ਵਕਫ਼ ਸੋਧ ਬਿੱਲ ਵਿਰੋਧੀ ਹਿੰਸਕ ਪ੍ਰਦਰਸ਼ਨ, ਰੇਲਗੱਡੀਆਂ 'ਤੇ ਪੱਥਰਬਾਜ਼ੀ
ਸਥਿਤੀ ਉਤੇ ਕਾਬੂ ਪਾਉਣ ਲਈ ਬੀਐਸਐਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਮੁਰਸ਼ਿਦਾਬਾਦ, ਪੱਛਮੀ ਬੰਗਾਲ – ਵਕਫ਼ ਸੋਧ ਬਿੱਲ ਦੇ ਵਿਰੋਧ ਵਿੱਚ ਮੁਰਸ਼ਿਦਾਬਾਦ 'ਚ ਹਿੰਸਾ ਇੱਕ ਵਾਰੀ ਫਿਰ ਭੜਕ ਉੱਠੀ। ਸ਼ੁੱਕਰਵਾਰ ਦਿਉਸ ਵਜੋਂ ਸ਼ਰਾਰਤੀ ਤੱਤਾਂ ਨੇ ਪੁਲਿਸ ਅਤੇ ਰੇਲਗੱਡੀ 'ਤੇ ਪੱਥਰ ਸੁੱਟੇ, ਜਿਸ ਕਾਰਨ ਰੇਲ ਸੇਵਾਵਾਂ ਨੂੰ ਕਾਫ਼ੀ ਨੁਕਸਾਨ ਹੋਇਆ। ਸਥਿਤੀ ਉਤੇ ਕਾਬੂ ਪਾਉਣ ਲਈ ਬੀਐਸਐਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਪੂਰਬੀ ਰੇਲਵੇ ਦੇ ਅਧਿਕਾਰੀਆਂ ਅਨੁਸਾਰ, ਰੁਕਾਵਟ ਦੁਪਹਿਰ 2:46 ਵਜੇ ਸ਼ੁਰੂ ਹੋਈ, ਜਦੋਂ ਲਗਭਗ 5,000 ਪ੍ਰਦਰਸ਼ਨਕਾਰੀ ਇੱਕ ਲੈਵਲ ਕਰਾਸਿੰਗ ਗੇਟ 'ਤੇ ਪਟੜੀਆਂ 'ਤੇ ਬੈਠ ਗਏ। ਉਨ੍ਹਾਂ ਨੇ ਇੱਕ ਹੋਰ ਲੈਵਲ ਕਰਾਸਿੰਗ ਗੇਟ ਨੂੰ ਵੀ ਨੁਕਸਾਨ ਪਹੁੰਚਾਇਆ। ਧੂਲੀਅਨਗੰਗਾ ਤੇ ਨਿਮਟੀਟਾ ਸਟੇਸ਼ਨਾਂ ਵਿਚਕਾਰ ਟ੍ਰੈਕ ਤੋੜਨ ਕਾਰਨ ਨਿਊ ਫਰੱਕਾ–ਅਜ਼ੀਮਗੰਜ ਰੇਲ ਮਾਰਗ ਪ੍ਰਭਾਵਿਤ ਹੋਇਆ।
ਇਸ ਹੰਗਾਮੇ ਦੇ ਚਲਦਿਆਂ ਕਈ ਟ੍ਰੇਨਾਂ ਨੂੰ ਰੱਦ ਜਾਂ ਮੋੜਿਆ ਗਿਆ। ਹਾਵੜਾ–ਮਾਲਦਾ ਇੰਟਰਸਿਟੀ ਐਕਸਪ੍ਰੈੱਸ, ਸੀਲਦਾਹ–ਨਿਊ ਅਲੀਪੁਰਦੁਆਰ ਤੀਸਤਾ ਟੋਰਸਾ ਐਕਸਪ੍ਰੈੱਸ, ਕਾਮਾਖਿਆ–ਪੁਰੀ ਐਕਸਪ੍ਰੈੱਸ ਅਤੇ ਬਲੂਰਘਾਟ–ਨਬਦੀਪ ਧਾਮ ਐਕਸਪ੍ਰੈੱਸ ਨੂੰ ਰਾਮਪੁਰਹਾਟ ਰਾਹੀਂ ਮੋੜਣਾ ਪਿਆ। ਅਜ਼ੀਮਗੰਜ–ਭਾਗਲਪੁਰ ਅਤੇ ਕਟਵਾ–ਅਜ਼ੀਮਗੰਜ ਪੈਸੇਂਜਰ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ। ਕੁਝ ਹੋਰ ਯਾਤਰੀ ਟ੍ਰੇਨਾਂ ਨੂੰ ਆਪਣੀ ਮੰਜ਼ਿਲ ਤੋਂ ਪਹਿਲਾਂ ਹੀ ਰੋਕਣਾ ਪਿਆ।
ਵਕਫ਼ ਸੋਧ ਬਿੱਲ ਵਿਰੁੱਧ ਜ਼ੋਰਦਾਰ ਵਿਰੋਧ
