Sunil Jakhar ਦੀ ਸਿਹਤ ਵਿਗੜੀ: ਛਾਤੀ 'ਚ ਦਰਦ ਤੋਂ ਬਾਅਦ ਫੋਰਟਿਸ ਹਸਪਤਾਲ ਦਾਖਲ; ਐਂਜੀਓਗ੍ਰਾਫੀ ਹੋਈ
ਸਿਹਤ ਵਿਗੜਨ ਕਾਰਨ ਜਾਖੜ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅੱਜ ਸਵੇਰੇ ਅਚਾਨਕ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਐਤਵਾਰ ਸਵੇਰੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਅਚਾਨਕ ਛਾਤੀ ਵਿੱਚ ਦਰਦ ਮਹਿਸੂਸ ਹੋਇਆ। ਉਨ੍ਹਾਂ ਨੂੰ ਤੁਰੰਤ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਦੀ ਐਂਜੀਓਗ੍ਰਾਫੀ ਕੀਤੀ ਹੈ ਅਤੇ ਫਿਲਹਾਲ ਉਹ ਡਾਕਟਰੀ ਨਿਗਰਾਨੀ ਹੇਠ ਹਨ।
ਰਾਜਪਾਲ ਨਾਲ ਮੁਲਾਕਾਤ ਮੁਲਤਵੀ
ਸੁਨੀਲ ਜਾਖੜ ਦੀ ਅਗਵਾਈ ਹੇਠ ਭਾਜਪਾ ਦਾ ਇੱਕ ਵਫ਼ਦ ਅੱਜ ਸਵੇਰੇ 10 ਵਜੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਣ ਵਾਲਾ ਸੀ।
ਸਿਹਤ ਵਿਗੜਨ ਕਾਰਨ ਜਾਖੜ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ।
ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਭਾਜਪਾ ਆਗੂ ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਵਫ਼ਦ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ।
ਦੋ ਦਿਨਾਂ ਤੋਂ ਸਿਆਸੀ ਸਰਗਰਮੀਆਂ ਵਿੱਚ ਸਨ ਰੁੱਝੇ
ਸੁਨੀਲ ਜਾਖੜ ਪਿਛਲੇ ਕੁਝ ਦਿਨਾਂ ਤੋਂ ਕਾਫੀ ਸਰਗਰਮ ਸਨ:
ਹਿਰਾਸਤ ਵਿੱਚ ਲਏ ਗਏ: ਦੋ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਸੀ।
ਨਵੇਂ ਆਗੂਆਂ ਦੀ ਸ਼ਮੂਲੀਅਤ: ਕੱਲ੍ਹ ਹੀ ਉਨ੍ਹਾਂ ਨੇ ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ ਸਮੇਤ ਕਈ ਦਿੱਗਜ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਸੀ।
ਸੁਨੀਲ ਜਾਖੜ ਦਾ ਸਿਆਸੀ ਸਫ਼ਰ
ਪਰਿਵਾਰਕ ਪਿਛੋਕੜ: ਉਹ ਲੋਕ ਸਭਾ ਦੇ ਸਾਬਕਾ ਸਪੀਕਰ ਬਲਰਾਮ ਜਾਖੜ ਦੇ ਸਪੁੱਤਰ ਹਨ।
ਅਹੁਦੇ: ਉਹ ਤਿੰਨ ਵਾਰ ਅਬੋਹਰ ਤੋਂ ਵਿਧਾਇਕ, ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਹਨ।
ਕਾਂਗਰਸ ਤੋਂ ਭਾਜਪਾ: ਲੰਬਾ ਸਮਾਂ ਕਾਂਗਰਸ ਦੇ ਸੂਬਾ ਪ੍ਰਧਾਨ ਰਹਿਣ ਤੋਂ ਬਾਅਦ, ਉਹ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। 2021 ਵਿੱਚ ਮੁੱਖ ਮੰਤਰੀ ਦੀ ਦੌੜ ਵਿੱਚ ਉਨ੍ਹਾਂ ਦਾ ਨਾਮ ਸਭ ਤੋਂ ਅੱਗੇ ਸੀ, ਪਰ ਸਿਆਸੀ ਸਮੀਕਰਨਾਂ ਕਾਰਨ ਉਹ ਮੁੱਖ ਮੰਤਰੀ ਨਹੀਂ ਬਣ ਸਕੇ ਸਨ।
ਸੁਨੀਲ ਜਾਖੜ ਦੇ ਸਮਰਥਕ ਅਤੇ ਭਾਜਪਾ ਆਗੂ ਉਨ੍ਹਾਂ ਦੀ ਜਲਦ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ।