Zepto ’ਚ ਕੰਮ ਕਰਨ ਵਾਲੇ Kulbir ਦੀ ਦਰਦਨਾਕ ਕਹਾਣੀ, ਕਿਵੇਂ ਸੜਕ ਹਾਦਸੇ ਨੇ ਲਈ ਜਾਨ

ਅੰਮ੍ਰਿਤਸਰ ਦੇ ਲੇਬਰ ਚੌਕ ‘ਤੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਨੇ ਇੱਕ ਨੌਜਵਾਨ ਦੀ ਜ਼ਿੰਦਗੀ ਖੋਹ ਲਈ। ਇਸ ਹਾਦਸੇ ਵਿੱਚ 24 ਸਾਲਾ ਕੁਲਬੀਰ ਸਿੰਘ ਦੀ ਮੌਤ ਹੋ ਗਈ।

Update: 2026-02-03 10:09 GMT

ਅੰਮ੍ਰਿਤਸਰ : ਅੰਮ੍ਰਿਤਸਰ ਦੇ ਲੇਬਰ ਚੌਕ ‘ਤੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਨੇ ਇੱਕ ਨੌਜਵਾਨ ਦੀ ਜ਼ਿੰਦਗੀ ਖੋਹ ਲਈ। ਇਸ ਹਾਦਸੇ ਵਿੱਚ 24 ਸਾਲਾ ਕੁਲਬੀਰ ਸਿੰਘ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਬੀਰ ਸਿੰਘ ਆਪਣੇ ਪਿੰਡ ਛੀਨਾ ਤੋਂ ਸਵੇਰੇ-ਸਵੇਰੇ Zepto ਕੰਪਨੀ ਵਿੱਚ ਨੌਕਰੀ ਕਰਨ ਲਈ ਮੋਟਰਸਾਈਕਲ ‘ਤੇ ਨਿਕਲਿਆ ਸੀ। ਜਦੋਂ ਉਹ ਲੇਬਰ ਚੌਕ ਦੇ ਨੇੜੇ ਪਹੁੰਚਿਆ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।


ਹਾਦਸਾ ਇੰਨਾ ਭਿਆਨਕ ਸੀ ਕਿ ਕੁਲਬੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੇ ਸਿਰ ਅਤੇ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਮ੍ਰਿਤਕ ਦਾ ਦੋਸਤ ਦਲਜੀਤ ਸਿੰਘ, ਜੋ ਕਿ ਉਸ ਦੇ ਨਾਲ ਹੀ Zepto ਵਿੱਚ ਕੰਮ ਕਰਦਾ ਹੈ, ਹਾਦਸੇ ਦੀ ਸੂਚਨਾ ਮਿਲਣ ਉਪਰੰਤ ਤੁਰੰਤ ਮੌਕੇ ‘ਤੇ ਪਹੁੰਚਿਆ। ਦਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਕੁਲਬੀਰ ਨੂੰ Zepto ਦੀ ਜੈਕਟ ਪਹਿਨੀ ਹੋਈ ਦੇਖਿਆ ਅਤੇ ਜਦੋਂ ਉਸ ਨੂੰ ਹਿਲਾਇਆ ਗਿਆ ਤਾਂ ਉਹ ਬੇਹੋਸ਼ ਪਿਆ ਸੀ ਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਦੀ ਪੁਸ਼ਟੀ ਹੋ ਗਈ।

ਦਲਜੀਤ ਸਿੰਘ ਨੇ ਦੱਸਿਆ ਕਿ ਜਿਸ ਕਾਰ ਨਾਲ ਟੱਕਰ ਹੋਈ, ਉਸ ਵਿੱਚ ਦੋ ਨੌਜਵਾਨ ਸਵਾਰ ਸਨ ਜੋ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਉਸ ਦਾ ਕਹਿਣਾ ਹੈ ਕਿ ਕਾਰ ਬਹੁਤ ਤੇਜ਼ ਰਫ਼ਤਾਰ ਵਿੱਚ ਸੀ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟੱਕਰ ਨਾਲ ਕਾਰ ਦਾ ਏਅਰਬੈਗ ਤੱਕ ਖੁਲ ਗਿਆ। ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ, ਇਲਾਕੇ ਦੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਨੇੜਲੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


ਇਸ ਦਰਦਨਾਕ ਹਾਦਸੇ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਕੁਲਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ।

Tags:    

Similar News