ਡਿਕਸੀ ਗੁਰੂ ਘਰ ਵਿਖੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਦਾ ਸਨਮਾਨ ਕੀਤਾ ਗਿਆ

Update: 2025-06-09 18:23 GMT

ਕੈਨੇਡਾ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਓਂਟਾਰੀਓ ਖਾਲਸਾ ਦਰਬਾਰ ਵੱਲੋਂ ਵਿਸ਼ੇਸ਼ ਸੱਦੇ ਉੱਤੇ ਪੁੱਜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਸਤਿਕਾਰਯੋਗ ਗ੍ਰੰਥੀ, ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ । ਜਿਕਰਯੋਗ ਹੈ ਕਿ ਸਿੰਘ ਸਾਹਿਬ ਨੇ 29 ਮਈ ਤੋਂ 3 ਜੂਨ ਤੱਕ ਡਿਕਸੀ ਗੁਰੂ ਘਰ ਵਿਖੇ ਕਥਾ ਵਿਚਾਰ ਦੀ ਹਾਜ਼ਰੀ ਭਰੀ ਅਤੇ ਸ਼ਾਮ ਦੇ ਸਮੇ ਰਹਿਰਾਸ ਦੀ ਬਾਣੀ ਦੇ ਜਾਪ ਵੀ ਸਰਵਣ ਕਰਵਾਏ । ਇਸ ਤੋਂ ਇਲਾਵਾ ਜੂਨ ਚੁਰਾਸੀ ਦੇ ਸਾਕੇ ਬਾਰੇ ਉਨ੍ਹਾਂ ਵਿਸ਼ੇਸ਼ ਹਾਜ਼ਰੀ ਭਰਦਿਆਂ ਸ਼ਹੀਦ ਸਿੰਘ ਸਿੰਘਣੀਆ ਨੂੰ ਸ਼ਰਧਾਂਜਲੀ ਭੇਟ ਕੀਤੀ । ਇਸ ਸਮੁੱਚੇ ਸਮੇ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਹਾਜ਼ਰੀ ਭਰ ਕੇ ਸਿੰਘ ਸਾਹਿਬ ਜੀ ਦੁਆਰਾ ਕਥਾ ਵਿਚਾਰ ਸਰਵਣ ਕਰਦਿਆਂ ਲਾਹਾ ਪ੍ਰਾਪਤ ਕੀਤਾ ਗਿਆ । ਸੰਗਤਾਂ ਵੱਲੋਂ ਡਿਕਸੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਇਸੇ ਤਰਾਂ ਸਿੱਖ ਪੰਥ ਦੀਆ ਮਾਣਯੋਗ ਸ਼ਖਸੀਅਤਾਂ ਨੂੰ ਗੁਰੂ ਘਰ ਦੀ ਸਟੇਜ ਤੋਂ ਸੰਗਤਾਂ ਦੇ ਰੂ ਬਰੂ ਕਰਵਾਉਂਦੇ ਰਹਿਣ ਦੀ ਆਸ ਪ੍ਰਗਟ ਕੀਤੀ ਗਈ । ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਨੇ ਕਿਹਾ ਕਿ ਅਸੀ ਵੱਡੇ ਭਾਗਾਂ ਵਾਲੇ ਹਾਂ ਜੋ ਅਸੀ ਸ੍ਰੀ ਦਰਬਾਰ ਸਾਹਿਬ ਦੇ ਸਤਿਕਾਰਯੋਗ ਗ੍ਰੰਥੀ ਸਾਹਿਬਾਨ ਦੇ ਵਿਚਾਰ ਸਰਵਣ ਕੀਤੇ ਅਤੇ ਉਨਾ ਨੂੰ ਸਨਮਾਨਿਤ ਕਰਨ ਦੀ ਖੁਸ਼ੀ ਪ੍ਰਾਪਤ ਕੀਤੀ । ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਗੂਰੂ ਘਰ ਦੇ ਮੁੱਖ ਸਕੱਤਰ ਭਾਈ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਪੰਜਾਬ ਵਿਚਲੇ ਆਪਣੇ ਗੁਰਧਾਮਾਂ ਨਾਲ ਹਮੇਸ਼ਾ ਜੁੜੀਆਂ ਰਹਿਣਾ ਚਾਹੁੰਦੀਆਂ ਹਨ ਤੇ ਖ਼ਾਸ ਕਰ ਦਰਬਾਰ ਸਾਹਿਬ ਤੋਂ ਆਏ ਸਿੰਘ ਸਾਹਿਬਾਨ ਦੇ ਵਿਚਾਰ ਸਰਵਣ ਕਰਕੇ ਆਤਮਿਕ ਅਨੰਦ ਮਹਿਸੂਸ ਕਰਦੀਆਂ ਹਨ । ਉਹਨਾਂ ਨੇ ਸੰਗਤਾਂ ਨੂੰ ਵਿਸ਼ਵਾਸ ਦਿਵਾਉਂਦੇ ਕਿਹਾ ਕਿ ਭਵਿੱਖ ਵਿੱਚ ਵੀ ਪ੍ਰਬੰਧਕ ਕਮੇਟੀ ਵੱਲੋਂ ਅਜਿਹੇ ਉੱਦਮ ਜਾਰੀ ਰਹਿਣਗੇ । ਉਨ੍ਹਾਂ ਭਵਿੱਖ ਵਿੱਚ ਵੀ ਸੰਗਤ ਦੇ ਸਹਿਯੋਗ ਦੀ ਆਸ ਕਰਦਿਆਂ ਆਈਆਂ ਹੋਈਆ ਸੰਗਤਾਂ ਦਾ ਧੰਨਵਾਦ ਕੀਤਾ । ਇਸ ਮੌਕੇ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਭੁਪਿੰਦਰ ਸਿੰਘ ਦੇ ਨਾਲ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਪੰਡੋਰੀ, ਮੀਤ ਪ੍ਰਧਾਨ ਗੁਰਿੰਦਰ ਸਿੰਘ ਭੁੱਲਰ, ਖਜ਼ਾਨਚੀ ਭੁਪਿੰਦਰ ਸਿੰਘ ਬਾਠ, ਸਹਾਇਕ ਖਜ਼ਾਨਚੀ ਨਵਜੀਤ ਸਿੰਘ, ਸਹਾਇਕ ਸਕੱਤਰ ਸਰਬਜੀਤ ਸਿੰਘ, ਡਾਇਰੈਕਟਰ ਸਰਦਾਰਾ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਸਿੰਘ ਧਾਲੀਵਾਲ, ਗੁਰਦੇਵ ਸਿੰਘ ਨਾਹਲ ਅਤੇ ਤਰਨਜੀਤ ਸਿੰਘ ਗਹੂਣੀਆ ਵੀ ਹਾਜ਼ਰ ਸਨ।

Tags:    

Similar News