ਡਿਕਸੀ ਗੁਰੂ ਘਰ ਵਿਖੇ ਜੈਕਾਰਿਆਂ ਦੀ ਗੂੰਜ ਵਿੱਚ ਨਾਨਕਸ਼ਾਹੀ ਨਵੇਂ ਵਰ੍ਹੇ ਦਾ ਸਵਾਗਤ ਕੀਤਾ ਗਿਆ
ਕੈਨੇਡਾ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਓਂਟਾਰੀਓ ਖਾਲਸਾ ਦਰਬਾਰ ਵਿਖੇ ਨਾਨਕਸ਼ਾਹੀ ਸੰਮਤ ਦੇ ਪੰਜ ਸੌ ਸਤਵੰਜਵੇ ਨਵੇਂ ਸਾਲ ਦੇ ਸੰਬੰਧ ਵਿੱਚ ਰਾਤਰੀ ਦੇ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਅਤੇ ਰਾਗੀ ਜੱਥਿਆ ਵੱਲੋਂ ਹਾਜ਼ਰੀ ਭਰੀ ਗਈ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਭੁਪਿੰਦਰ ਸਿੰਘ ਅਤੇ ਦੂਜੇ ਗ੍ਰੰਥੀ ਸਿੰਘਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ । ਇਨ੍ਹਾ ਸਮਾਗਮਾਂ ਵਿਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਨੇ ਨਵੇ ਨਾਨਕਸ਼ਾਹੀ ਸਾਲ ਦੀਆਂ ਮੁਬਾਰਕਾਂ ਪੇਸ਼ ਕੀਤੀਆਂ ਅਤੇ ਕਿਹਾ ਕਿ ਇਹ ਨਵਾਂ ਸਾਲ ਜਿੱਥੇ ਖਾਲਸਾਈ ਸ਼ਾਨੋ ਸ਼ੌਕਤ ਨੁੰ ਪ੍ਰਗਟਾਉਂਦਾ ਹੈ ਉਥੇ ਸਾਨੂ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਧਰਮ ਹੋਣ ਦੇ ਬਾਵਜੂਦ ਸਿੱਖ ਧਰਮ ਵਲੋਂ ਜ਼ੁਲਮ ਅਤੇ ਜ਼ਬਰ ਦੇ ਖਿਲਾਫ਼ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਗਈਆਂ ਅਤੇ ਸਰਬੱਤ ਦੇ ਭਲੇ ਲਈ ਅੱਜ ਤੱਕ ਕਿੰਨੇ ਵੱਡੇ ਵੱਡੇ ਕਾਰਜ ਕੀਤੇ ਗਏ ਹਨ ਅਤੇ ਅੱਜ ਵੀ ਇਹ ਕਾਰਜ ਨਿਰੰਤਰ ਜਾਰੀ ਹਨ ਜਿਨ੍ਹਾਂ ਕਾਰਨ ਅੱਜ ਵਿਦੇਸ਼ਾਂ ਵਿੱਚ ਵੀ ਸਿੱਖੀ ਦੀ ਪ੍ਰਸੰਸਾ ਹੋ ਰਹੀ ਹੈ । ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਗੂਰੂ ਘਰ ਦੇ ਮੁੱਖ ਸਕੱਤਰ ਭਾਈ ਪਰਮਜੀਤ ਸਿੰਘ ਗਿੱਲ ਨੇ ਆਈਆਂ ਹੋਈਆ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆ ਨੂੰ ਸਿੱਖੀ ਨਾਲ ਜੋੜਨ ਲਈ ਗੁਰੂ ਘਰ ਵਿਖੇ ਚੱਲ ਰਹੇ ਸਕੂਲ ਵਿਚ ਦਾਖਲ ਕਰਵਾਉਣ ਤਾਂ ਕਿ ਆਉਣ ਵਾਲੇ ਸਮੇ ਵਿੱਚ ਇਹ ਬੱਚੇ ਵਿਦੇਸ਼ਾਂ ਵਿੱਚ ਵੀ ਆਪਣੇ ਭਾਈਚਾਰੇ ਦੀ ਯੋਗ ਅਗਵਾਈ ਕਰ ਸਕਣ । ਇਸ ਮੌਕੇ ਹਾਜ਼ਰ ਸੰਗਤਾਂ ਨੂੰ ਭਾਈ ਹਰਦੀਪ ਸਿੰਘ ਦੁਪਾਲ ਪੁਰ ਅਤੇ ਭਾਈ ਅਮਰਜੀਤ ਸਿੰਘ ਸੋਇਤੇ ਵਾਲਿਆ ਦੇ ਰਾਗੀ ਜਥਿਆਂ ਸਮੇਤ ਹੋਰ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਸਰਵਣ ਕਰਵਾਇਆ । ਗਿਆਨੀ ਹਰਦੀਪ ਸਿੰਘ ਸਾਧੜਾ ਦੇ ਢਾਡੀ ਜਥੇ ਵੱਲੋਂ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ ਅਤੇ ਭਾਈ ਜਗਜੀਤ ਸਿੰਘ ਨਲਵੀ ਨੇ ਕਥਾ ਵਿਚਾਰਾਂ ਰਾਹੀ ਨਿਹਾਲ ਕੀਤਾ । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਪੰਡੋਰੀ, ਮੀਤ ਪ੍ਰਧਾਨ ਗੁਰਿੰਦਰ ਸਿੰਘ ਭੁੱਲਰ, ਖਜ਼ਾਨਚੀ ਭੁਪਿੰਦਰ ਸਿੰਘ ਬਾਠ, ਸਹਾਇਕ ਖਜ਼ਾਨਚੀ ਸਰਬਜੀਤ ਸਿੰਘ, ਡਾਇਰੈਕਟਰ ਸਰਦਾਰਾ ਸਿੰਘ, ਜਸਵਿੰਦਰ ਸਿੰਘ, ਨਵਜੀਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।