰਡਰ ਪੈਟਰੋਲ ਏਜੰਟਾਂ ਨੇ ਹੀ ਆਰ.ਸੀ.ਐਮ.ਪੀ. ਨੂੰ ਇਤਲਾਹ ਦਿਤੀ ਜਿਸ ਮਗਰੋਂ ਕਿਊਬੈਕ ਦੇ ਮੌਂਟੇਰੇਜ਼ੀ ਇਲਾਕੇ ਵਿਚ ਹੈਵਲੌਕ ਨੇੜੇ ਇਨ੍ਹਾਂ ਪ੍ਰਵਾਸੀਆਂ ਨੂੰ ਰੋਕਿਆ ਗਿਆ। ਕਾਬੂ ਕੀਤੇ ਪ੍ਰਵਾਸੀਆਂ ਵਿਚੋਂ ਇਕ ਦੀ ਉਮਰ 60 ਸਾਲ ਦੇ ਨੇੜੇ ਦੱਸੀ ਜਾ ਰਹੀ ਹੈ ਅਤੇ ਦੋ ਬੱਚੇ ਵੀ ਇਸ ਗਰੁੱਪ ਵਿਚ ਸ਼ਾਮਲ ਦੱਸੇ ਜਾ ਰਹੇ ਹਨ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਛੇ ਜਣਿਆਂ ਨੂੰ ਹਸਪਤਾਲ ਲਿਜਾਣਾ ਪਿਆ ਜੋ ਫਰੌਸਟ ਬਾਈਟ ਦਾ ਸ਼ਿਕਾਰ ਬਣ ਗਏ ਜਦਕਿ ਦੋ ਬੱਚਿਆਂ ਨੂੰ ਅਹਿਤਿਆਤੀ ਤੌਰ ’ਤੇ ਡਾਕਟਰੀ ਮੁਆਇਨੇ ਵਾਸਤੇ ਲਿਜਾਇਆ ਗਿਆ। ਆਰ.ਸੀ.ਐਮ.ਪੀ. ਵੱਲੋਂ ਜਲਦ ਹੀ ਇਨ੍ਹਾਂ ਪ੍ਰਵਾਸੀਆਂ ਨੂੰ ਅਮਰੀਕਾ ਦੇ ਬਾਰਡਰ ਏਜੰਟਾਂ ਦੇ ਸਪੁਰਦ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਆਰ.ਸੀ.ਐਮ.ਪੀ. ਵੱਲੋਂ ਕਸਟਮਜ਼ ਐਕਟ ਦੀ ਧਾਰ 117 ਅਧੀਨ ਇਕ ਹੋਰ ਸ਼ੱਕੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਸੰਭਾਵਤ ਤੌਰ ’ਤੇ ਇਨ੍ਹਾਂ ਪ੍ਰਵਾਸੀਆਂ ਨੂੰ ਟਿਕਾਣੇ ’ਤੇ ਪਹੁੰਚਾਉਣ ਦੇ ਇਰਾਦੇ ਨਾਲ ਗੱਡੀ ਸਣੇ ਬਰਫ਼ੀਲੀ ਰਾਤ ਵਿਚ ਉਥੇ ਮੌਜੂਦ ਸੀ।

