ਵਲਟੋਹਾ ਤੇ ਜਥੇਦਾਰ ਗੁਰਬਚਨ ਸਿੰਘ 'ਤੇ ਲੱਗੀ ਪਾਬੰਦੀ ਹਟੀ, ਮਿਲੀ ਮਾਫ਼ੀ

Update: 2025-12-08 09:46 GMT

 ਸਾਬਕਾ ਜਥੇਦਾਰ ਗੁਰਬਚਨ ਸਿੰਘ ਵੀ ਬਰੀ; ਵੀ.ਸੀ. ਕਰਮਜੀਤ ਸਿੰਘ ਨੂੰ ਮੁਆਫ਼ੀ ਅਤੇ ਤਨਖ਼ਾਹ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਦੀ ਅਗਵਾਈ ਹੇਠ ਅੱਜ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ ਹਨ। ਇਨ੍ਹਾਂ ਫ਼ੈਸਲਿਆਂ ਵਿੱਚ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ, ਸਾਬਕਾ ਜਥੇਦਾਰ ਗੁਰਬਚਨ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਅੰਮ੍ਰਿਤਸਰ ਦੇ ਵਾਈਸ ਚਾਂਸਲਰ (VC) ਡਾ. ਕਰਮਜੀਤ ਸਿੰਘ ਨਾਲ ਸਬੰਧਤ ਮਾਮਲਿਆਂ ਨੂੰ ਨਿਬੇੜਿਆ ਗਿਆ।

ਵਿਰਸਾ ਸਿੰਘ ਵਲਟੋਹਾ 'ਤੇ ਪਾਬੰਦੀ ਖ਼ਤਮ

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਉੱਤੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕਰਨ ਸਬੰਧੀ ਦਿੱਤੇ ਗਏ ਹੁਕਮਾਂ ਨੂੰ ਖ਼ਤਮ ਕਰਦਿਆਂ ਪਾਬੰਦੀ ਹਟਾ ਦਿੱਤੀ ਗਈ ਹੈ। ਵਲਟੋਹਾ ਨੇ ਪਿਛਲੇ ਸਮੇਂ ਵਿੱਚ ਸਤਿਕਾਰਯੋਗ ਸਿੰਘ ਸਾਹਿਬਾਨ ਦੇ ਵਿਰੁੱਧ ਬੇਬੁਨਿਆਦ ਗੱਲਾਂ ਕਰਨ ਦੀ ਭੁੱਲ ਸਵੀਕਾਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਮੁਆਫ਼ੀ ਮੰਗੀ।

ਪੰਜ ਸਿੰਘ ਸਾਹਿਬਾਨ ਵੱਲੋਂ ਲਾਈ ਗਈ ਤਨਖ਼ਾਹ:

ਵਲਟੋਹਾ ਨੂੰ ਹੇਠ ਲਿਖੇ ਅਨੁਸਾਰ ਤਨਖ਼ਾਹ ਲਾਈ ਗਈ ਹੈ:

ਸੇਵਾ:

ਤਿੰਨ ਦਿਨ, ਰੋਜ਼ਾਨਾ ਇੱਕ ਘੰਟਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿੱਚ ਸੰਗਤ ਦੇ ਜੂਠੇ ਭਾਂਡੇ ਮਾਂਜਣੇ।

ਦੋ ਦਿਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਵਿਖੇ ਇੱਕ ਘੰਟਾ ਜੂਠੇ ਭਾਂਡੇ ਮਾਂਜਣੇ ਅਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨੇ।

ਇੱਕ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇੱਕ ਘੰਟਾ ਜੂਠੇ ਭਾਂਡੇ ਮਾਂਜਣੇ ਅਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨੇ।

ਇੱਕ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਘੰਟਾ ਜੂਠੇ ਭਾਂਡੇ ਮਾਂਜਣੇ ਅਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨੇ।

ਪਾਠ: 11 ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸ੍ਰੀ ਜਪੁਜੀ ਸਾਹਿਬ, ਚੌਪਈ ਸਾਹਿਬ (ਪਾਤਸ਼ਾਹੀ ਦਸਵੀਂ), ਅਤੇ ਰਾਮਕਲੀ ਕੀ ਵਾਰ (ਰਾਇ ਬਲਵੰਡ ਤਥਾ ਸਤੈ ਡੂਮ ਆਖੀਦਾ) ਦਾ ਇੱਕ-ਇੱਕ ਪਾਠ ਕਰਨਾ।

