Canada British Columbia : ਸਕੂਲ ਵਿੱਚ ਗੋਲੀਬਾਰੀ ਦੌਰਾਨ 10 ਦੀ ਮੌਤ, ਹਮਲਾਵਰ ਨੇ ਖੁਦ ਨੂੰ ਮਾਰੀ ਗੋਲੀ
ਹਮਲਾਵਰ ਦੀ ਮੌਤ: ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਵੀ ਮਾਰਿਆ ਗਿਆ ਹੈ। ਫਿਲਹਾਲ ਪੁਲਿਸ ਨੇ ਹਮਲਾਵਰ ਦੀ ਪਛਾਣ ਜਨਤਕ ਨਹੀਂ ਕੀਤੀ ਹੈ।
ਟੰਬਲਰ ਰਿਜ: 11 ਫਰਵਰੀ, 2026
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਟੰਬਲਰ ਰਿਜ ਇਲਾਕੇ ਵਿੱਚ ਸਥਿਤ ਇੱਕ ਹਾਈ ਸਕੂਲ ਵਿੱਚ ਮੰਗਲਵਾਰ ਨੂੰ ਵਾਪਰੀ ਗੋਲੀਬਾਰੀ ਦੀ ਭਿਆਨਕ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਖ਼ੂਨੀ ਕਾਂਡ ਵਿੱਚ ਹੁਣ ਤੱਕ 10 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ, ਜਦਕਿ 25 ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (RCMP) ਅਨੁਸਾਰ ਇਹ ਘਟਨਾ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ ਸਥਾਨਕ ਸਮੇਂ ਅਨੁਸਾਰ ਦੁਪਹਿਰ 1:20 ਵਜੇ ਵਾਪਰੀ, ਜਿੱਥੇ 7ਵੀਂ ਤੋਂ 12ਵੀਂ ਜਮਾਤ ਦੇ ਲਗਭਗ 175 ਵਿਦਿਆਰਥੀ ਪੜ੍ਹਦੇ ਹਨ।
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਿਸ ਵਿਅਕਤੀ ਨੂੰ ਹਮਲਾਵਰ ਮੰਨਿਆ ਜਾ ਰਿਹਾ ਹੈ, ਉਸ ਦੀ ਲਾਸ਼ ਵੀ ਸਕੂਲ ਦੇ ਅੰਦਰੋਂ ਹੀ ਬਰਾਮਦ ਹੋਈ ਹੈ। ਹਮਲਾਵਰ ਦੇ ਸਰੀਰ 'ਤੇ ਅਜਿਹੇ ਜ਼ਖ਼ਮ ਮਿਲੇ ਹਨ ਜਿਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਵਾਰਦਾਤ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉੱਤਰੀ ਜ਼ਿਲ੍ਹਾ ਕਮਾਂਡਰ ਕੇਨ ਫਲਾਇਡ ਨੇ ਦੱਸਿਆ ਕਿ ਜਦੋਂ ਪੁਲਿਸ ਟੀਮਾਂ ਸੂਚਨਾ ਮਿਲਣ ਤੋਂ ਬਾਅਦ ਸਕੂਲ ਅੰਦਰ ਦਾਖਲ ਹੋਈਆਂ ਤਾਂ ਚਾਰੇ ਪਾਸੇ ਲਾਸ਼ਾਂ ਅਤੇ ਜ਼ਖ਼ਮੀ ਲੋਕ ਪਏ ਸਨ। ਹਮਲਾਵਰ ਤੋਂ ਇਲਾਵਾ 6 ਹੋਰ ਲੋਕਾਂ ਦੀਆਂ ਲਾਸ਼ਾਂ ਮੌਕੇ ਤੋਂ ਮਿਲੀਆਂ, ਜਦਕਿ ਦੋ ਗੰਭੀਰ ਜ਼ਖ਼ਮੀਆਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਅਤੇ ਇੱਕ ਵਿਅਕਤੀ ਨੇ ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ।
ਸਥਾਨਕ ਵਿਧਾਇਕ ਲੈਰੀ ਨਿਊਫੈਲਡ ਅਤੇ ਜਨਤਕ ਸੁਰੱਖਿਆ ਮੰਤਰੀ ਨੀਨਾ ਕਰੀਗਰ ਨੇ ਇਸ ਘਟਨਾ ਨੂੰ ਬੇਹੱਦ "ਦਿਲ ਤੋੜਨ ਵਾਲਾ" ਕਰਾਰ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਪੁਲਿਸ ਨੇ ਹੁਣ ਇਲਾਕੇ ਵਿੱਚੋਂ ਐਮਰਜੈਂਸੀ ਅਲਰਟ ਹਟਾ ਲਿਆ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਕੋਈ ਹੋਰ ਸ਼ੱਕੀ ਫ਼ਰਾਰ ਨਹੀਂ ਹੈ ਅਤੇ ਜਨਤਾ ਲਈ ਕੋਈ ਖ਼ਤਰਾ ਨਹੀਂ ਬਚਿਆ। ਸਾਵਧਾਨੀ ਵਜੋਂ ਟੰਬਲਰ ਰਿਜ ਦੇ ਸਾਰੇ ਐਲੀਮੈਂਟਰੀ ਅਤੇ ਮਿਡਲ ਸਕੂਲ ਇਸ ਪੂਰੇ ਹਫ਼ਤੇ ਲਈ ਬੰਦ ਕਰ ਦਿੱਤੇ ਗਏ ਹਨ। ਫਿਲਹਾਲ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਫੋਰਸ ਮੌਕੇ 'ਤੇ ਤਾਇਨਾਤ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮ੍ਰਿਤਕਾਂ ਵਿੱਚ ਕਿੰਨੇ ਵਿਦਿਆਰਥੀ ਸ਼ਾਮਲ ਹਨ ਅਤੇ ਹਮਲਾਵਰ ਦਾ ਅਸਲ ਮਨੋਰਥ ਕੀ ਸੀ।