ਸਰਦਾਰ ਜੀ ਨੇ ਮਿਹਨਤ ਕਰ 70 ਦੇਸ਼ਾਂ 'ਚ ਫੈਲਾਇਆ ਆਪਣਾ ਕਾਰੋਬਾਰ , ਜਾਣੋ ਪੂਰੀ ਖਬਰ
ਸਿਮਰਪਾਲ ਦੀ ਕੰਪਨੀ ਓਲਮ ਇੰਟਰਨੈਸ਼ਨਲ ਅੱਜ ਦੁਨੀਆਂ ਦੀ ਦੂਜੀ ਸੱਭ ਤੋਂ ਵੱਡੀ ਮੁੰਗਫਲੀ ਨਿਰਯਾਤਕ ਕੰਪਨੀ ਹੈ ।
ਅੰਮ੍ਰਿਤਸਰ : ਪੰਜਾਬੀਆਂ ਨੇ ਸੰਸਾਰ ਵਿਚ ਉਦਮੀ ਹੋਣ ਕਰ ਕੇ ਨਾਮ ਕਮਾਇਆ ਹੈ। ਪੰਜਾਬੀਆਂ ਦੀ ਮਿਹਨਤ ਅਤੇ ਕੰਮ ਪ੍ਰਤੀ ਲਗਨ ਕਾਰਨ ਉਨ੍ਹਾਂ ਦੀ ਹਰ ਖੇਤਰ ਵਿਚ ਬੱਲੇ-ਬੱਲੇ ਹੈ । ਇਸ ਸਮੇਂ ਸੰਸਾਰ ਦਾ ਕੋਈ ਦੇਸ਼ ਅਜਿਹਾ ਨਹੀਂ ਜਿਥੇ ਪੰਜਾਬੀ ਨਾ ਪਹੁੰਚੇ ਹੋਣ । ਉਸੇ ਲੜੀ ਨੂੰ ਅੱਗੇ ਤੋਰਦਿਆਂ ਪੰਜਾਬੀਆਂ ਨੇ ਸੰਸਾਰ ਵਿਚ ਅਪਣੀ ਲਿਆਕਤ ਅਤੇ ਮਿਹਨਤ ਦਾ ਝੰਡਾ ਗੱਡਣ ਵਿਚ ਹਮੇਸ਼ਾ ਮੋਹਰੀ ਦੀ ਭੂਮਿਕਾ ਨਿਭਾਈ ਹੈ। ਹੁਣ ਪੰਜਾਬੀਆਂ ਲਈ ਇੱਕ ਹੋਰ ਮਾਣ ਵਾਲੀ ਗੱਲ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਵਪਾਰੀ ਨੇ ਵਿਦੇਸ਼ਾਂ ਚ ਵੀ ਵੱਡਾ ਨਾਅ ਖੱਟਿਆ ਹੈ । ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਾ ਰਹਿਣ ਵਾਲਾ ਸਿਮਰਪਾਲ ਸਿੰਘ ਅੱਜ ਅਰਜਨਟੀਨਾ ਵਿਚ 'ਪੀਨਟ ਕਿੰਗ ਯਾਨੀ ਮੁੰਗਫ਼ਲੀ ਦਾ ਰਾਜਾ' ਨਾਂਅ ਤੋਂ ਜਾਣਿਆਂ ਜਾਂਦਾ ਹੈ। ਸਿਮਰਪਾਲ ਦੀ ਕੰਪਨੀ ਓਲਮ ਇੰਟਰਨੈਸ਼ਨਲ ਅੱਜ ਦੁਨੀਆਂ ਦੀ ਦੂਜੀ ਸੱਭ ਤੋਂ ਵੱਡੀ ਮੁੰਗਫਲੀ ਨਿਰਯਾਤਕ ਕੰਪਨੀ ਹੈ। ਇਸ ਸਮੇਂ ਉਹ ਅਰਜਨਟੀਨਾ ਵਿਚ ਸਿੰਗਾਪੁਰ ਦੀ ਇਕ ‘ਓਲੇਮ ਇੰਟਰਨੈਸ਼ਨਲ’ ਕੰਪਨੀ ਦਾ ਡਾਇਰੈਕਟਰ ਅਤੇ ਸੀ.