Sukhbir Singh Badal ਨੇ ਗਿੱਪੀ ਗਰੇਵਾਲ, ਜੋਰਡਨ ਸੰਧੂ ਤੇ ਨਾਨਕਸਰ ਸੰਪਰਦਾ ਮੁਖੀ ਦੀ ਸੁਰੱਖਿਆ ਵਾਪਸ ਲੈਣ ’ਤੇ ਕੀਤੀ ਨਿਖੇਧੀ

By :  Gill
Update: 2026-02-26 12:40 GMT


ਚੰਡੀਗੜ੍ਹ, 26 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਦੀ ਸੁਰੱਖਿਆ ਇਸ ਕਰਕੇ ਵਾਪਸ ਲੈਣ ਦੀ ਨਿਖੇਧੀ ਕੀਤੀ ਕਿ ਉਹ ਹਾਲ ਹੀ ਵਿਚ ਪਿੰਡ ਬਾਦਲ ਵਿਖੇ ਉਹਨਾਂ ਦੀ ਰਿਹਾਇਸ਼ ’ਤੇ ਉਹਨਾਂ ਨੂੰ ਮਿਲੇ ਸਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸੇ ਤਰੀਕੇ ਨਾਨਕਸਰ ਸੰਪਰਦਾ ਦੇ ਮੁਖੀ ਬਾਬਾ ਘਾਲਾ ਸਿੰਘ ਦੀ ਸੁਰੱਖਿਆ ਉਸ ਵੇਲੇ ਵਾਪਸ ਲੈ ਲਈ ਗਈ ਜਦੋਂ ਉਹ ਉਹਨਾਂ ਨੂੰ ਮਿਲੇ ਸਨ ਅਤੇ ਲੋਕਾਂ ਨੂੰ ਅਕਾਲੀ ਦਲ ਦੀ ਹਮਾਇਤ ਦੀ ਅਪੀਲ ਕੀਤੀ ਸੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਗਾਇਕ ਜੋਰਡਨ ਸੰਧੂ ਦੀ ਸੁਰੱਖਿਆ ਵੀ ਇਸੇ ਕਾਰਨ ਵਾਪਸ ਲੈ ਲਈ ਗਈ।

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਲਾਕਾਰ ਅਤੇ ’ਸੰਪਰਦਾਵਾਂ’ ਦੇ ਮੁਖੀ ਬਹੁਤ ਸਤਿਕਾਰਯੋਗ ਹਨ ਜਿਹਨਾਂ ਲਈ ਸੁਰੱਖਿਆ ਦਾ ਗੰਭੀਰ ਖ਼ਤਰਾ ਬਣਿਆ ਰਹਿੰਦਾ ਹੈ ਤੇ ਖਾਸ ਤੌਰ ’ਤੇ ਕਲਾਕਾਰਾਂ ਨੂੰ ਗੈਂਗਸਟਰ ਤੇ ਫਿਰੌਤੀਆਂ ਵਸੂਲਣ ਵਾਲੇ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕਲਾਕਾਰਾਂ ਤੇ ਹੋਰ ਸ਼ਖਸੀਅਤਾਂ ਨੂੰ ਉਹਨਾਂ ਦੇ ਮੁਤਾਬਕ ਚੱਲਣ ਵਾਸਤੇ ਸੁਰੱਖਿਆ ਕਵਰ ਨੂੰ ਇਕ ਸਿਆਸੀ ਹਥਿਆਰ ਵਜੋਂ ਵਰਤ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਉਹਨਾਂ ਦਾ ਕਹਿਣਾ ਨਹੀਂ ਮੰਨਦਾ ਜਾਂ ਫਿਰ ਅਕਾਲੀ ਦਲ ਨਾਲ ਮੀਟਿੰਗ ਕਰਦਾ ਜਾਂ ਹਮਾਇਤ ਦਿੰਦਾ ਵਿਖਾਈ ਦਿੰਦਾ ਹੈ ਤਾਂ ਉਸਦੀ ਸੁਰੱਖਿਆ ਵਾਪਸ ਲੈ ਕੇ ਉਸਦੀ ਜਾਨ ਜ਼ੋਖ਼ਮ ਵਿਚ ਪਾ ਦਿੱਤੀ ਜਾਂਦੀ ਹੈ।

ਬਾਦਲ ਨੇ ਕਿਹਾ ਕਿ ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਇਸੇ ਨੀਤੀ ਦਾ ਨਤੀਜਾ ਸੀ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਸਰਕਾਰ ਨੇ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਬਕ ਨਹੀਂ ਲਿਆ। ਉਹਨਾਂ ਕਿਹਾ ਕਿ ਉਹ ਸਿਆਸੀ ਹਥਿਆਰ ਵਜੋਂ ਵਰਤ ਕੇ ਲੋਕਾਂ ਦੀ ਜਾਨ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਰਹੀ ਹੈ।

ਉਹਨਾਂ ਕਿਹਾ ਕਿ ਉਹ ਇਸਦੀ ਸਖ਼ਤ ਨਿਖੇਧੀ ਕਰਦੇ ਹਨ ਅਤੇ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਜੇਕਰ ਕਲਾਕਾਰਾਂ ਜਾਂ ਹੋਰ ਸ਼ਖਸੀਅਤਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਮੁੱਖ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਇਹ ਮਾਮਲਾ ਪੰਜਾਬ ਦੇ ਰਾਜਪਾਲ ਕੋਲ ਚੁੱਕਣਗੇ ਤਾਂ ਜੋ ਆਪ ਸਰਕਾਰ ਨੂੰ ਬਦਲਾਖੋਰੀ ਦੀ ਨੀਤੀ ਅਪਣਾਉਣ ਤੋਂ ਰੋਕਿਆ ਜਾ ਸਕੇ।

Tags:    

Similar News