ਕੈਨੇਡਾ ਆਉਣ ਵਾਲੇ ਸਟੂਡੈਂਟਾਂ ਦੀ ਸੁਖਮਨੀ ਨਾਂ ਦੀ ਸੰਸਥਾ ਇੰਝ ਕਰਦੀ ਹੈ ਮਦਦ

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਾਲੀ ਮਦਦ ਤੋਂ ਇਲਾਵਾ ਹੋਰ ਵੀ ਕੀਤੀ ਜਾਂਦੀ ਸਹਾਇਤਾ, ਵੱਡੇ ਪੰਜਾਬੀ ਕਾਰੋਬਾਰੀ, ਵਕੀਲ ਅਤੇ ਕਈ ਹੋਰ ਲੋਕ ਕਰ ਰਹੇ ਨੇ ਦਿਲ ਖੋਲ ਕੇ ਮਦਦ

Update: 2025-09-15 16:08 GMT

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਕੰਮ ਕਰ ਰਹੀ ਸੰਸਥਾ ਸੁਖਮਨੀ ਹੈਵਨ ਵੱਲੋਂ ਵਰਸਾਇਲਸ ਕਨਵੈਨਸ਼ਨ ਸੈਂਟਰ 'ਚ ਗਾਲਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਫੰਡਜ਼ ਇਕੱਠੇ ਕੀਤੇ ਗਏ ਅਤੇ ਮਹਿਮਾਨਾਂ ਲਈ ਖਾਣ-ਪੀਣ ਦੇ ਨਾਲ-ਨਾਲ ਕਈ ਰੰਗਾਰੰਗ ਪੇਸ਼ਕਾਰੀਆਂ ਦਾ ਪ੍ਰਬੰਧ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੇ ਰਜਿਸਟ੍ਰੇਸ਼ਨ ਨਾਲ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੇ ਸੁਖਮਨੀ ਹੈਵਨ ਦੀ ਟੀਮ ਨਾਲ ਮੁਲਾਕਾਤ ਕੀਤੀ। ਸੁਖਮਨੀ ਹੈਵਨ ਸੰਸਥਾ ਦੇ ਟੀਮ ਮੈਂਬਰਾਂ 'ਚ ਦੀਪਾ ਮੱਟੂ, ਲਵਲੀ ਵਿਰਦੀ, ਸਤਵਿੰਦਰ ਗੋਸਲ, ਪਵਨਜੀਤ ਗਰੇਵਾਲ, ਭਗਵਾਨ ਗਰੇਵਾਲ, ਡਾ. ਗੁਰਚਰਨ ਸਿਆਨ ਅਤੇ ਹਰਲੀਨ ਬਾਜਵਾ ਸ਼ਾਮਲ ਹਨ। ਸੰਸਥਾ ਦੇ ਚੇਅਰ ਬਲਜੀਤ ਸਿਕੰਦ ਨੇ ਦੱਸਿਆ ਕਿ ਇਹ ਗਾਲਾ ਸਮਾਗਮ ਦੂਜੀ ਵਾਰ ਆਯੋਜਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਸਮਾਜ ਵੱਲੋਂ ਮਿਲ ਰਹੇ ਪਿਆਰ ਅਤੇ ਸਹਿਯੋਗ ਲਈ ਲੋਕਾਂ ਦਾ ਧੰਨਵਾਦ ਕੀਤਾ।

