ਸੋਸ਼ਲ ਮੀਡੀਆ ਅਡਿੱਕਸ਼ਨ : ਆਸਟਰੇਲੀਆ ਦਾ ਵੱਡਾ ਫੈਸਲਾ
ਸੋਸ਼ਲ ਮੀਡੀਆ ਅਡਿੱਕਸ਼ਨ : ਆਸਟਰੇਲੀਆ ਦਾ ਵੱਡਾ ਫੈਸਲਾ
ਪ੍ਰੋ. ਕੁਲਬੀਰ ਸਿੰਘ
ਬਹੁਤ ਸਾਰੀਆਂ ਹੋਰ ਮਾੜੀਆਂ ਆਦਤਾਂ ਵਾਂਗ ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਵੀ ਇਕ ਬੁਰੀ ਆਦਤ ਹੈ। ਜਦੋਂ ਕਿਸੇ ਨੂੰ ਹਰ ਵੇਲੇ ਸੋਸ਼ਲ ਮੀਡੀਆ ਦੀ ਲੋੜ ਮਹਿਸੂਸ ਹੁੰਦੀ ਰਹੇ। ਜਦੋਂ ਬਿਨ੍ਹਾਂ ਲੋੜ ਦੇ, ਬਿਨ੍ਹਾਂ ਮਤਲਬ ਸਮਾਰਟ ਫੋਨ ਖੋਲ੍ਹੇ ਅਤੇ ਫੇਸਬੁਕ, ਵੱਟਸਐਪ ਚੈੱਕ ਕਰਨ ਲੱਗ ਜਾਵੇ। ਉਸਨੂੰ ਸਮੇਂ ਦਾ ਪਤਾ ਹੀ ਨਾ ਚੱਲੇ। ਉਸਦੇ ਜ਼ਰੂਰੀ ਕੰਮ, ਰੋਜ਼ਾਨਾ ਦੇ ਕੰਮ ਕਾਰ ਪ੍ਰਭਾਵਤ ਹੋਣ ਲੱਗਣ, ਉਸਦਾ ਜੀਵਨ ਪ੍ਰਭਾਵਤ ਹੋਣ ਲੱਗੇ, ਉਸਦੀ ਸਿਹਤ ʼਤੇ ਅਸਰ ਪੈਣ ਲੱਗੇ ਤਾਂ ਇਸਨੂੰ ਸੋਸ਼ਲ ਮੀਡੀਆ ਅਡਿੱਕਸ਼ਨ ਕਿਹਾ ਜਾਂਦਾ ਹੈ।
ਇਸਦੇ ਕੁਝ ਉੱਭਰਵੇਂ ਲੱਛਣ ਇਸ ਪ੍ਰਕਾਰ ਹਨ – ਜਦ ਇੰਟਰਨੈਟ ਬੰਦ ਹੋਵੇ ਤਾਂ ਪ੍ਰੇਸ਼ਾਨੀ ਹੋਣ ਲੱਗੇ। ਸਵੇਰੇ ਉੱਠਦੇ ਸਾਰ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਸੋਸ਼ਲ ਮੀਡੀਆ ਚੈੱਕ ਕੀਤਾ ਜਾਵੇ। ਸੋਸ਼ਲ ਮੀਡੀਆ ʼਤੇ ਲੰਮਾ ਸਮਾਂ ਬਤੀਤ ਕੀਤਾ ਜਾਵੇ। ਆਫ਼ਲਾਈਨ ਗਤੀਵਿਧੀਆਂ ਚੋਂ ਰੁਚੀ ਘੱਟਦੀ ਜਾਵੇ। ਜਦੋਂ ਲਾਈਕ, ਕਮੈਂਟ ਘੱਟ ਮਿਲਣ ਜਾਂ ਨਾ ਮਿਲਣ ਤਾਂ ਬੁਰਾ ਲੱਗਣ ਲੱਗੇ। ਤੁਰਦੇ ਹੋਏ, ਡਰਾਈਵਿੰਗ ਕਰਦੇ ਹੋਏ ਵੀ ਸੋਸ਼ਲ ਮੀਡੀਆ ਚੈੱਕ ਕਰਨਾ। ਘਰ ਵਿਚ ਹੁੰਦੇ ਹੋਏ, ਨੇੜੇ ਹੁੰਦੇ ਹੋਏ ਵੀ ਪਰਿਵਾਰ ਦੇ ਮੈਂਬਰਾਂ ਜਾਂ ਦੋਸਤਾਂ ਨਾਲ ਸੋਸ਼ਲ ਮੀਡੀਆ ਰਾਹੀਂ ਸੰਚਾਰ ਕਰਨਾ। ਆਹਮਣੇ ਸਾਹਮਣੇ ਗੱਲਬਾਤ ਬਹੁਤ ਘੱਟ ਜਾਣੀ। ਇਹ ਅਤੇ ਅਜਿਹੇ ਬਹਤ ਸਾਰੇ ਹੋਰ ਲੱਛਣ ਵੇਖੇ ਜਾ ਸਕਦੇ ਹਨ।