ਬੀਐਸਐਫ ਦੇ ਦੱਖਣੀ ਬੰਗਾਲ ਫਰੰਟੀਅਰ ਨੇ ਦੱਸਿਆ ਕਿ ਮੁਰਸ਼ਿਦਾਬਾਦ ਦੇ ਜੰਗੀਪੁਰ 'ਚ ਭੀੜ ਵਕਫ਼ ਸੋਧ ਬਿੱਲ ਦੇ ਵਿਰੋਧ ਵਿੱਚ ਇਕੱਠੀ ਹੋਈ। ਜਦ ਸਥਿਤੀ ਬੇਕਾਬੂ ਹੋਈ, ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਬੀਐਸਐਫ ਤੋਂ ਮਦਦ ਮੰਗੀ। ਬੀਐਸਐਫ ਨੇ ਸਥਿਤੀ ਸੰਭਾਲਣ ਲਈ ਤੁਰੰਤ ਦਸਤਿਆਂ ਨੂੰ ਤਾਇਨਾਤ ਕੀਤਾ।
ਇਸ ਤੋਂ ਪਹਿਲਾਂ ਵੀ ਬੁੱਧਵਾਰ ਨੂੰ ਇਥੇ ਹਿੰਸਕ ਪ੍ਰਦਰਸ਼ਨ ਹੋਇਆ ਸੀ, ਜਿਸ ਵਿੱਚ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਵਕਫ਼ ਸੋਧ ਬਿੱਲ 2025: ਇਤਰਾਜ਼ਾਂ ਦੀ ਵਜ੍ਹਾ
ਮੁਸਲਿਮ ਸੰਗਠਨਾਂ ਅਤੇ ਵਿਰੋਧੀ ਧਿਰ ਵੱਲੋਂ ਨਵੇਂ ਵਕਫ਼ ਕਾਨੂੰਨ ਨੂੰ ਮੁਸਲਿਮ ਵਿਰੋਧੀ ਦੱਸਿਆ ਜਾ ਰਿਹਾ ਹੈ। ਬਿੱਲ ਵਿੱਚ ਵਕਫ਼ ਜਾਇਦਾਦਾਂ ਦੀ ਰਜਿਸਟ੍ਰੇਸ਼ਨ, ਨਿਗਰਾਨੀ ਅਤੇ ਪ੍ਰਬੰਧਨ ਨੂੰ ਡਿਜੀਟਲ ਅਤੇ ਪਾਰਦਰਸ਼ੀ ਬਣਾਉਣ ਦੀ ਗੱਲ ਕੀਤੀ ਗਈ ਹੈ। ਪਰ ਵਿਰੋਧੀਆਂ ਦਾ ਦਾਅਵਾ ਹੈ ਕਿ ਇਸ ਰਾਹੀਂ ਸਰਕਾਰ ਧਾਰਮਿਕ ਸੰਸਥਾਵਾਂ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ।
ਕਾਨੂੰਨ ਅਨੁਸਾਰ, ਹੁਣ ਗੈਰ-ਮੁਸਲਮਾਨ ਅਤੇ ਸਰਕਾਰੀ ਅਧਿਕਾਰੀ ਵੀ ਵਕਫ਼ ਬੋਰਡ ਜਾਂ ਇਸ ਦੀ ਜਾਇਦਾਦ ਦੀ ਜਾਂਚ ਵਿੱਚ ਸ਼ਾਮਲ ਹੋ ਸਕਣਗੇ। ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਸੰਵਿਧਾਨ ਦੇ ਧਾਰਮਿਕ ਆਜ਼ਾਦੀ ਨਾਲ ਜੁੜੇ ਅਨੁਛੇਦ 25 ਅਤੇ 26 ਦੀ ਉਲੰਘਣਾ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਕਾਨੂੰਨ ਵਕਫ਼ ਜਾਇਦਾਦਾਂ ਨੂੰ ਖਤਰੇ ਵਿੱਚ ਪਾ ਦੇਵੇਗਾ, ਜਿਨ੍ਹਾਂ ਰਾਹੀਂ ਮਸਜਿਦਾਂ, ਸਕੂਲਾਂ ਅਤੇ ਕਬਰਿਸਤਾਨਾਂ ਲਈ ਸਹੂਲਤਾਂ ਮਿਲਦੀਆਂ ਹਨ।
ਮਮਤਾ ਬੈਨਰਜੀ, ਅਸਦੁਦੀਨ ਓਵੈਸੀ ਅਤੇ ਕਾਂਗਰਸ ਆਗੂਆਂ ਨੇ ਵੀ ਇਸ ਬਿੱਲ ਦੀ ਸਖ਼ਤ ਆਲੋਚਨਾ ਕੀਤੀ ਹੈ।