ਸਿੱਖ ਧਰਮ ਵਿਚ 'ਤਨਖਾਹੀਆ' ਸ਼ਬਦ ਦਾ ਕੀ ਮਤਲਬ ਹੈ ?

ਤਨਖਾਹ ਲਾਉਣ ਦਾ ਮਕਸਦ ਵਿਅਕਤੀ ਨੂੰ ਗਲਤੀ ਦਾ ਅਹਿਸਾਸ ਕਰਵਾ ਕੇ ਪੰਥਕ ਅਨੁਸ਼ਾਸਨ ਵਿੱਚ ਵਾਪਸ ਲਿਆਉਣਾ ਹੈ, ਨਾ ਕਿ ਸਿਰਫ਼ ਸਜ਼ਾ ਦੇਣਾ।

By :  Gill
Update: 2025-07-07 11:14 GMT

ਧਾਰਮਿਕ ਤਨਖਾਹ (ਤਨਖ਼ਾਹ) ਲਾਉਣ ਦੀ ਪਰੰਪਰਾ ਸਿੱਖ ਧਰਮ ਵਿੱਚ ਪੁਰਾਣੀ ਅਤੇ ਵਿਲੱਖਣ ਅਹਿਮੀਅਤ ਰੱਖਦੀ ਹੈ। ਤਨਖਾਹ ਦਾ ਅਰਥ ਸਿੱਖ ਧਰਮ ਵਿੱਚ ਧਰਮ ਦੰਡ ਜਾਂ ਧਾਰਮਿਕ ਸਜ਼ਾ ਹੈ, ਜੋ ਕਿਸੇ ਵਿਅਕਤੀ ਵੱਲੋਂ ਸਿੱਖ ਰਹਿਤ ਮਰਿਆਦਾ ਜਾਂ ਗੁਰਮਤਿ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਦਿੱਤੀ ਜਾਂਦੀ ਹੈ।

ਇਤਿਹਾਸਕ ਪਿਛੋਕੜ:

ਤਨਖਾਹ ਸ਼ਬਦ ਦਾ ਮੂਲ ਅਰਥ ਤਨਖ਼ਾਹੀਏ ਤੋਂ ਆਉਂਦਾ ਹੈ, ਜਿਹੜਾ ਪਹਿਲਾਂ ਮੁਸਲਮਾਨ ਹਾਕਮਾਂ ਵੱਲੋਂ ਸਿੱਖਾਂ ਨੂੰ ਨੌਕਰੀ ਵਿੱਚ ਰੱਖਣ ਅਤੇ ਉਨ੍ਹਾਂ ਨੂੰ ਤਨਖਾਹ ਦੇਣ ਨਾਲ ਜੁੜਿਆ ਸੀ। ਪਰ ਜਦੋਂ ਕੁਝ ਸਿੱਖ ਹਾਕਮਾਂ ਦੀ ਨੌਕਰੀ ਕਰਦੇ, ਤਾਂ ਅਣਖੀਲੇ ਸਿੱਖਾਂ ਨੇ ਉਨ੍ਹਾਂ ਨੂੰ "ਤਨਖਾਹੀਏ" ਆਖਣਾ ਸ਼ੁਰੂ ਕਰ ਦਿੱਤਾ।

ਸਮੇਂ ਦੇ ਨਾਲ, ਇਹ ਸ਼ਬਦ ਉਸ ਵਿਅਕਤੀ ਲਈ ਵਰਤਿਆ ਜਾਣ ਲੱਗਾ, ਜੋ ਸਿੱਖ ਧਰਮ ਜਾਂ ਮਰਿਆਦਾ ਦੇ ਵਿਰੁੱਧ ਕੰਮ ਕਰੇ। ਅਜਿਹੇ ਵਿਅਕਤੀ ਨੂੰ ਪੰਥਕ ਤੌਰ 'ਤੇ "ਤਨਖਾਹੀਆ" ਕਰਾਰ ਦਿੱਤਾ ਜਾਂਦਾ ਹੈ ਅਤੇ ਉਸ ਉੱਤੇ ਤਨਖਾਹ ਲਾਈ ਜਾਂਦੀ ਹੈ।

