ਆਈਸੀਸੀ ਦਾ ਇਹ ਫੈਸਲਾ ਯਹੂਦੀ ਵਿਰੋਧੀ ਹੈ: ਪ੍ਰਧਾਨ ਮੰਤਰੀ ਨੇਤਨਯਾਹੂ
ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਰੁੱਧ ਯੁੱਧ ਅਪਰਾਧ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਦੋਸ਼ਾਂ ਤਹਿਤ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਪਹਿਲੀ ਵਾਰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਕਿਸੇ ਸੀਨੀਅਰ ਇਜ਼ਰਾਇਲੀ ਅਧਿਕਾਰੀ ਖਿਲਾਫ ਅਜਿਹੀ ਕਾਰਵਾਈ ਕੀਤੀ ਹੈ। ਇਸ ਫੈਸਲੇ ਦੇ ਕੁਝ ਘੰਟਿਆਂ ਬਾਅਦ ਹੀ ਬੈਂਜਾਮਿਨ ਨੇਤਨਯਾਹੂ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਆਈਸੀਸੀ ਦਾ ਇਹ ਫੈਸਲਾ ਯਹੂਦੀ ਵਿਰੋਧੀ ਹੈ।
ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ, ਬੈਂਜਾਮਿਨ ਨੇਤਨਯਾਹੂ ਨੇ ਕਿਹਾ, ਹੇਗ ਦੀ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦਾ ਇਹ ਯਹੂਦੀ ਵਿਰੋਧੀ ਫੈਸਲਾ ਇੱਕ ਆਧੁਨਿਕ ਡਰੇਫਸ ਮੁਕੱਦਮੇ ਵਾਂਗ ਹੈ। ਇਸ ਦਾ ਅੰਤ ਵੀ ਇਹੀ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਡਰੇਫਸ ਟ੍ਰਾਇਲ 1894 ਵਿੱਚ ਫਰਾਂਸੀਸੀ ਮਿਲਟਰੀ ਦੇ ਇੱਕ ਯਹੂਦੀ ਫੌਜੀ ਅਫਸਰ ਦੇ ਖਿਲਾਫ ਚਲਾਇਆ ਗਿਆ ਇੱਕ ਕੇਸ ਸੀ। ਕਿਹਾ ਜਾਂਦਾ ਹੈ ਕਿ ਉਸ ਨੂੰ ਸਿਆਸੀ ਭ੍ਰਿਸ਼ਟਾਚਾਰ ਕਾਰਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਫੌਜੀ ਅਧਿਕਾਰੀ 'ਤੇ ਫਰਾਂਸੀਸੀ ਫੌਜ ਦੇ ਗੁਪਤ ਦਸਤਾਵੇਜ਼ ਲੀਕ ਕਰਨ ਦਾ ਦੋਸ਼ ਸੀ। ਬਾਅਦ ਵਿਚ ਉਹ ਨਿਰਦੋਸ਼ ਪਾਇਆ ਗਿਆ ਅਤੇ ਫ਼ਰਾਂਸ ਦੀ ਫ਼ੌਜ ਵਿਚ ਦੁਬਾਰਾ ਅਫ਼ਸਰ ਬਣ ਗਿਆ।
ਆਈਸੀਸੀ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਯੋਵ ਗੈਲੈਂਟ 'ਤੇ ਮਨੁੱਖਤਾ ਵਿਰੁੱਧ ਅਪਰਾਧ, ਕਤਲ, ਤਸ਼ੱਦਦ ਅਤੇ ਅਣਮਨੁੱਖੀ ਗਤੀਵਿਧੀਆਂ ਦਾ ਦੋਸ਼ ਲਗਾਇਆ ਹੈ। ਅਦਾਲਤ ਨੇ ਕਿਹਾ ਹੈ ਕਿ ਭੁੱਖਮਰੀ ਨੂੰ ਵੀ ਜੰਗ ਦਾ ਹਥਿਆਰ ਬਣਾ ਦਿੱਤਾ ਗਿਆ ਹੈ। ਨੇਤਨਯਾਹੂ ਨੇ ਕਿਹਾ, ਫਰਾਂਸ ਦੇ ਜੱਜ ਦੀ ਅਗਵਾਈ ਵਾਲੀ ਅਦਾਲਤ ਨੇ ਇਕ ਵਾਰ ਫਿਰ ਗਲਤੀ ਕੀਤੀ ਹੈ। ਅਦਾਲਤ ਝੂਠੇ ਦੋਸ਼ ਲਗਾ ਰਹੀ ਹੈ। ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਆਮ ਨਾਗਰਿਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।