ਈ.ਓ. ਹੈ। ਉਸ ਨੂੰ ਅਰਜਨਟੀਨਾ ਵਿਚ ਮੁੰਗਫਲੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਉਹ ਅਫ਼ਰੀਕਾ, ਘਾਨਾ, ਮੋਜੰਮਬੀਕ ਵਿਚ ਦਸ ਸਾਲ ਕੰਮ ਕਰਦਾ ਰਿਹਾ। 2005 ਵਿਚ ਉਹ ਅਰਜਨਟੀਨਾ ਪਹੁੰਚ ਗਿਆ। ਇਥੇ ਆ ਕੇ ਉਸ ਨੇ ਓਲੇਮ ਇੰਟਰਨੈਸ਼ਨਲ ਕੰਪਨੀ ਵਿਚ ਨੌਕਰੀ ਕਰ ਲਈ। ਉਹ ਇਸ ਕੰਪਨੀ ਦੀ ਸੇਲਜ਼ ਦਾ ਕੰਮ ਵੇਖਦਾ ਸੀ। ਪੰਜ ਸਾਲਾਂ ਵਿਚ ਉਸ ਦੀ ਸਿਆਣਪ ਅਤੇ ਯੋਜਨਾਬੰਦੀ ਨਾਲ ਕੰਪਨੀ ਦਾ ਵਪਾਰ ਸਿਖਰਾਂ ’ਤੇ ਪਹੁੰਚ ਗਿਆ, ਜਿਸ ਕਰ ਕੇ ਕੰਪਨੀ ਨੇ ਉਸ ਦੀ ਤਰੱਕੀ ਕਰ ਦਿਤੀ। ਸਿਮਰਪਾਲ ਸਿੰਘ ਨੇ ਕੰਪਨੀ ਨੂੰ ਖੇਤੀ ਵਸਤਾਂ ਦੀ ਕਾਸ਼ਤ ਅਤੇ ਪ੍ਰਾਸੈਸਿੰਗ ਕਰਨ ਦਾ ਸੁਝਾਅ ਦਿਤਾ, ਜਿਸ ਦੇ ਸਿੱਟੇ ਵਜੋਂ ਕੰਪਨੀ ਨੇ 40 ਹਜ਼ਾਰ ਹੈਕਟੇਅਰ ਰਕਬੇ ਵਿਚ ਮੁੰਗਫਲੀ, 10 ਹਜ਼ਾਰ ਹੈਕਟੇਅਰ ਵਿਚ ਸੋਇਆ ਤੇ ਮੱਕੀ, ਚੌਲ ਅਤੇ ਹੋਰ ਖੇਤੀਬਾੜੀ ਨਾਲ ਸਬੰਧ ਰੱਖਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਵਾਉਣੀ ਸ਼ੁਰੂ ਕਰ ਦਿਤੀ। ਫ਼ਸਲਾਂ ਦੇ ਉਤਪਾਦਨ ਵਧਣ ਨਾਲ ਉਨ੍ਹਾਂ ਦੀ ਪ੍ਰਾਸੈਸਿੰਗ ਦੇ ਪ੍ਰਾਜੈਕਟ ਵੀ ਲਗਵਾਏ ਹਨ।