ਬਰਫ਼ੀਲੀ ਰਾਤ ਵਿਚ ਆਰ.ਸੀ.ਐਮ.ਪੀ. ਨੇ ਕੀਤੀ ਕਾਰਵਾਈ

ਪ੍ਰਵਾਸੀਆਂ ਦਾ ਗਰੁੱਪ ਕੈਨੇਡਾ ਵਿਚ ਅਸਾਇਲਮ ਮੰਗ ਰਿਹਾ ਹੈ ਪਰ ਫ਼ਿਲਹਾਲ ਇਸ ਬਾਰੇ ਵਿਸਤਾਰਤ ਜਾਣਕਾਰੀ ਹਾਸਲ ਨਹੀਂ ਹੋ ਸਕੀ। ਆਰ.ਸੀ.ਐਮ.ਪੀ. ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੰਤਾਂ ਦੀ ਸਰਦੀ ਵਿਚ ਗੈਰਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨਾ ਬੇਹੱਦ ਖ਼ਤਰਨਾਕ ਸਾਬਤ ਹੋ ਸਕਦਾ ਹੈ ਅਤੇ ਨਿਗਰਾਨੀ ਕਰ ਰਹੇ ਬਾਰਡਰ ਅਫ਼ਸਰਾਂ ਵਾਸਤੇ ਵੀ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਬਰਫ਼ਬਾਰੀ ਹੋਣ ਕਰ ਕੇ ਇਲਾਕੇ ਨੂੰ ਸੁਰੱਖਿਅਤ ਪਾਰ ਕਰਨਾ ਸੌਖਾ ਨਹੀਂ, ਖ਼ਾਸ ਤੌਰ ’ਤੇ ਬੱਚਿਆਂ ਦੀ ਮੌਜੂਦਗੀ ਹਾਲਾਤ ਹੋਰ ਗੰਭੀਰ ਬਣਾ ਦਿੰਦੀ ਹੈ। ਦੱਸ ਦੇਈਏ ਕਿ ਨਿਊ ਯਾਰਕ ਸੂਬੇ ਰਾਹੀਂ ਕੈਨੇਡਾ ਵਿਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ ਕਮੀ ਆਈ ਹੈ ਪਰ ਅਮਰੀਕਾ ਦੇ ਨੌਰਥ ਡੈਕੋਟਾ ਅਤੇ ਮਿਨੇਸੋਟਾ ਰਾਜਾਂ ਦੀ ਕੈਨੇਡਾ ਦੇ ਸਸਕੈਚਵਨ, ਮੈਨੀਟੋਬਾ ਤੇ ਉਨਟਾਰੀਓ ਰਾਜਾਂ ਨਾਲ ਲਗਦੀ 1,400 ਕਿਲੋਮੀਟਰ ਲੰਮੀ ਸਰਹੱਦ ਨੂੰ ਵੀ ਨਾਜਾਇਜ਼ ਪ੍ਰਵਾਸ ਲਈ ਵਰਤਿਆ ਜਾਂਦਾ ਹੈ।

ਗੱਡੀ ਵਿਚ ਲੈਣ ਆਇਆ ਮਨੁੱਖੀ ਤਸਕਰ ਵੀ ਹੋਇਆ ਗ੍ਰਿਫ਼ਤਾਰ

ਦਿਲਚਸਪ ਤੱਥ ਇਹ ਵੀ ਹੈ ਕਿ ਕਿਸੇ ਵੇਲੇ ਕੈਨੇਡਾ ਤੋਂ ਅਮਰੀਕਾ ਵੱਲ ਗੈਰਕਾਨੂੰਨੀ ਪ੍ਰਵਾਸ ਦਾ ਰੁਝਾਨ ਜ਼ਿਆਦਾ ਸੀ ਪਰ ਡੌਨਲਡ ਟਰੰਪ ਦੇ ਸੱਤਾ ਵਿਚ ਆਉਣ ਮਗਰੋਂ ਹਾਲਾਤ ਬਿਲਕੁਲ ਉਲਟੇ ਹੋ ਗਏ। ਹੁਣ ਅਮਰੀਕਾ ਤੋਂ ਕੈਨੇਡਾ ਵੱਲ ਜਾਣ ਵਾਲਿਆਂ ਨੂੰ ਜ਼ਿਆਦਾਤਰ ਮੌਕਿਆਂ ’ਤੇ ਮੁੜ ਬਾਰਡਰ ਏਜੰਟਾਂ ਦੇ ਸਪੁਰਦ ਕਰ ਦਿਤਾ ਜਾਂਦਾ ਹੈ ਅਤੇ ਅੱਗੇ ਆਈਸ ਵਾਲੇ ਅਜਿਹੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਪ੍ਰਕਿਰਿਆ ਆਰੰਭ ਦਿੰਦੇ ਹਨ। ਕੈਨੇਡਾ ਵਿਚ ਸੀ-12 ਕਾਨੂੰਨ ਪਾਸ ਹੋਣ ਮਗਰੋਂ ਨਾਜਾਇਜ਼ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਕੋਲ ਪਨਾਹ ਮੰਗਣ ਦਾ ਹੱਕ ਵੀ ਨਹੀਂ ਰਹਿ ਜਾਵੇਗਾ ਅਤੇ ਸਿੱਧੇ ਤੌਰ ’ਤੇ ਡਿਪੋਰਟ ਕੀਤੇ ਜਾ ਸਕਣਗੇ।

Tags:    

Similar News