ਕੈਨੇਡਾ ’ਚ 18 ਹਜ਼ਾਰ ਡਾਲਰ ਦੀ ਠੱਗੀ, ਪੰਜਾਬੀ ਦੀ ਭਾਲ ਕਰ ਰਹੀ ਪੁਲਿਸ
ਦੋ ਜਣਿਆਂ ਨਾਲ 18 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਠੱਗੀ ਦੇ ਮਾਮਲੇ ਵਿਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਦਿਆਂ ਟੋਰਾਂਟੋ ਪੁਲਿਸ ਵੱਲੋਂ 2 ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ
ਟੋਰਾਂਟੋ : ਦੋ ਜਣਿਆਂ ਨਾਲ 18 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਠੱਗੀ ਦੇ ਮਾਮਲੇ ਵਿਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਦਿਆਂ ਟੋਰਾਂਟੋ ਪੁਲਿਸ ਵੱਲੋਂ 2 ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚੋਂ ਇਕ ਪੰਜਾਬੀ ਮਹਿਸੂਸ ਹੋ ਰਿਹਾ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਠੱਗਾਂ ਵੱਲੋਂ 29 ਮਈ ਨੂੰ ਜਾਲ ਵਿਛਾਉਣ ਦਾ ਸਿਲਸਿਲਾ ਆਰੰਭਿਆ ਗਿਆ ਜਦੋਂ ਇਕ ਪਿਤਾ ਅਤੇ ਉਸ ਦੀ ਬੇਟੀ ਨੂੰ ਬੈਂਕ ਖਾਤਿਆਂ ਵਿਚ ਗੜਬੜੀ ਬਾਰੇ ਫੋਨ ਆਇਆ। ਠੱਗਾਂ ਨੇ ਬੈਂਕ ਦਾ ਨੁਮਾਇੰਦਾ ਬਣ ਕੇ ਫੋਨ ਕੀਤਾ ਅਤੇ ਪਿਉ-ਧੀ ਨੂੰ ਕਹਿਣ ਲੱਗੇ ਕਿਹਾ ਕਿ ਉਨ੍ਹਾਂ ਦੇ ਬੈਂਕ ਕਾਰਡ ਨਾਲ ਛੇੜ-ਛਾੜ ਕੀਤੀ ਗਈ ਹੈ ਅਤੇ ਹੁਣ ਬੈਂਕ ਖਾਤੇ ਬੰਦ ਕਰਨੇ ਹੋਣਗੇ। ਦੋਹਾਂ ਦੀ ਨਿਜੀ ਜਾਣਕਾਰੀ ਹਾਸਲ ਕਰਨ ਮਗਰੋਂ ਇਕ ਅਣਪਛਾਤਾ ਸ਼ਖਸ ਕਾਲੇ ਰੰਗ ਦੀ ਟੈਸਲਾ ਵਿਚ ਉਨ੍ਹਾਂ ਦੇ ਘਰ ਪੁੱਜਾ ਅਤੇ ਬੈਂਕ ਕਾਰਡ ਲੈ ਕੇ ਚਲਾ ਗਿਆ।
ਪਿਉ-ਧੀ ਦੇ ਬੈਂਕ ਖਾਤਿਆਂ ਵਿਚ ਗੜਬੜੀ ਦੇ ਬਹਾਨੇ ਮਾਰੀ ਠੱਗੀ
ਅਗਲੇ ਕੁਝ ਦਿਨਾਂ ਵਿਚ ਪਿਉ-ਧੀ ਦੇ ਖਾਤਿਆਂ ਵਿਚੋਂ 18 ਹਜ਼ਾਰ ਡਾਲਰ ਤੋਂ ਵੱਧ ਰਕਮ ਗਾਇਬ ਹੋ ਗਈ ਜਿਸ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਪੰਜ ਸ਼ੱਕੀਆਂ ਦੀ ਪਛਾਣ ਕੀਤੀ ਜਿਨ੍ਹਾਂ ਵਿਚੋਂ ਤਿੰਨ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਦੂਜੇ ਪਾਸੇ ਦੋ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚੋਂ ਇਕ ਪੰਜਾਬੀ ਹੈ। ਪੁਲਿਸ ਵੱਲੋਂ ਜਾਰੀ ਹੁਲੀਏ ਮੁਤਾਬਕ ਉਸ ਨੇ ਸੰਭਾਵਤ ਤੌਰ ’ਤੇ ਪੱਗ ਬੰਨ੍ਹੀ ਹੋਈ ਸੀ ਅਤੇ ਆਖਰੀ ਵਾਰ ਉਸ ਨੂੰ ਉਨਟਾਰੀਓ ਦੀ ਲਾਇਸੰਸ ਪਲੇਟ ਜੀ.ਵੀ.ਕੇ. ਡਬਲਿਊ 177 ਵਾਲੀ ਕਾਲੀ ਟੈਸਲਾ ਵਿਚ ਦੇਖਿਆ ਗਿਆ। ਦੂਜੇ ਸ਼ੱਕੀ ਦੀ ਉਮਰ ਤਕਰੀਬਨ 20 ਸਾਲ ਹੈ ਜਿਸ ਨੇ ਵਾਰਦਾਤ ਵਾਲੇ ਦਿਨ ਕਾਲੀ ਜੈਕਟ ਅਤੇ ਹਰੀ ਟੀਸ਼ਰਟ ਪਾਈ ਹੋਈ ਸੀ ਜਿਸ ’ਤੇ ਸਪਰਾਈਟ ਲਿਖਿਆ ਨਜ਼ਰ ਆਉਂਦਾ ਹੈ। ਉਧਰ ਗ੍ਰਿਫ਼ਤਾਰ ਸ਼ੱਕੀਆਂ ਵਿਚੋਂ ਦੋ ਦੀ ਉਮਰ 20 ਸਾਲ ਅਤੇ ਇਕ ਦੀ 22 ਸਾਲ ਦੱਸੀ ਜਾ ਰਹੀ ਹੈ ਜਿਨ੍ਹਾਂ ਵਿਰੁੱਧ ਠੱਗੀ ਨਾਲ ਸਬੰਧਤ 23 ਦੋਸ਼ ਆਇਦ ਕੀਤੇ ਗਏ ਹਨ।