ਇਸਦਾ ਸਿੱਧੇ ਤੌਰ ʼਤੇ ਸਾਡੀ ਮਾਨਸਿਕ ਤੇ ਸਰੀਰਕ ਸਿਹਤ ʼਤੇ ਬੁਰਾ ਪ੍ਰਭਾਵ ਪੈਂਦਾ ਹੈ। ਸਮਾਜਕ ਪਰਿਵਾਰਕ ਰਿਸ਼ਤਿਆਂ ʼਤੇ ਪੈਣ ਲੱਗਦਾ ਹੈ। ਸਾਡੇ ਕੰਮ ਕਾਰ, ਸਾਡੀ ਨੌਕਰੀ, ਸਾਡੀ ਆਰਥਿਕਤਾ, ਵਿਦਿਆਰਥੀਆਂ ਦੀ ਪੜ੍ਹਾਈ ਅਤੇ ਅਕਾਦਮਿਕਤਾ ʼਤੇ ਪੈਣ ਲੱਗਦਾ ਹੈ। ਸਮੁੱਚੇ ਤੌਰ ʼਤੇ ਸਾਡੀ ਕਾਰਗੁਜਾਰੀ ਪ੍ਰਭਾਵਤ ਹੁੰਦੀ ਹੈ।
ਸੋਸ਼ਲ ਮੀਡੀਆ ਇਕ ਨਸ਼ੇ ਵਾਂਗ ਹੈ ਕਿਉ ਕਿ ਇਸ ਨਾਲ ਦਿਮਾਗ਼ ਉਵੇਂ ਮਹਿਸੂਸ ਕਰਦਾ ਹੈ ਜਿਵੇਂ ਜੂਆ ਖੇਡਣ ਵੇਲੇ ਜਾਂ ਕੋਈ ਨਸ਼ਾ ਕਰਨ ਵੇਲੇ ਕਰਦਾ ਹੈ। ਦਿਮਾਗ਼ ਵਿਚੋਂ ਡੋਪਾਮਾਈਨ ਹਾਰਮੋਨ ਰਲੀਜ਼ ਹੁੰਦਾ ਹੈ ਜਿਸ ਨਾਲ ਚੰਗਾ ਮਹਿਸੂਸ ਹੁੰਦਾ ਹੈ, ਖੁਸ਼ੀ ਮਿਲਦੀ ਹੈ ਅਤੇ ਮਨ ਹੋਰ ਹੋਰ ਵਰਤਣ ਲਈ ਪ੍ਰੇਰਿਤ ਹੁੰਦਾ ਹੈ। ਤੇਜ਼ ਤਿੱਖੀਆਂ ਰੌਸ਼ਨੀਆਂ, ਗੂੜ੍ਹੇ ਰੰਗ ਅਤੇ ਆਕਰਸ਼ਕ ਚੇਤਾਵਨੀਆਂ ਮਨ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਦਾ ਵਿਰੋਧ ਕਰਨ ਤੋਂ ਵਰਜਦੀਆਂ ਹਨ।
ਅਜਿਹੇ ਸਮੇਂ ਸਕਰੀਨ ਟਾਈਮ ਘਟਾਉਣਾ, ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਤੋਂ ਬਚਣਾ ਅਤੇ ਇਸਦੀ ਆਦਤ ਦੇ ਚੱਕਰ ਨੰ ਤੋੜਨਾ ਜ਼ਰੂਰੀ ਹੁੰਦਾ ਹੈ ਪਰੰਤੂ ਇਹ ਐਨਾ ਸੁਖਾਲਾ ਨਹੀਂ। ਇਹਦੇ ਲਈ ਸੁਚੇਤ ਯਤਨ ਕਰਨ ਦੀ ਲੋੜ ਹੁੰਦੀ ਹੈ।
ਸਵੇਰੇ ਉੱਠ ਕੇ ਸੈਰ ਲਈ ਜਾਓ ਤਾਂ ਜੋ ਕੁਦਰਤੀ ਅਸਮਾਨੀ ਨੀਲਾ ਰੰਗ ਅਤੇ ਹਰਿਆਵਲ ਵੇਖਣ ਨੂੰ ਮਿਲੇ ਕੁਦਰਤ ਨਾਲ ਇਕਮਿਕ ਹੋਣ ਦਾ ਮੌਕਾ ਮਿਲੇ। ਦਿਮਾਗ ਨੂੰ, ਸਰੀਰ ਨੂੰ ਖੁਲ੍ਹੀ ਆਕਸੀਜਨ ਮਿਲੇ। ਡੀਪ ਬ੍ਰੀਦਿੰਗ ਕਰੋ। ਬੁਰੀਆਂ ਆਦਤਾਂ ਛੱਡੋ ਚੰਗੀਆਂ ਆਦਤਾਂ ਅਪਣਾਓ। ਤਕਨੀਕ ਦੀ, ਇੰਟਰਨੈਟ ਦੀ ਬੇਲੋੜੀ ਵਰਤੋਂ ਬੰਦ ਕਰੋ। ਵੱਧ ਤੋਂ ਵੱਧ ਸਮਾਂ ਆਪਣਾ ਫੋਨ ਆਪਣੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ। ਫੋਨ ਦੀਆਂ ਸੈਟਿੰਗ ਤਬਦੀਲ ਕਰੋ। ਵਾਧੂ, ਬੇਲੋੜੇ, ਵੱਧ ਵਰਤੋਂ ਵਾਲੇ ਐਪ ਡਲੀਟ ਕਰ ਦਿਓ। ਜਦੋਂ ਕੰਮ ਕਰ ਰਹੇ ਹੋ ਤਾਂ ਫੋਨ ਨੂੰ ʽਐਰੋਪਲੇਨ ਮੋਡʼ ʼਤੇ ਕਰ ਦਿਓ। ਫੋਨ ਦੀ ਸਕਰੀਨ ਚਿੱਟੀ ਕਾਲੀ ਕਰ ਦਿਓ ਤਾਂ ਜੋ ਰੰਗਾਂ ਦਾ ਆਕਰਸ਼ਨ ਨਾ ਰਹੇ। ਕਦੇ ਕਦੇ ਜਾਂ ਹਫ਼ਤੇ ਵਿਚ ਇਕ ਦਿਨ ਫੋਨ ਤੋਂ ਛੁੱਟੀ ਲਓ। ਆਪਣੇ ਸ਼ੌਕ ਨੂੰ ਸਮਾਂ ਦਿਓ। ਕਿਤਾਬਾਂ ਪੜ੍ਹੋ, ਸੰਗੀਤ ਸੁਣੋ, ਘੁੰਮਣ ਫਿਰਨ ਜਾਓ, ਘਰ ਦੀ ਬਗੀਚੀ ਵਿਚ ਬੂਟਿਆਂ ਦੀ ਗੋਡੀ ਕਰੋ, ਪਾਣੀ ਦਿਓ। ਆਪਣੇ ਮਨ ਨੂੰ ਸਮਾਰਟ ਫੋਨ ਦੀ ਬਹੁਤੀ ਵਰਤੋਂ ਦੇ ਬੁਰੇ ਪ੍ਰਭਾਵਾਂ ਬਾਰੇ ਸਮਝਾਓ।
ਇੰਝ ਕਰਕੇ ਹੀ ਸੋਸ਼ਲ ਮੀਡੀਆ ਦੀ ਲੱਤ ਨੂੰ ਘਟਾਇਆ ਜਾ ਸਕਦਾ ਹੈ।
ਆਸਟਰੇਲੀਆ ਦੁਨੀਆਂ ਦਾ ਅਜਿਹਾ ਪਹਿਲਾ ਮੁਲਕ ਬਣਨ ਜਾ ਰਿਹਾ ਹੈ ਜਿਹੜਾ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇੰਟਰਨੈਟ ਵਰਤਣ ਤੋਂ ਸਖ਼ਤ ਕਾਨੂੰਨ ਰਾਹੀਂ ਰੋਕਣ ਲੱਗਾ ਹੈ। ਨਵੰਬਰ ਦੇ ਅਖੀਰ ਵਿਚ ਬਿੱਲ ਦੇ ਵੇਰਵੇ ਸਾਹਮਣੇ ਆਉਣਗੇ ਅਤੇ ਸਾਲ ਬਾਅਦ ਇਹ ਕਾਨੂੰਨ ਲਾਗੂ ਹੋ ਜਾਵੇਗਾ। ਲਾਗੂ ਕਰਨ ਦੀ ਜ਼ਿੰਮੇਵਰੀ ਮੀਡੀਆ ਪਲੇਟਫਾਰਮਾਂ ਦੀ ਹੋਵੇਗੀ।
ਪ੍ਰਧਾਨ ਮੰਤਰੀ ਐਥਨੀ ਅਲਬਨੀਜ਼, ਮਾਪਿਆਂ ਦੁਆਰਾ ਬੱਚਿਆਂ ਦੀ ਸਰੱਖਿਆ ਪ੍ਰਤੀ ਪ੍ਰਗਟਾਈ ਚਿੰਤਾ ਨੂੰ ਲੈ ਕੇ ਚਿੰਤਤ ਹਨ। ਅਕਤੂਬਰ ਮਹੀਨੇ ਇਕ ਲੱਖ 25 ਹਜ਼ਾਰ ਦਸਤਖ਼ਤਾਂ ਵਾਲੀ ਅਪੀਲ ਸਰਕਾਰ ਨੂੰ ਸੌਂਪੀ ਗਈ ਸੀ ਜਿਸਦੇ ਨਤੀਜੇ ਵਜੋਂ ਉਪਰੋਕਤ ਫੈਸਲਾ ਸਾਹਮਣੇ ਆਇਆ ਹੈ।
ਇਹ ਵੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਸੋਸ਼ਲ ਮੀਡੀਆ ਅਤੇ ਇੰਟਰਨੈਟ ਦੇ ਇਸ ਦੌਰ ਵਿਚ ਅਜਿਹਾ ਸਖ਼ਤ ਫੈਸਲਾ ਲਾਗੂ ਕਰ ਸਕਣਾ ਸੁਖਾਲਾ ਨਹੀਂ ਹੋਵੇਗਾ।
------ 0 ------