ਮੱਛੀ ਪਾਲਣ ਵਾਲਿਆਂ ਲਈ ਚਿਤਾਵਨੀ ਜਾਰੀ

ਦੱਸਿਆ ਕਿ ਬਰਸਾਤਾਂ ਦੇ ਮੌਸਮ ਦੌਰਾਨ ਤਲਾਅ ਨੂੰ ਨੱਕੋ ਨੱਕ ਨਹੀਂ ਭਰਨਾ ਚਾਹੀਦਾ। ਪਾਣੀ ਦੀ ਸਤਹ ਤੋਂ ਉੱਪਰ 1.5 ਤੋਂ 2.0 ਫੁੱਟ ਥਾਂ ਖਾਲੀ ਰੱਖਣੀ ਚਾਹੀਦੀ ਹੈ ਤਾਂ ਜੋ ਘਣੀ ਵਰਖਾ ਦਾ

By :  Gill
Update: 2025-06-13 07:36 GMT

ਮੋਗਾ : ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਇਸ ਲਈ ਮੱਛੀ ਕਾਸ਼ਤਕਾਰਾਂ ਅਤੇ ਮੱਛੀਆਂ ਨੂੰ ਕਿਸੇ ਵੀ ਸਕੰਟਕਾਲੀਨ ਸਥਿਤੀ ਤੋਂ ਸੁਰੱਖਿਅਤ ਰੱਖਣ ਲਈ ਵਿਭਾਗੀ ਐਡਵਾਈਜਰੀ ਜਾਰੀ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਮੋਗਾ ਰਸ਼ੂ ਮਹਿੰਦੀਰੱਤਾ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਦੌਰਾਨ ਤਲਾਅ ਨੂੰ ਨੱਕੋ ਨੱਕ ਨਹੀਂ ਭਰਨਾ ਚਾਹੀਦਾ। ਪਾਣੀ ਦੀ ਸਤਹ ਤੋਂ ਉੱਪਰ 1.5 ਤੋਂ 2.0 ਫੁੱਟ ਥਾਂ ਖਾਲੀ ਰੱਖਣੀ ਚਾਹੀਦੀ ਹੈ ਤਾਂ ਜੋ ਘਣੀ ਵਰਖਾ ਦਾ ਪਾਣੀ ਤਲਾਅ ਵਿੱਚ ਸਮਾ ਸਕੇ ਅਤੇ ਪਾਣੀ ਦੇ ਓਵਰ ਫਲੋ ਨਾਲ ਮੱਛੀ ਤਲਾਅ ਚੋਂ ਬਾਹਰ ਨਾ ਰੁੜ ਸਕੇ। ਤਲਾਅ ਦੇ ਬੰਨ੍ਹਾਂ ਦੀ ਉਚਾਈ ਦੇ ਆਸਪਾਸ ਇਲਾਕੇ ਦੇ ਹਿਸਾਬ ਨਾਲ ਇਸ ਪ੍ਰਕਾਰ ਰੱਖੋ ਕਿ ਤਲਾਅ ਦੇ ਆਲੇ-ਦੁਆਲੇ ਦੇ ਖੇਤਰ ਤੋਂ ਬਰਸਾਤੀ ਪਾਣੀ ਰੁੜ ਕੇ ਤਲਾਅ ਵਿੱਚ ਪ੍ਰਵੇਸ਼ ਨਾ ਕਰ ਸਕੇ। ਬਰਸਾਤਾਂ ਦੌਰਾਨ ਤਲਾਅ ਵਿੱਚ ਨਹਰੀ ਪਾਣੀ ਲਗਾਉਣ ਸਮੇਂ ਪਾਈਪ ਦੇ ਮੂੰਹ ਤੇ ਬਰੀਕ ਜਾਲੀ ਬੰਨ ਕੇ ਤਲਾਅ ਵਿੱਚ ਅਣਚਾਹੀ ਮੱਛੀ ਦੇ ਪ੍ਰਵੇਸ਼ ਨੂੰ ਰੋਕਿਆ ਜਾ ਸਕਦਾ ਹੈ। ਬਰਸਾਤ ਦੇ ਪਾਣੀ ਕਾਰਨ ਤਲਾਅ ਦੇ ਬੰਨ੍ਹਾਂ ਨੂੰ ਖੁਰਨ ਤੋਂ ਬਚਾਉਣ ਲਈ, ਬੰਨ੍ਹਾਂ ਦੇ ਅੰਦਰਲੀਆਂ ਅਤੇ ਬਾਹਰਲੀਆਂ ਢਲਾਣਾਂ ਤੇ ਘਾਹ ਜ਼ਰੂਰ ਲਗਾਉਣਾ ਚਾਹੀਦਾ ਹੈ ।

ਉਹਨਾਂ ਅੱਗੇ ਦੱਸਿਆ ਕਿ ਬੰਨ੍ਹਾਂ ਦੇ ਖੁਰ ਜਾਣ ਕਾਰਨ ਤਲਾਅ ਦਾ ਪਾਣੀ ਮੈਲਾ ਹੋ ਜਾਂਦਾ ਹੈ, ਜਿਸ ਕਰਕੇ ਪਾਣੀ ਵਿੱਚ ਸੂਰਜ ਦੀਆਂ ਕਿਰਨਾਂ ਦੇ ਪ੍ਰਵੇਸ਼ ਤੇ ਰੋਕ ਲੱਗਦੀ ਹੈ ਅਤੇ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਘੱਟ ਜਾਣ ਕਾਰਨ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਵੀ ਘੱਟ ਜਾਂਦੀ ਹੈ। ਤਲਾਅ ਦੇ ਬੰਨ੍ਹਾਂ ਤੇ ਚੂਨਾ ਖਿਲਾਰਨਾ ਚਾਹੀਦਾ ਹੈ, ਤਾਂ ਜੋ ਉਹ ਮੀਂਹ ਦੇ ਪਾਣੀ ਨਾਲ ਤਲਾਅ ਵਿੱਚ ਮਿਲ ਕੇ ਪਾਣੀ ਦਾ ਪੀ.ਐਚ. ਠੀਕ ਰੱਖੇ। ਬਰਸਾਤੀ ਮੌਸਮ ਦੌਰਾਨ ਲਗਾਤਾਰ ਬੱਦਲਵਾਹੀ ਦੀ ਸੂਰਤ ਵਿੱਚ ਮੱਛੀ ਨੂੰ ਖੁਰਾਕ ਪਾਉਣੀ ਬੰਦ ਕਰ ਦਿਓ, ਮੌਸਮ ਠੀਕ ਹੋ ਜਾਣ ਤੇ ਹੀ ਮੱਛੀ ਨੂੰ ਖੁਰਾਕ ਪਾਉਣੀ ਸ਼ੁਰੂ ਕਰੋ।

ਉਹਨਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਦੀ ਤਕਨੀਕੀ ਸਲਾਹ ਲਈ ਮੱਛੀ ਪਾਲਣ ਵਿਭਾਗ, ਮੋਗਾ ਨੂੰ ਸੰਪਰਕ ਕੀਤਾ ਜਾਵੇ ।

ਪੰਜਾਬ: Warning issued for fish farmers


Tags:    

Similar News