ਯੂਕਰੇਨ ਦੀ ਸਰਕਾਰ ਨੇ ਟੈਲੀਗ੍ਰਾਮ 'ਤੇ ਲਾਈ ਪਾਬੰਦੀ
ਯੂਕਰੇਨ : ਯੂਕਰੇਨ ਦੀ ਸਰਕਾਰ ਨੇ ਰੂਸ ਨਾਲ ਜੰਗ ਦੇ ਦੌਰਾਨ ਟੈਲੀਗ੍ਰਾਮ ਐਪ 'ਤੇ ਪਾਬੰਦੀ ਲਗਾ ਦਿੱਤੀ ਹੈ। ਯੂਕਰੇਨ ਦਾ ਕਹਿਣਾ ਹੈ ਕਿ ਸਰਕਾਰੀ ਅਤੇ ਫੌਜੀ ਅਧਿਕਾਰੀਆਂ ਵੱਲੋਂ ਟੈਲੀਗ੍ਰਾਮ ਦੀ ਵਰਤੋਂ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂਕਿ ਰੂਸ ਇਸ ਦੀ ਵਰਤੋਂ ਜਾਸੂਸੀ ਲਈ ਕਰ ਸਕਦਾ ਹੈ। ਯੂਕਰੇਨ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਯੂਕਰੇਨ ਦੀ GUR ਮਿਲਟਰੀ ਇੰਟੈਲੀਜੈਂਸ ਏਜੰਸੀ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਰੂਸ ਇਸ ਪਲੇਟਫਾਰਮ 'ਚ ਘੁਸਪੈਠ ਕਰਨ 'ਚ ਸਮਰੱਥ ਹੈ।
ਯੂਕਰੇਨ ਦਾ ਕਹਿਣਾ ਹੈ ਕਿ ਟੈਲੀਗ੍ਰਾਮ 'ਤੇ ਪਾਬੰਦੀ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ। ਤੁਹਾਨੂੰ ਦੱਸ ਦਈਏ ਕਿ ਟੈਲੀਗ੍ਰਾਮ ਦੀ ਵਰਤੋਂ ਯੂਕਰੇਨ ਅਤੇ ਰੂਸ ਦੋਵਾਂ 'ਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਦੋਵਾਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਕਈ ਜਾਣਕਾਰੀਆਂ ਸਿਰਫ ਟੈਲੀਗ੍ਰਾਮ 'ਤੇ ਸਾਂਝੀਆਂ ਕੀਤੀਆਂ ਗਈਆਂ ਸਨ। ਜ਼ੇਲੇਂਸਕੀ ਨੇ ਕਿਹਾ ਕਿ ਇਹ ਪਾਬੰਦੀਆਂ ਉਨ੍ਹਾਂ ਅਧਿਕਾਰੀਆਂ 'ਤੇ ਲਾਗੂ ਨਹੀਂ ਹੋਣਗੀਆਂ ਜਿਨ੍ਹਾਂ ਨੂੰ ਆਪਣੀਆਂ ਡਿਊਟੀਆਂ ਲਈ ਟੈਲੀਗ੍ਰਾਮ ਦੀ ਵਰਤੋਂ ਕਰਨੀ ਪੈਂਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਰੂਸ ਵਿੱਚ ਜਨਮੇ ਪਾਵੇਲ ਦੁਰੋਵ ਟੈਲੀਗ੍ਰਾਮ ਦੇ ਸੰਸਥਾਪਕ ਹਨ। 2014 ਵਿੱਚ ਉਹ ਰੂਸ ਛੱਡ ਕੇ ਦੁਬਈ ਚਲਾ ਗਿਆ। ਪਿਛਲੇ ਮਹੀਨੇ, ਟੈਲੀਗ੍ਰਾਮ ਦੇ ਦੁਰੋਵ ਨੂੰ ਗੈਰ ਕਾਨੂੰਨੀ ਸਮੱਗਰੀ ਪ੍ਰਕਾਸ਼ਿਤ ਕਰਨ ਦੇ ਦੋਸ਼ ਵਿੱਚ ਫਰਾਂਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਯੂਕਰੇਨ ਦੀ ਕੌਂਸਲ ਦਾ ਕਹਿਣਾ ਹੈ ਕਿ ਰੂਸ ਟੈਲੀਗ੍ਰਾਮ ਸੰਦੇਸ਼ਾਂ ਨੂੰ ਰੋਕ ਰਿਹਾ ਹੈ। ਉਹ ਡਿਲੀਟ ਕੀਤੇ ਮੈਸੇਜ ਵੀ ਪੜ੍ਹ ਸਕਦਾ ਹੈ। ਜ਼ੇਲੇਂਸਕੀ ਨੇ ਕਿਹਾ, ਮੈਂ ਹਮੇਸ਼ਾ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਕੀਤਾ ਹੈ ਪਰ ਟੈਲੀਗ੍ਰਾਮ ਦੀ ਵਰਤੋਂ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਇਹ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ।