ਭਾਜਪਾ ਵਲੋਂ ਵੋਟਾਂ ਕੱਟਣ ਅਤੇ ਜਾਅਲੀ ਵੋਟਾਂ ਪਾਉਣ ਦਾ ਕੰਮ ਵੱਡੇ ਪੱਧਰ 'ਤੇ ਸ਼ੁਰੂ : ਕੇਜਰੀਵਾਲ
ਕਹੋ ਕਿ ਤੁਸੀਂ ਭਾਜਪਾ ਦੇ ਵੋਟਰ ਹੋ; ਕੇਜਰੀਵਾਲ ਨੇ ਦਿੱਲੀ ਵਾਲਿਆਂ ਨੂੰ ਇਹ ਕਿਉਂ ਕਿਹਾ ?
ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਦੇ ਸਮਰਥਕਾਂ ਦੀਆਂ ਵੋਟਾਂ ਕੱਟ ਰਹੀ ਹੈ। ਉਨ੍ਹਾਂ ਦਿੱਲੀ ਦੇ ਲੋਕਾਂ ਅਤੇ ਉਨ੍ਹਾਂ ਦੇ ਵਰਕਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਵਾਰ-ਵਾਰ ਇਹ ਜਾਂਚ ਕਰਦੇ ਰਹਿਣ ਕਿ ਉਨ੍ਹਾਂ ਦੇ ਨਾਂ ਵੋਟਰ ਸੂਚੀ ਵਿੱਚੋਂ ਹਟਾਏ ਗਏ ਹਨ ਜਾਂ ਨਹੀਂ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਜੇਕਰ ਕੋਈ ਉਨ੍ਹਾਂ ਨੂੰ ਪੁੱਛਦਾ ਹੈ ਕਿ ਉਹ ਕਿਸ ਨੂੰ ਵੋਟ ਪਾਉਂਦੇ ਹਨ ਤਾਂ ਉਹ ਭਾਜਪਾ ਦਾ ਨਾਂ ਲੈਣ।
ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਇੱਕ ਆਗੂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੀਆਂ ਵੋਟਾਂ ਕੱਟਣ ਅਤੇ ਜਾਅਲੀ ਵੋਟਾਂ ਪਾਉਣ ਦਾ ਕੰਮ ਵੱਡੇ ਪੱਧਰ 'ਤੇ ਸ਼ੁਰੂ ਹੋ ਗਿਆ ਹੈ। ਕੇਜਰੀਵਾਲ ਨੇ ਕਿਹਾ, 'ਉਨ੍ਹਾਂ (ਭਾਜਪਾ) ਨੇ ਹਰ ਕਾਲੋਨੀ ਵਿਚ ਕੁਝ ਕਰਮਚਾਰੀ ਨਿਯੁਕਤ ਕੀਤੇ ਹਨ, ਉਹ ਘਰ-ਘਰ ਜਾ ਰਹੇ ਹਨ। ਉਹ ਉਨ੍ਹਾਂ ਨੂੰ ਪੁੱਛ ਰਹੇ ਹਨ ਕਿ ਉਹ ਕਿਸ ਪਾਰਟੀ ਨੂੰ ਵੋਟ ਪਾਉਂਦੇ ਹਨ, ਜੇਕਰ ਕੋਈ ਗਲਤੀ ਨਾਲ ਆਮ ਆਦਮੀ ਪਾਰਟੀ ਕਹਿੰਦਾ ਹੈ ਤਾਂ ਉਨ੍ਹਾਂ ਦੀ ਵੋਟ ਕੱਟ ਦਿੱਤੀ ਜਾਂਦੀ ਹੈ।
'ਆਪ' ਮੁਖੀ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਜੇਕਰ ਕੋਈ ਪੁੱਛੇ ਤਾਂ ਉਹ ਝੂਠ ਬੋਲਣ ਕਿ ਉਹ ਭਾਜਪਾ ਦੇ ਵੋਟਰ ਹਨ। ਉਨ੍ਹਾਂ ਬੂਥ ਲੈਵਲ ਵਰਕਰਾਂ ਨੂੰ ਵੀ ਸੁਚੇਤ ਕੀਤਾ। ਕੇਜਰੀਵਾਲ ਨੇ ਕਿਹਾ, 'ਮੈਂ ਦਿੱਲੀ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਹਰ ਰੋਜ਼ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਜਾਣ ਅਤੇ ਜਾਂਚ ਕਰਨ ਕਿ ਉਨ੍ਹਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ ਜਾਂ ਨਹੀਂ।
ਭਾਜਪਾ 'ਤੇ ਈਡੀ-ਸੀਬੀਆਈ ਦੀ ਦੁਰਵਰਤੋਂ ਦਾ ਦੋਸ਼ ਲਗਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭ੍ਰਿਸ਼ਟ ਕਿਹਾ ਸੀ, ਉਨ੍ਹਾਂ ਨੂੰ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਕਰ ਲਿਆ ਗਿਆ। ਕੇਜਰੀਵਾਲ ਨੇ ਤਾਅਨਾ ਮਾਰਦੇ ਹੋਏ ਕਿਹਾ ਕਿ ਪੀਐਮ ਮੋਦੀ ਹੋਰ ਪਾਰਟੀਆਂ ਦੇ 25 ਅਜਿਹੇ ਹੀਰੇ ਭਾਜਪਾ ਵਿੱਚ ਲੈ ਕੇ ਆਏ ਹਨ। ਅਜੀਤ ਪਵਾਰ, ਪ੍ਰਫੁੱਲ ਪਟੇਲ, ਪ੍ਰਤਾਪ ਸਰਨਾਇਕ, ਹੇਮੰਤ ਬਿਸਵਾ ਸਰਮਾ, ਸ਼ੁਭੇਂਦਰ ਅਧਿਕਾਰੀ, ਨਵੀਨ ਜਿੰਦਲ ਵਰਗੇ ਨੇਤਾਵਾਂ ਦਾ ਨਾਂ ਲੈਂਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਵਿਰੁੱਧ ਸੀਬੀਆਈ ਅਤੇ ਈਡੀ ਦੇ ਕੇਸ ਰੱਦ ਕਰ ਦਿੱਤੇ ਗਏ ਜਾਂ ਰੋਕ ਦਿੱਤੇ ਗਏ।