ਡੋਨਾਲਡ ਟਰੰਪ ਦੇ ਤਾਜਪੋਸ਼ੀ ਸਮਾਰੋਹ ’ਚ ਸਿੱਖਸ ਫ਼ਾਰ ਟਰੰਪ ਨੇ ਕੀਤੀ ਸ਼ਮੂਲੀਅਤ
ਟਰੰਪ ਦੀ ਆਮਦ ਨਾਲ ਭਾਰਤੀ ਭਾਈਚਾਰੇ ਖਾਸ ਕਰ ਸਿੱਖਾਂ ਨੂੰ ਮਿਲੇਗਾ ਵੱਡਾ ਲਾਭ- ਜਸਦੀਪ ਸਿੰਘ ਜੱਸੀ;
ਵਾਸ਼ਿੰਗਟਨ, 21 ਜਨਵਰੀ (ਰਾਜ ਗੋਗਨਾ ) - ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 20 ਜਨਵਰੀ 2025 ਦਿਨ ਸੋਮਵਾਰ ਨੂੰ ਆਪਣਾ ਅਹੁਦਾ ਸੰਭਾਲਣ ਜਾ ਰਹੇ ਹਨ ਜਿਸ ਸਬੰਧੀ ਉਹਨਾਂ ਦੇ ਤਾਜਪੋਸ਼ੀ ਸਮਾਰੋਹ ਪਹਿਲਾਂ ਹੀ ਸ਼ੁਰੂ ਹੋ ਗਏ ਸਨ। ਇਹਨਾਂ ਸਮਾਰੋਹਾਂ ਵਿਚ ਸ਼ਾਮਿਲ ਹੋਣ ਲਈ ਉੱਘੇ ਸਿੱਖ ਆਗੂ ਸ: ਜਸਦੀਪ ਸਿੰਘ ਜੱਸੀ’ ਦੀ ਅਗਵਾਈ ਵਾਲੀ ਸੰਸਥਾ ‘ਸਿੱਖਸ ਫਾਰ ਟਰੰਪ’ ਨੂੰ ਵੀ ਵਿਸ਼ੇਸ਼ ਸੱਦਾ ਮਿਲਿਆ ਜਿਸਨੂੰ ਕਬੂਲ ਕਰਦੇ ਹੋਏ ਸਿੱਖਸ ਆਫ ਟਰੰਪ ਵਲੋਂ ਬਹੁਤ ਹੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਨਾਸ਼ਤੇ ਦੌਰਾਨ ਜਸਦੀਪ ਸਿੰਘ ਜੱਸੀ ਤੇ ਉਹਨਾਂ ਦੇ ਸਾਥੀਆਂ ਵਲੋਂ ਡੋਨਾਲਡ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ, ਰਿਚਰਡ ਹਡਸਨ ਕਾਂਗਰਸਮੈਨ (ਨੌਰਥ ਕੈਰੋਲੀਨਾ), ਮਾਈਕ ਜੌਹਨਸਨ ਸਪੀਕਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਡੋਨਾਲਡ ਟਰੰਪ ਦੀ ਆਮਦ ਨਾਲ ਅਮਰੀਕਾ ਵਿਚ ਭਾਰਤੀ ਭਾਈਚਾਰੇ ਖਾਸ ਕਰ ਸਿੱਖਾਂ ਨੂੰ ਵੱਡਾ ਲਾਭ ਮਿਲਣ ਦੀ ਆਸ ਪੈਦਾ ਹੋਈ ਹੈ ਕਿਉਂਕਿ ਡੋਨਾਲਡ ਟਰੰਪ ਦੇ ਜਿੱਥੇ ਇੰਡੀਆ ਨਾਲ ਸਬੰਧ ਵਧੀਆ ਹਨ ਉੱਥੇ 2015 ਤੋਂ ਹੋਂਦ ਵਿਚ ਆਈ ‘ਸਿੱਖਸ ਫਾਰ ਟਰੰਪ’ ਨੇ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹੁਤ ਹੀ ਨੇੜਿਓਂ ਰਾਬਤਾ ਰੱਖਦੇ ਹੋਏ ਭਾਰਤੀਆਂ ਅਤੇ ਖਾਸਕਰ ਸਿੱਖਾਂ ਦੀਆਂ ਸਮੱਸਿਆਵਾਂ ਤੋਂ ਸਮੇਂ ਸਮੇਂ ’ਤੇ ਜਾਣੂੰ ਕਰਵਾਇਆ ਹੋਇਆ ਹੈ। ਉਹਨਾਂ ਸਮੂਹ ਅਮਰੀਕਾ ਵਾਸੀਆਂ ਨੂੰ ਟਰੰਪ ਦੇ ਰੂਪ ਵਿਚ ਨਵਾਂ ਰਾਸ਼ਟਰਪਤੀ ਮਿਲਣ ਲਈ ਵਧਾਈਆਂ ਵੀ ਭੇਂਟ ਕੀਤੀਆਂ।