ਸਿੱਖ ਰਹਿਤ ਮਰਿਆਦਾ ਅਨੁਸਾਰ, ਜੇ ਕੋਈ ਗੁਰਸਿੱਖ ਗਲਤੀ ਕਰ ਬੈਠੇ, ਤਾਂ ਉਹ ਸੰਗਤ ਵਿਚ ਹਾਜ਼ਰ ਹੋ ਕੇ ਆਪਣੀ ਭੁੱਲ ਬਖ਼ਸ਼ਵਾਉਣ ਲਈ ਤਨਖਾਹ ਮੰਗ ਸਕਦਾ ਹੈ। ਪਰ ਜੇਕਰ ਵਿਅਕਤੀ ਪੰਥਕ ਪੱਧਰ 'ਤੇ ਗੰਭੀਰ ਉਲੰਘਣਾ ਕਰੇ, ਤਾਂ ਅਕਾਲ ਤਖਤ ਸਾਹਿਬ ਜਾਂ ਹੋਰ ਤਖਤਾਂ ਤੋਂ ਤਨਖਾਹ ਲਾਈ ਜਾਂਦੀ ਹੈ।

ਤਨਖਾਹ ਲਾਉਣ ਦੀ ਵਿਧੀ:

ਤਨਖਾਹੀਏ ਨੂੰ ਆਮ ਤੌਰ 'ਤੇ ਧਾਰਮਿਕ ਸੇਵਾ, ਪਾਠ, ਸਿਮਰਨ, ਜਾਂ ਕੁਝ ਸਮਾਂ ਗੁਰਦੁਆਰੇ 'ਚ ਹਾਜ਼ਰੀ ਲਗਾਉਣ ਦੀ ਸਜ਼ਾ ਦਿੱਤੀ ਜਾਂਦੀ ਹੈ।

ਜਦ ਤੱਕ ਉਹ ਵਿਅਕਤੀ ਆਪਣੀ ਤਨਖਾਹ ਪੂਰੀ ਨਹੀਂ ਕਰਦਾ, ਉਸਨੂੰ ਪੰਥਕ ਮੰਚਾਂ 'ਤੇ ਹਾਜ਼ਰੀ ਦੀ ਆਗਿਆ ਨਹੀਂ ਹੁੰਦੀ।

ਤਨਖਾਹ ਲਾਉਣ ਦਾ ਮਕਸਦ ਵਿਅਕਤੀ ਨੂੰ ਗਲਤੀ ਦਾ ਅਹਿਸਾਸ ਕਰਵਾ ਕੇ ਪੰਥਕ ਅਨੁਸ਼ਾਸਨ ਵਿੱਚ ਵਾਪਸ ਲਿਆਉਣਾ ਹੈ, ਨਾ ਕਿ ਸਿਰਫ਼ ਸਜ਼ਾ ਦੇਣਾ।

ਸ੍ਰੀ ਅਕਾਲ ਤਖਤ ਸਾਹਿਬ ਪੰਥਕ ਅਧਿਕਾਰਤ ਧਰਮ ਅਦਾਲਤ ਹੈ, ਜਿੱਥੇ ਸਿੱਖ ਧਰਮ ਦੇ ਉਲੰਘਣ ਜਾਂ ਗੰਭੀਰ ਪੰਥਕ ਮਾਮਲਿਆਂ ਵਿੱਚ ਦੋਸ਼ੀ ਵਿਅਕਤੀਆਂ ਨੂੰ "ਤਨਖਾਹੀਆ" (ਧਾਰਮਿਕ ਸਜ਼ਾ) ਕਰਾਰ ਦਿੱਤਾ ਜਾਂਦਾ ਹੈ। 

Similar News