ਉਹ ਖੇਤੀਬਾੜੀ ਨਾਲ ਸਬੰਧਤ 67 ਉਤਪਾਦ ਕਰਵਾਉਂਦਾ ਹੈ। ਇਸ ਤੋਂ ਪਹਿਲਾਂ ਇਹ ਕੰਪਨੀ ਛੋਟੇ ਪੱਧਰ ’ਤੇ ਮੁੰਗਫਲੀ ਦੀ ਕਾਸ਼ਤ ਕਰਵਾਉਂਦੀ ਸੀ। ਇਸ ਸਮੇਂ ਉਹ ਇਸ ਕੰਪਨੀ ਦਾ ਡਾਇਰੈਕਟਰ ਅਤੇ ਸੀ.ਈ.ਓ. ਹੈ। ਤੁਹਾਨੂੰ ਦੱਸ ਦੇਈਏ ਕਿ ਅਰਜਨਟੀਨਾ ਵਿੱਚ ਵੱਡੇ ਪੈਮਾਨੇ ਉੱਤੇ ਖੇਤੀ ਕਰਨ ਲਈ ਸਿਮਰਪਾਲ ਸਿੰਘ ਨੇ 40 ਹੈਕਟੇਅਰ ਜ਼ਮੀਨ ਖ਼ਰੀਦ ਲਈ, ਜਿੱਥੇ ਉਹ ਕਈ ਤਰ੍ਹਾਂ ਦੀਆਂ ਫ਼ਸਲਾਂ ਦੀ ਖੇਤੀ ਕਰਨ ਲੱਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਉਹ 20 ਹਜ਼ਾਰ ਹੈਕਟੇਅਰ ਜ਼ਮੀਨ ਉੱਤੇ ਮੂੰਗਫਲੀ ਦੀ ਖੇਤੀ ਕਰਦਾ ਹੈ। 10 ਹਜ਼ਾਰ ਹੈਕਟੇਅਰ ਉੱਤੇ ਸੋਆ ਤੇ ਮੱਕਾ ਉਗਾਉਂਦਾ ਹੈ। 1700 ਹੈਕਟੇਅਰ ਚੌਲ ਲਈ ਖੇਤੀ ਪਟੇ ਉੱਤੇ ਲਈ ਹੋਈ ਹੈ।
ਓਲਮ ਇੰਟਰਨੈਸ਼ਨਲ ਦਾ ਹੈੱਡ ਕੁਆਰਟਰ ਸਿੰਗਾਪੁਰ ਵਿੱਚ ਬਣਾਇਆ ਹੈ। ਕੰਪਨੀ ਦਾ ਕਾਰੋਬਾਰ 70 ਦੇਸ਼ਾਂ ਵਿੱਚ ਫੈਲਿਆ ਹੈ। 70 ਦੇਸ਼ਾਂ ਵਿੱਚ ਉਸ ਦੀ ਕੰਪਨੀ ਵਿੱਚ 17 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ। ਉਸ ਦੀ ਕੰਪਨੀ ਦੇ ਸੀਈਓ ਤੇ ਗਰੁੱਪ ਮੈਨੇਜਿੰਗ ਡਾਇਰੈਕਟਰ ਭਾਰਤੀ ਮੂਲ ਦੇ ਸਨੀ ਜਾਰਜ ਵਰਗੀਸ ਹਨ। ਕੰਪਨੀ ਦਾ ਸਾਲਾਨਾ ਰੀਵਿਊ 8 ਖਰਬ ਰੁਪਏ ਹੈ। ਕੰਪਨੀ ਕੋਲ 47 ਖੇਤੀ ਨਾਲ ਜੁੜੇ ਉਤਪਾਦ ਹਨ।ਅਰਜਨੀਟਾ ਵਿੱਚ ਉਸ ਦੇ ਆਫ਼ਿਸ ਵਿੱਚ 200 ਕਰਮਚਾਰੀਆਂ ਵਿੱਚ ਸਿਰਫ਼ ਦੋ ਹੀ ਭਾਰਤੀ ਹਨ।
