ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨਿਊਯਾਰਕ ਸਿਟੀ ਅਪਾਰਟਮੈਂਟ ਇਮਾਰਤ ਵਿੱਚ ਹੋਈ ਗੋਲੀਬਾਰੀ ਵਿੱਚ 2 ਮੌਤਾਂ ਹੋਣ ਤੇ ਇਕ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਪ੍ਰਤੱਖ ਤੌਰ 'ਤੇ ਹੱਤਿਆ ਤੇ ਖੁਦਕੁੱਸ਼ੀ ਦਾ ਮਾਮਲਾ ਹੈ। ਸੂਚਨਾ ਮਿਲਣ 'ਤੇ ਪੁਲਿਸ ਅਫਸਰ ਸਵੇਰੇ 8 ਵਜੇ ਦੇ ਕਰੀਬ ਇਮਾਰਤ ਵਿੱਚ ਪੁੱਜੇ ਜਿਥੇ ਇੱਕ 55 ਸਾਲਾ ਵਿਅਕਤੀ ਦੇ ਸਿਰ ਵਿੱਚ ਗੋਲੀ ਵੱਜੀ ਹੋਈ ਸੀ ਤੇ ਇਕ 59 ਸਾਲਾ ਔਰਤ ਦੇ ਵੀ ਸਿਰ ਵਿੱਚ ਗੋਲੀ ਵੱਜੀ ਹੋਈ ਸੀ। ਇਨਾਂ ਦੋਨਾਂ ਨੂੰ ਮੌਕੇ ਉਪਰ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦ ਕਿ ਇੱਕ 86 ਸਾਲਾ ਔਰਤ ਜਿਸ ਦੇ ਚੇਹਰੇ 'ਤੇ ਗੋਲੀ ਵੱਜੀ ਸੀ, ਨੂੰ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਨਸਾਰ ਉਸ ਦੀ ਹਾਲਤ ਗੰਭੀਰ ਪਰ ਸਥਿੱਰ ਹੈ। ਪੁਲਿਸ ਨੇ ਪੀੜਤਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ। ਪੁਲਿਸ ਅਨੁਸਾਰ ਹਾਲਾਂ ਕਿ ਮਾਮਲਾ ਜਾਂਚ ਅਧੀਨ ਹੈ ਪਰੰਤੂ ਲੱਗਦਾ ਹੈ ਕਿ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਔਰਤਾਂ ਨੂੰ ਗੋਲੀਆਂ ਮਾਰੀਆਂ ਹਨ। ਇਹ ਵਿਅਕਤੀ 23 ਸਾਲ ਪੁਲਿਸ ਫੋਰਸ ਦਾ ਹਿੱਸਾ ਰਿਹਾ ਹੈ। ਮੌਕੇ ਤੋਂ ਇੱਕ ਹਥਿਆਰ ਵੀ ਬਰਾਮਦ ਹੋਇਆ ਹੈ।