ਸਟੇਜ ਦੀ ਸੰਭਾਲ ਹਰਲੀਨ ਬਾਜਵਾ ਨੇ ਕੀਤੀ ਜਿੰਨ੍ਹਾਂ ਨੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸੈਨੇਟਰ ਬਲਜੀਤ ਸਿੰਘ ਢਿੱਲੋਂ ਦੇ ਵੀਡੀਓ ਸੰਦੇਸ਼ ਨਾਲ ਹੋਈ ਜਿਸ 'ਚ ਉਨ੍ਹਾਂ ਨੇ ਸੰਸਥਾ ਦੀ ਪ੍ਰਸ਼ੰਸਾ ਕੀਤੀ ਅਤੇ ਹੋਰਨਾਂ ਨੂੰ ਵੀ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸਮਾਗਮ 'ਚ ਉਹ ਵਿਦਿਆਰਥੀ ਵੀ ਸ਼ਾਮਲ ਸਨ ਜਿੰਨ੍ਹਾਂ ਦੀ ਮਦਦ ਸੁਖਮਨੀ ਹੈਵਨ ਵੱਲੋਂ ਕੀਤੀ ਗਈ ਹੈ। ਅਪਰਾਜਿਤਾ ਮੋਂਗਾ ਨੇ ਭਾਸ਼ਣ ਰਾਹੀਂ ਆਪਣੇ ਤਜ਼ਰਬੇ ਸਾਂਝੇ ਕੀਤੇ ਜਦਕਿ ਅਕਰਮ ਖਾਨ ਨੇ ਦੱਸਿਆ ਕਿ ਉਸ ਦੀ ਸਿੱਖਿਆ ਜਾਰੀ ਰੱਖਣ ਲਈ ਸੰਸਥਾ ਵੱਲੋਂ ਕਿਵੇਂ ਸਹਾਇਤਾ ਕੀਤੀ ਗਈ। ਮੁੱਖ ਸਪੀਕਰ ਵਜੋਂ ਚਾਰਮੇਨ ਵਿਲੀਅਮਜ਼ (ਓਨਟਾਰੀਓ ਦੇ ਮਹਿਲਾ ਸਮਾਜਿਕ ਅਤੇ ਆਰਥਿਕ ਮੌਕੇ ਦੇ ਐਸੋਸੀਏਟ ਮੰਤਰੀ ਹੋਣ ਦੇ ਨਾਲ-ਨਾਲ ਬਰੈਂਪਟਨ ਸੈਂਟਰ ਦੀ ਐੱਮਪੀਪੀ) ਨੇ ਹਾਜ਼ਰੀ ਭਰੀ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਆਈਆਂ ਕੁੜੀਆਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸੁਖਮਨੀ ਹੈਵਨ ਵਰਗੀਆਂ ਸੰਸਥਾਵਾਂ ਉਨ੍ਹਾਂ ਲਈ ਸਹਾਰਾ ਬਣਦੀਆਂ ਹਨ।

ਬਰੈਂਪਟਨ ਅਤੇ ਟੋਰਾਂਟੋ ਦੇ ਕਈ ਉੱਘੇ ਕਾਰੋਬਾਰੀ ਅਤੇ ਵਕੀਲ, ਜਿਵੇਂ ਕਿ ਬੀਰਦਵਿੰਦਰ ਸਿੰਘ ਦਿਓਲ, ਯਾਦਵਿੰਦਰ ਟੂਰ, ਹਰਮਿੰਦਰ ਢਿੱਲੋਂ, ਸ਼ਾਨ ਦੰਦੀਵਾਲ ਅਤੇ ਟੋਰਾਂਟੋ ਦੇ ਉੱਘੇ ਵਕੀਲ ਲਵਜੋਤ ਸਿੰਘ ਭੁੱਲਰ ਵੀ ਸਮਾਗਮ 'ਚ ਪਹੁੰਚੇ। ਇਸ ਮੌਕੇ ਸਪਾਂਸਰਾਂ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਪੇਟਿੰਗਜ਼ ਦੀ ਬੋਲੀ ਰਾਹੀਂ ਵੀ ਫੰਡ ਇਕੱਠੇ ਕੀਤੇ ਗਏ ਜੋ ਵਿਦਿਆਰਥੀਆਂ ਦੀ ਸਹਾਇਤਾ ਲਈ ਵਰਤੇ ਜਾਣਗੇ। ਆਖਿਰ 'ਚ ਗੀਤ, ਕਵਿਤਾਵਾਂ ਅਤੇ ਗਿੱਧਾ ਵਰਗੀਆਂ ਰੰਗਾਰੰਗ ਪੇਸ਼ਕਾਰੀਆਂ ਹੋਈਆਂ। ਵਿਸ਼ੇਸ਼ ਤੌਰ 'ਤੇ ਮਿਸੀਸਾਗਾ ਸੀਨੀਅਰ ਕਲੱਬ ਦੀਆਂ ਔਰਤਾਂ ਵੱਲੋਂ ਪਾਇਆ ਗਿਆ ਗਿੱਧਾ ਮਹਿਮਾਨਾਂ ਨੂੰ ਖੂਬ ਭਾਇਆ। 

Tags:    

Similar News