ਇਸ ਕੰਪਨੀ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਇਹ ਕੰਪਨੀ ਸੰਸਾਰ ਵਿਚ ਮੁੰਗਫਲੀ ਦੇ ਉਤਪਾਦਨ ਵਿਚ 28ਵੇਂ ਨੰਬਰ ’ਤੇ ਸੀ। ਇਸ ਸਮੇਂ ਮੁੰਗਫਲੀ ਦੇ ਉਤਪਾਦਨ ਵਿਚ ਉਸ ਦੀ ਕੰਪਨੀ ਸੰਸਾਰ ਵਿਚ ਤੀਜੇ ਨੰਬਰ ’ਤੇ ਹੈ। ਉਸ ਦੀ ਕੋਸ਼ਿਸ਼ ਹੈ ਕਿ ਅਗਲੇ ਸਾਲ ਉਹ ਇਸ ਕੰਪਨੀ ਨੂੰ ਦੂਜੇ ਨੰਬਰ ’ਤੇ ਲੈ ਆਵੇ। ਪਹਿਲੇ ਨੰਬਰ ’ਤੇ ਮੁੰਗਫਲੀ ਦਾ ਉਤਪਾਦਨ ਚੀਨ ਕਰਦਾ ਹੈ। ਪਰਵਾਸ ਵਿਚ ਜਾ ਕੇ ਸਿਮਰਪਾਲ ਸਿੰਘ ਅਪਣੀ ਵਿਰਾਸਤ ਨਾਲ ਬਾਵਸਤਾ ਰਿਹਾ ਹੈ। ਉਸ ਦਾ ਸਿੱਖੀ ਸਰੂਪ ਅਰਜਨਟੀਨਾ ਦੇ ਲੋਕਾਂ ਨੂੰ ਉਸ ਦੀ ਵਖਰੀ ਪਛਾਣ ਕਰ ਕੇ ਬਹੁਤ ਹੀ ਪ੍ਰਭਾਵਤ ਕਰਦਾ ਹੈ। ਉਹ ਲੋਕ ਸਮਝਦੇ ਹਨ ਕਿ ਉਹ ਕੋਈ ਰਾਜਾ ਮਹਾਰਾਜਾ ਹੈ। ਅਰਜਨਟੀਨਾ ਦੇ ਲੋਕ ਉਸ ਨਾਲ ਤਸਵੀਰਾਂ ਖਿਚਵਾਉਣ ਵਿਚ ਖ਼ੁਸ਼ੀ ਮਹਿਸੂਸ ਕਰਦੇ ਹਨ। ਉਹ ਅਤੇ ਉਸ ਦਾ ਪ੍ਰਵਾਰ ਸਿੱਖੀ ਨੂੰ ਪ੍ਰਣਾਇਆ ਹੋਇਆ ਹੈ। ਦਸਤਾਰਧਾਰੀ ਸੁੰਦਰ, ਸੁਡੌਲ ਅਤੇ ਸੁਨੱਖਾ ਹੋਣ ਕਰ ਕੇ ਉਸ ਦੀ ਵੱਖਰੀ ਪਛਾਣ ਬਣ ਗਈ। ਜਦੋਂ ਉਹ ਅਪਣੀ ਕੰਪਨੀ ਦੇ ਵਪਾਰ ਸਬੰਧੀ ਅਰਜਨਟੀਨਾ ਦੇ ਕਲੱਬਾਂ ਵਿਚ ਜਾਂਦਾ ਹੈ ਤਾਂ ਲੋਕ ਉਸ ਨੂੰ ਮਹਾਰਾਜਾ ਕਹਿ ਕੇ ਸੰਬੋਧਨ ਕਰਦੇ ਸਨ। ਉਥੇ ਦੇ ਲੋਕ ਉਸ ਤੋਂ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ ਅਤੇ ਬਹੁਤ ਸਾਰੇ ਲੋਕਾਂ ਨੇ ਉਸ ਤੋਂ ਦਸਤਾਰ ਸਜਾਉਣੀ ਸਿੱਖ ਲਈ ਅਤੇ ਹੁਣ ਉਹ ਦਸਤਾਰ ਨੂੰ ਤਰਜੀਹ ਦਿੰਦੇ ਹਨ।
ਸਿਮਰਪਾਲ ਸਿੰਘ ਦਾ ਪਿਛੋਕੜ ਅੰਮ੍ਰਿਤਸਰ ਦਾ ਹੈ। ਉਸ ਨੇ ਮੁੱਢਲੀ ਪੜ੍ਹਾਈ ਸੇਂਟ ਜ਼ੇਵੀਅਰ ਸਕੂਲ ਦੁਰਗਾਪੁਰ ਤੋਂ ਪ੍ਰਾਪਤ ਕੀਤੀ। ਫਿਰ ਬੀ.ਐਸ.ਸੀ. ਐਗਰੀਕਲਚਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਤੋਂ ਪਾਸ ਕੀਤੀ। ਉਸ ਤੋਂ ਬਾਅਦ ਉਸ ਨੇ ਗੁਜਰਾਤ ਇਨਸਟੀਚਿਊਟ ਆਫ਼ ਰੂਰਲ ਮੈਨੇਜਮੈਂਟ ਆਨੰਦ (ਆਈ.ਆਰ.ਐਮ.ਏ) ਤੋਂ ਐਮ.ਬੀ.ਏ. ਦੀ ਡਿਗਰੀ ਪਾਸ ਕੀਤੀ। ਉਸ ਦੀ ਪਤਨੀ ਹਰਪ੍ਰੀਤ ਕੌਰ ਨੇ ਆਈ.ਆਈ.ਟੀ. ਦਿੱਲੀ ਤੋਂ ਆਰਕੀਟੈਕਟ ਵਿਚ ਐਮ.ਟੈਕ. ਕੀਤੀ ਹੋਈ ਹੈ। ਅਸਲ ਵਿਚ ਉਹ ਆਈ.ਆਈ.ਟੀ. ਵਿਚ ਦਾਖ਼ਲਾ ਲੈ ਕੇ ਪੜ੍ਹਨਾ ਜਾਂ ਸਿਵਲ ਸਰਵਿਸ ਵਿਚ ਜਾਣਾ ਚਾਹੁੰਦਾ ਸੀ। ਪ੍ਰੰਤੂ ਹਾਲਾਤ ਨੇ ਕਰਵਟ ਲੈਂਦਿਆਂ ਉਸ ਨੂੰ ਇਸ ਪਾਸੇ ਲੈ ਆਂਦਾ। ਪੜ੍ਹਾਈ ਖ਼ਤਮ ਕਰਨ ਮਗਰੋਂ ਭਾਰਤ ਵਿਚ ਉਹ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਤੇ ਅਮੁਲ ਵਿਚ ਕੰਮ ਕਰਦਾ ਰਿਹਾ। 