ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਦੀ ਯਾਦ ਵਿੱਚ 16 ਨਵੰਬਰ ਨੂੰ ਐਬਸਫੋਰਡ ਵਿਖੇ ਸ਼ਰਧਾਂਜਲੀ ਸਮਾਗਮ
ਗੁਰਮਤਿ ਸਮਾਗਮਾਂ ਦੀ ਲੜੀ ਚਲਾਉਣ ਵਾਲੇ ਗੁਰਮੁਖ ਪਿਆਰੇ ਵਿਦਵਾਨ ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ 22 ਅਕਤੂਬਰ 2025 ਨੂੰ ਬਰੈਂਪਟਨ, ਕੈਨੇਡਾ ਵਿਖੇ ਸੱਚਖੰਡ ਜਾ ਬਿਰਾਜੇ ਸਨ।
ਐਬਸਫੋਰਡ (ਡਾ ਗੁਰਵਿੰਦਰ ਸਿੰਘ) ਕੈਨੇਡਾ 'ਚ ਪੰਜਾਬੀ ਬੋਲੀ ਦੇ ਬੂਟੇ ਨੂੰ ਪ੍ਰਫੁੱਲਿਤ ਕਰਨ ਵਾਲੇ, ਗੁਰਮਤਿ ਕੈਂਪਾਂ ਰਾਹੀਂ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਨ ਵਾਲੇ, ਕੈਨੇਡਾ ਅਤੇ ਪੰਜਾਬ ਵਿੱਚ ਗੁਰਮਤਿ ਸਮਾਗਮਾਂ ਦੀ ਲੜੀ ਚਲਾਉਣ ਵਾਲੇ ਗੁਰਮੁਖ ਪਿਆਰੇ ਵਿਦਵਾਨ ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ 22 ਅਕਤੂਬਰ 2025 ਨੂੰ ਬਰੈਂਪਟਨ, ਕੈਨੇਡਾ ਵਿਖੇ ਸੱਚਖੰਡ ਜਾ ਬਿਰਾਜੇ ਸਨ। ਉਹਨਾਂ ਦੀ ਯਾਦ ਵਿੱਚ 16 ਨਵੰਬਰ, ਐਤਵਾਰ ਨੂੰ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਸਫੋਰਡ ਵਿਖੇ, ਸਵੇਰੇ 10.30 ਵਜੇ ਸ਼ਰਧਾਂਜਲੀ ਸਮਾਗਮ ਕੀਤੇ ਜਾ ਰਹੇ ਹਨ, ਜਿੱਥੇ ਸਭ ਸੰਗਤਾਂ ਨੂੰ ਵੱਧ ਚੜ ਕੇ ਪਹੁੰਚਣ ਲਈ ਸੱਦਾ ਹੈ।
ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਦੀ ਉਮਰ ਕਰੀਬ ਸਾਢੇ 88 ਵਰਿਆਂ ਦੀ ਸੀ। ਆਪ ਪੰਜਾਬ ਤੋਂ ਪਿੰਡ ਬੱਧਨੀ ਗੁਲਾਬ ਸਿੰਘ, ਜਿਲ੍ਹਾ ਫਿਰੋਜ਼ਪੁਰ ਦੇ ਜੰਮਪਲ ਸਨ ਅਤੇ ਵੱਖ ਵੱਖ ਪਿੰਡਾਂ 'ਚ ਸਕੂਲ ਹੈਡਮਾਸਟਰ ਦੀ ਸੇਵਾ ਨਿਭਾਉਂਦੇ ਰਹੇ। ਆਪ ਨੇ 80ਵਿਆਂ ਚ ਕੈਨੇਡਾ ਆ ਕੇ ਪਹਿਲਾਂ ਵੈਨਕੂਵਰ 'ਚ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵਿਖੇ ਸਕੂਲ ਚ ਪੜਾਉਣ ਦੀ ਸੇਵਾ ਕੀਤੀ ਅਤੇ ਮਗਰੋਂ ਦਸ਼ਮੇਸ਼ ਪੰਜਾਬੀ ਸਕੂਲ ਐਬਸਫੋਰਡ ਵਿਖੇ ਸੇਵਾਵਾਂ ਨਿਭਾਈਆਂ। ਆਪ 1999 'ਚ ਟੋਰਾਂਟੋ ਚਲੇ ਗਏ ਸਨ ਤੇ ਉੱਥੇ ਜਾ ਕੇ ਵੀ ਵਿਦਿਅਕ ਪਸਾਰ ਦੀਆਂ ਸੇਵਾਵਾਂ ਜਾਰੀ ਰੱਖੀਆਂ।
ਪ੍ਰਿੰਸੀਪਲ ਸਾਹਿਬ ਨੇ ਕਈ ਕਿਤਾਬਾਂ ਲਿਖੀਆਂ ਅਤੇ ਅਖੀਰਲੇ ਸਵਾਸ ਤੱਕ ਸਿੱਖੀ ਪ੍ਰਚਾਰ ਨੂੰ ਸਮਰਪਿਤ ਰਹੇ। ਪ੍ਰਿੰਸੀਪਲ ਸਾਹਿਬ ਵੱਲੋਂ ਦਿੱਤੀ ਜਾਂਦੀ ਹੱਲਾਸ਼ੇਰੀ ਹਮੇਸ਼ਾ ਲਈ ਪ੍ਰੇਰਨਾ ਸਰੋਤ ਬਣੀ ਰਹੇਗੀ। ਅਜਿਹੀਆਂ ਮਹਾਨ ਰੂਹਾਂ ਸਦਾ ਹੀ ਮਾਰਗਦਰਸ਼ਨ ਕਰਦੀਆਂ ਰਹਿੰਦੀਆਂ ਹਨ। ਆਪ ਜੀ ਆਪਣੇ ਪਿੱਛੇ ਦੋ ਪੁੱਤ, ਇੱਕ ਧੀ ਸਮੇਤ ਵੱਡਾ ਪਰਿਵਾਰ ਅਤੇ ਅਨੇਕਾਂ ਵਿਦਿਆਰਥੀ ਤੇ ਗੁਰਸਿੱਖ ਪ੍ਰੇਮੀ ਛੱਡ ਗਏ ਹਨ। ਉਹਨਾਂ ਦਾ ਸਸਕਾਰ ਬਰੈਂਪਟਨ ਵਿਖੇ ਬੀਤੇ ਦਿਨੀ ਕਰ ਦਿੱਤਾ ਗਿਆ ਸੀ।
ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਜੀ ਦੇ ਨਮਿੱਤ ਵੈਨਕੂਵਰ ਏਰੀਏ ਦੀਆਂ ਵਿਦਿਅਕ ਅਤੇ ਸਿੱਖ ਸੰਸਥਾਵਾਂ ਵੱਲੋਂ ਰੱਖੇ ਗਏ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਸਿੱਖ ਸੰਗਤਾਂ ਅਤੇ ਪੰਜਾਬੀ ਮਾਂ ਬੋਲੀ ਦੇ ਹਤੈਸ਼ੀਆਂ ਨੂੰ ਵੱਧ ਚੜ ਕੇ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।