ਸਮਾਪਤੀ: ਤਨਖ਼ਾਹ ਪੂਰੀ ਹੋਣ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1100 ਰੁਪਏ ਦਾ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਣੀ ਅਤੇ 1100 ਰੁਪਏ ਗੁਰੂ ਦੀ ਗੋਲਕ ਵਿੱਚ ਪਾ ਕੇ ਖਿਮਾ ਜਾਚਨਾ ਦੀ ਅਰਦਾਸ ਕਰਾਉਣੀ।

ਸਿੰਘ ਸਾਹਿਬਾਨ ਨੇ ਵਲਟੋਹਾ ਨੂੰ ਹਦਾਇਤ ਕੀਤੀ ਕਿ ਉਹ ਅੱਗੇ ਤੋਂ ਕਿਸੇ ਵੀ ਧਾਰਮਿਕ ਸ਼ਖ਼ਸੀਅਤ ਦੇ ਵਿਰੁੱਧ ਬਿਆਨਬਾਜ਼ੀ ਨਾ ਕਰਨ।

ਸਾਬਕਾ ਜਥੇਦਾਰ ਗੁਰਬਚਨ ਸਿੰਘ 'ਤੇ ਲੱਗੀ ਪਾਬੰਦੀ ਹਟੀ

ਸਾਬਕਾ ਜਥੇਦਾਰ ਗੁਰਬਚਨ ਸਿੰਘ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 2015 ਵਿੱਚ ਦਿੱਤੀ ਮੁਆਫ਼ੀ ਦੇ ਮਾਮਲੇ ਕਾਰਨ ਉਨ੍ਹਾਂ ਦੀਆਂ ਸੇਵਾਵਾਂ 'ਤੇ ਲੱਗੀ ਪਾਬੰਦੀ ਵੀ ਖ਼ਤਮ ਕਰ ਦਿੱਤੀ ਗਈ ਹੈ।

ਡਾ. ਕਰਮਜੀਤ ਸਿੰਘ (VC GNDU) ਨੂੰ ਮੁਆਫ਼ੀ ਅਤੇ ਤਨਖ਼ਾਹ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੂੰ ਵੀ ਮੁਆਫ਼ੀ ਦੇ ਦਿੱਤੀ ਗਈ। ਉਨ੍ਹਾਂ ਨੇ ਦੱਖਣ ਭਾਰਤ ਵਿੱਚ ਹੋਏ ਇੱਕ ਸਮਾਗਮ ਦੌਰਾਨ ਸਿੱਖਾਂ ਦੀ ਵਿਲੱਖਣ ਹੋਂਦ ਦੇ ਵਿਰੁੱਧ ਪ੍ਰਗਟਾਵਾ ਕਰਨ ਦੀ ਭੁੱਲ ਸਵੀਕਾਰ ਕੀਤੀ।

ਪੰਜ ਸਿੰਘ ਸਾਹਿਬਾਨ ਵੱਲੋਂ ਲਾਈ ਗਈ ਤਨਖ਼ਾਹ:

ਸੇਵਾ: ਦੋ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਜੂਠੇ ਭਾਂਡੇ ਮਾਂਜਣੇ ਅਤੇ ਇੱਕ ਘੰਟਾ ਜੋੜਿਆਂ ਦੀ ਸੇਵਾ ਕਰਨੀ।

ਪਾਠ: ਪੰਜ ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸ੍ਰੀ ਜਪੁਜੀ ਸਾਹਿਬ, ਆਸਾ ਕੀ ਵਾਰ ਅਤੇ ਤਵ ਪ੍ਰਸਾਦਿ ਸਵੱਈਏ (ਸ੍ਰਾਵਗ ਸੁੱਧ ਵਾਲੇ, ਪਾਤਸ਼ਾਹੀ ਦਸਵੀਂ) ਦਾ ਇੱਕ-ਇੱਕ ਪਾਠ ਕਰਨਾ।

ਸਾਹਿਤਕ ਸੇਵਾ: ਭਾਈ ਕਾਨ੍ਹ ਸਿੰਘ ਨਾਭਾ ਰਚਿਤ ਪੁਸਤਕ "ਹਮ ਹਿੰਦੂ ਨਹੀਂ" ਪੜ੍ਹਨੀ ਅਤੇ ਇਸ ਦੀਆਂ 500 ਕਾਪੀਆਂ ਸੰਗਤ ਵਿੱਚ ਵੰਡਣੀਆਂ।

ਸਮਾਪਤੀ: ਤਨਖ਼ਾਹ ਪੂਰੀ ਹੋਣ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1100 ਰੁਪਏ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਣੀ ਅਤੇ 1100 ਰੁਪਏ ਗੁਰੂ ਦੀ ਗੋਲਕ ਵਿੱਚ ਪਾ ਕੇ ਖਿਮਾ ਜਾਚਨਾ ਦੀ ਅਰਦਾਸ ਕਰਾਉਣੀ।

Tags:    

Similar News