2001 ਵਿਚ ‘ਓਲੇਮ ਇੰਟਰਨੈਸ਼ਨਲ ਕੰਪਨੀ’ ਵਿਚ ਭਰਤੀ ਹੋ ਗਿਆ। ਉਥੇ ਉਸ ਨੇ ਬਹੁਤ ਤਨਦੇਹੀ ਨਾਲ ਕੰਮ ਕੀਤਾ ਤੇ ਕੰਪਨੀ ਦਾ ਕਾਰੋਬਾਰ ਵੱਡੀ ਮਾਤਰਾ ਵਿਚ ਵਧਾ ਦਿਤਾ। ਅਰਜਨਟੀਨਾ ਵਿਚ ਉਸ ਦਾ ਅਥਾਹ ਸਤਕਾਰ ਹੋਣ ਲੱਗ ਪਿਆ। ਅਰਜਨਟੀਨਾ ਵਿਚ ਉਸ ਦੀ ਕਾਬਲੀਅਤ ਦੀ ਧਾਂਕ ਜੰਮ ਗਈ। ਉਸ ਦੀ ਪ੍ਰਸ਼ੰਸਾ ਸੁਣ ਕੇ 2009 ਵਿਚ ਉਸ ਨੂੰ ਅਰਜਨਟੀਨਾ ਵਿਚ ਭਾਰਤ ਦਾ ਰਾਜਦੂਤ ਰੇਨਗਰਜ ਵਿਸ਼ਵਾਨਾਥਨ ਵਿਸ਼ੇਸ਼ ਤੌਰ ’ਤੇ ਮਿਲਣ ਆਇਆ। ਕਿਉਂਕਿ ਉਹ ਅਰਜਨਟੀਨਾ ਵਿਚ ਸਿਮਰਪਾਲ ਸਿੰਘ ਦੀ ਪ੍ਰਸ਼ੰਸਾ ਤੋਂ ਪ੍ਰਭਾਵਤ ਸੀ, ਇਸ ਲਈ ਉਸ ਨੂੰ ਮਿਲਣਾ ਚਾਹੁੰਦਾ ਸੀ। 2013 ਵਿਚ ਸਿਮਰਪਾਲ ਸਿੰਘ ਵਾਪਸ ਭਾਰਤ ਆ ਗਿਆ ਸੀ। ਭਾਰਤ ਵਿਚ ਉਸ ਨੇ ‘ਲੁਇਸ ਡਰੇਫਸ ਕੰਪਨੀ’ ਵਿਚ ਨੌਕਰੀ ਕਰ ਲਈ। ਇਥੇ ਵੀ ਉਸ ਨੇ ਕੰਪਨੀ ਵਿਚ ਅਨੇਕਾਂ ਸੁਧਾਰ ਕਰ ਕੇ ਉਸ ਦਾ ਵਪਾਰ ਵਧਾ ਦਿਤਾ, ਜਿਸ ਕਰ ਕੇ ਕੰਪਨੀ ਨੇ ਉਸ ਨੂੰ ਕੰਪਨੀ ਦਾ ਡਾਇਰੈਕਟਰ ਅਤੇ ਇੰਡੀਆ ਦਾ ਸੀ.ਈ.ਓ. ਬਣਾ ਦਿਤਾ। 2018 ਵਿਚ ਉਸ ਨੇ ‘ਕਾਫਕੋ ਇੰਟਰਨੈਸ਼ਨਲ ਇੰਡੀਆ’ ਜਾਇਨ ਕਰ ਲਈ। ਇਸ ਕੰਪਨੀ ਨੇ ਵੀ ਉਸ ਨੂੰ ਕੰਪਨੀ ਦਾ ਸੀ.ਈ.ਓ. ਅਤੇ ਡਾਇਰੈਕਟਰ ਬਣਾ ਦਿਤਾ। ਉਨ੍ਹਾਂ ਦੱਸਿਆ ਕਿ ਉਹ 16 ਘੰਟੇ ਕੰਮ ਕਰਦੇ ਨੇ । ਉਹ ਨੈਸ਼ਨਲ ਕਾਉਂਸਲ ਫਾਰ ਐਗਰੀਕਲਚਰ ਕਮੇਟੀ ਆਫ਼ ਸੀ.ਆਈ.ਆਈ. ਅਤੇ ਸਸਟੇਨਏਬਲ ਐਗਰੀਕਲਚਰ ਟਾਸਕ ਫੋਰਸ ਆਫ਼ ਐਫ.ਆਈ.ਸੀ.ਸੀ.ਆਈ. ਦਾ ਮੈਂਬਰ ਹੈ। ਉਸ ਦਾ ਵਿਚਾਰ ਹੈ ਕਿ ਭਾਰਤ ਲਈ ਆਰਗੈਨਿਕ ਫ਼ਸਲਾਂ ਦਾ ਧੰਦਾ ਲਾਹੇਵੰਦ ਰਹੇਗਾ।