ਕੈਨੇਡਾ ਵਿਚ ਮਕਾਨਾਂ ਦੀ ਵਿਕਰੀ 26 ਫੀ ਸਦੀ ਵਧੀ
ਕੈਨੇਡਾ ਵਿਚ ਨਵੰਬਰ ਮਹੀਨੇ ਦੌਰਾਨ ਮਕਾਨਾਂ ਦੀ ਵਿਕਰੀ 26 ਫੀ ਸਦੀ ਵਧੀ ਅਤੇ 37,442 ਮਕਾਨ ਨਵੇਂ ਮਾਲਕਾਂ ਕੋਲ ਪੁੱਜ ਗਏ।;
ਟੋਰਾਂਟੋ : ਕੈਨੇਡਾ ਵਿਚ ਨਵੰਬਰ ਮਹੀਨੇ ਦੌਰਾਨ ਮਕਾਨਾਂ ਦੀ ਵਿਕਰੀ 26 ਫੀ ਸਦੀ ਵਧੀ ਅਤੇ 37,442 ਮਕਾਨ ਨਵੇਂ ਮਾਲਕਾਂ ਕੋਲ ਪੁੱਜ ਗਏ। ਨਵੰਬਰ 2023 ਵਿਚ ਇਹ ਅੰਕਡਾ 30 ਹਜ਼ਾਰ ਦਰਜ ਕੀਤਾ ਗਿਆ ਸੀ। ਕੈਨੇਡਾ ਰੀਅਲ ਅਸਟੇਟ ਐਸੋਸੀਏਸ਼ਨ ਨੇ ਦੱਸਿਆ ਕਿ ਗਰੇਟਰ ਵੈਨਕੂਵਰ, ਕੈਲਗਰੀ, ਗਰੇਟਰ ਟੋਰਾਂਟੋ ਅਤੇ ਮੌਂਟਰੀਅਲ ਸਣੇ ਉਨਟਾਰੀਓ ਤੇ ਐਲਬਰਟਾ ਦੇ ਕੁਝ ਛੋਟੇ ਸ਼ਹਿਰਾਂ ਵਿਚ ਵਿਕਰੀ ਵਧਣ ਸਦਕਾ ਬਿਹਤਰ ਅੰਕੜਾ ਦੇਖਣ ਨੂੰ ਮਿਲਿਆ ਹੈ।
ਨਵੰਬਰ ਮਹੀਨੇ ਦੌਰਾਨ ਵਿਕੇ 37,442 ਮਕਾਨ
ਅਕਤੂਬਰ ਮਹੀਨੇ ਦੌਰਾਨ ਵੀ ਸਾਲਾਨਾ ਆਧਾਰ ’ਤੇ ਮਕਾਨਾਂ ਦੀ ਵਿਕਰੀ ਵਿਚ 30 ਫੀ ਸਦੀ ਵਾਧਾ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਮਕਾਨਾਂ ਦੀ ਕੀਮਤ ਵਿਚ ਕੌਮੀ ਪੱਧਰ ’ਤੇ 7.4 ਫੀ ਸਦੀ ਵਾਧਾ ਹੋਇਆ ਅਤੇ ਇਕ ਮਕਾਨ ਦੀ ਔਸਤ ਕੀਮਤ 6 ਲੱਖ 94 ਹਜ਼ਾਰ ਡਾਲਰ ਦਰਜ ਕੀਤੀ ਗਈ। ਕੈਨੇਡਾ ਰੀਅਲ ਅਸਟੇਟ ਐਸੋਸੀਏਸ਼ਨ ਦੇ ਸੀਨੀਅਰ ਇਕੌਨੋਮਿਸਟ ਸ਼ੌਲ ਕੈਥਕਾਰਟ ਨੇ ਦੱਸਿਆ ਕਿ ਨਾ ਸਿਰਫ਼ ਵਿਕਰੀ ਵਿਚ ਵਾਧਾ ਹੋਇਆ ਹੈ ਸਗੋਂ ਬਾਜ਼ਾਰ ਵਿਚਲੇ ਹਾਲਾਤ ਮਜ਼ਬੂਤ ਹੁੰਦੇ ਮਹਿਸੂਸ ਹੋ ਰਹੇ ਹਨ।
ਕੀਮਤਾਂ ਵਿਚ ਵੀ ਹੋਇਆ 7.4 ਫ਼ੀ ਸਦੀ ਵਾਧਾ
ਪਿਛਲੇ ਡੇਢ ਸਾਲ ਦੌਰਾਨ ਪਹਿਲੀ ਵਾਰ ਕੌਮੀ ਪੱਧਰ ’ਤੇ ਕੀਮਤਾਂ ਦਾ ਤਸੱਲੀਬਖਸ਼ ਉਛਾਲ ਨਵੰਬਰ ਵਿਚ ਦੇਖਣ ਨੂੰ ਮਿਲਿਆ। ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਕੀਤੀ ਅੱਧਾ ਫੀ ਸਦੀ ਦੀ ਕਟੌਤੀ ਦੇ ਮੱਦੇਨਜ਼ਰ ਇਸ ਵਾਰ ਸਿਆਲ ਵਿਚ ਰੀਅਲ ਅਸਟੇਟ ਬਾਜ਼ਾਰ ਆਮ ਨਾਲੋਂ ਵਧੇਰੇ ਸਰਗਰਮ ਰਹਿ ਸਕਦਾ ਹੈ। ਦੂਜੇ ਪਾਸੇ ਵਿਕਣ ਲਈ ਆ ਰਹੀਆਂ ਨਵੀਆਂ ਜਾਇਦਾਦਾਂ ਦੀ ਗਿਣਤੀ ਵਿਚ ਅਕਤੂਬਰ ਦੇ ਮੁਕਾਬਲੇ 0.5 ਫ਼ੀ ਸਦੀ ਕਮੀ ਆਈ ਹੈ ਪਰ ਸਾਲਾਨਾ ਅੰਕੜਿਆਂ ਦੇ ਹਿਸਾਬ ਨਾਲ 8.9 ਫੀ ਸਦੀ ਵਾਧਾ ਹੋਇਆ ਹੈ।