ਟਰੰਪ ਪ੍ਰਸ਼ਾਸਨ ਨੇ ਭਾਰਤੀ ਮੂਲ ਦੇ ਖਪਤਕਾਰ ਵਿੱਤੀ ਸੁਰੱਖਿਆ ਬਿਊਰੋ ਦੇ ਮੁੱਖੀ ਨੂੰ ਹਟਾਇਆ
ਵਿੱਤੀ ਸੰਕਟ ਨਾਲ ਨਜਿੱਠਣ ਲਈ ਚੋਪੜਾ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ਬਿਊਰੋ ਦੇ ਡਿਪਟੀ ਡਾਇਰੈਕਟਰ ਵਜੋਂ ਚੋਪੜਾ ਨੇ ਵਧ ਰਹੇ ਵਿਦਿਆਰਥੀ;
ਟਰੰਪ ਪ੍ਰਸ਼ਾਸਨ ਨੇ ਭਾਰਤੀ ਮੂਲ ਦੇ ਖਪਤਕਾਰ ਵਿੱਤੀ ਸੁਰੱਖਿਆ ਬਿਊਰੋ ਦੇ ਮੁੱਖੀ ਨੂੰ ਅਹੁੱਦੇ ਤੋਂ ਹਟਾਇਆ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਟਰੰਪ ਪ੍ਰਸ਼ਾਸਨ ਦੁਆਰਾ ਭਾਰਤੀ ਮੂਲ ਦੇ ਕੰਜ਼ਿਊਮਰ ਫਾਇਨਾਂਸ਼ੀਅਲ ਪ੍ਰੋਟੈਕਸ਼ਨ ਬਿਊਰੋ (ਸੀ ਐਫ ਪੀ ਬੀ) ਦੇ ਡਾਇਰੈਕਟਰ ਰੋਹਿਤ ਚੋਪੜਾ ਨੂੰ ਅਹੁੱਦੇ ਤੋਂ ਫਾਰਗ ਕਰ ਦੇਣ ਦੀ ਖਬਰ ਹੈ। ਚੋਪੜਾ ਨੂੰ ਇਹ ਜਾਣਕਾਰੀ ਵਾਈਟ ਹਾਊਸ ਵੱਲੋਂ ਭੇਜੀ ਇਕ ਈ ਮੇਲ ਰਾਹੀਂ ਦਿੱਤੀ ਗਈ ਹੈ। ਚੋਪੜਾ ਦੇ ਕਾਰਜਕਾਲ ਵਿਚ ਅਜੇ ਤਕਰੀਬਨ 2 ਸਾਲ ਦਾ ਸਮਾਂ ਬਾਕੀ ਸੀ। ਚੋਪੜਾ ਦੀ ਸੀ ਐਫ ਪੀ ਬੀ ਦੇ ਮੁੱਖੀ ਵਜੋਂ ਨਿਯੁਕਤੀ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਕੀਤੀ ਸੀ। ਸੀ ਐਫ ਪੀ ਬੀ ਦੇ ਮੁੱਖੀ ਵਜੋਂ 2008-09 ਵਿਚ ਆਏ ਵਿੱਤੀ ਸੰਕਟ ਨਾਲ ਨਜਿੱਠਣ ਲਈ ਚੋਪੜਾ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ਬਿਊਰੋ ਦੇ ਡਿਪਟੀ ਡਾਇਰੈਕਟਰ ਵਜੋਂ ਚੋਪੜਾ ਨੇ ਵਧ ਰਹੇ ਵਿਦਿਆਰਥੀ ਕਰਜੇ ਦਾ ਮੁੱਦਾ ਜੋਰ ਸ਼ੋਰ ਨਾਲ ਉਠਾਇਆ ਸੀ ਤੇ ਖਪਤਕਾਰ ਸੁਰੱਖਿਆ ਸੁਧਾਰਾਂ ਉਪਰ ਜੋਰ ਦਿੱਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਬੈਂਕ ਆਫ ਅਮੈਰੀਕਾ ਤੇ ਜੇ ਪੀ ਮੋਰਗਨ ਚੇਜ ਸਮੇਤ ਪ੍ਰਮੁੱਖ ਖਪਤਕਾਰ ਬੈਂਕ ਉਨਾਂ ਕੰਪਨੀਆਂ ਵਿਚ ਸ਼ਾਮਿਲ ਹਨ ਜਿਨਾਂ ਨੂੰ ਸੀ ਐਫ ਪੀ ਬੀ ਦੁਆਰਾ ਦਾਇਰ ਪਟੀਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਕੰਪਨੀਆਂ ਤੇ ਟੈਕ ਇਡੰਸਟਰੀ ਦੇ ਆਗੂ ਟਰੰਪ ਪ੍ਰਸ਼ਾਸਨ ਉਪਰ ਚੋਪੜਾ ਨੂੰ ਹਟਾਉਣ ਉਪਰ ਜੋਰ ਦਿੰਦੇ ਆ ਰਹੇ ਸਨ।