Punjab Assembly Budget Session: ਬਾਜਵਾ ਨੇ ਸਰਕਾਰ ਦੀ ਆਰਥਿਕ ਨੀਤੀ 'ਤੇ ਚੁੱਕੇ ਸਵਾਲ
ਵਿਰੋਧੀ ਧਿਰ ਦੇ ਤਿੱਖੇ ਸਵਾਲ
ਚੰਡੀਗੜ੍ਹ: 09 ਮਾਰਚ, 2026
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਸਦਨ ਵਿੱਚ ਭਾਰੀ ਹੰਗਾਮਾ ਅਤੇ ਤਿੱਖੀ ਬਹਿਸ ਦੇਖਣ ਨੂੰ ਮਿਲੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਜਟ 'ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਘੇਰਿਆ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਦਾ ਕੀ ਬਣਿਆ? ਬਾਜਵਾ ਨੇ ਯਾਦ ਦਿਵਾਇਆ ਕਿ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਮਾਈਨਿੰਗ ਤੋਂ ਸਾਲਾਨਾ 20,000 ਕਰੋੜ ਰੁਪਏ ਦੀ ਆਮਦਨ ਹੋਵੇਗੀ, ਪਰ ਬਜਟ ਵਿੱਚ ਇਸ ਦਾ ਕਿਤੇ ਵੀ ਜ਼ਿਕਰ ਨਹੀਂ ਹੈ।
ਔਰਤਾਂ ਨੂੰ 1,000 ਰੁਪਏ ਦੇ ਵਾਅਦੇ 'ਤੇ ਸਵਾਲ
ਪ੍ਰਤਾਪ ਸਿੰਘ ਬਾਜਵਾ ਨੇ ਔਰਤਾਂ ਨੂੰ ਦਿੱਤੇ ਜਾਣ ਵਾਲੇ 1,000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਵਾਅਦਾ ਪੂਰਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਪੰਜ ਸਾਲਾਂ ਵਿੱਚ ਔਰਤਾਂ ਨੂੰ 60,000 ਰੁਪਏ ਮਿਲਣੇ ਚਾਹੀਦੇ ਸਨ, ਪਰ ਹੁਣ ਉਨ੍ਹਾਂ ਨੂੰ ਸਿਰਫ਼ 9,000 ਰੁਪਏ ਹੀ ਮਿਲ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਿੱਧਾ ਸਵਾਲ ਕੀਤਾ ਕਿ ਕੀ ਔਰਤਾਂ ਨੂੰ ਬਾਕੀ ਦੇ 48,000 ਰੁਪਏ ਮਿਲਣਗੇ ਜਾਂ ਸਰਕਾਰ ਨੂੰ ਆਪਣਾ ਪੱਲਾ ਝਾੜਨਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਚਾਰ ਸਾਲਾਂ ਤੋਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਦਾ ਮੁੱਦਾ ਵੀ ਚੁੱਕਿਆ ਅਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ।
ਅਧਿਆਪਕਾਂ ਲਈ ਮੁਆਵਜ਼ਾ ਅਤੇ ਜਲ ਸਰੋਤ ਪ੍ਰੋਜੈਕਟ
ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬਲਾਕ ਸੰਮਤੀ ਚੋਣਾਂ ਦੌਰਾਨ ਸੜਕ ਹਾਦਸਿਆਂ ਵਿੱਚ ਜਾਨ ਗਵਾਉਣ ਵਾਲੇ ਅਧਿਆਪਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਰਣਨੀਤੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੈਂਕਾਂ ਨਾਲ ਗੱਲਬਾਤ ਕਰ ਰਹੀ ਹੈ ਤਾਂ ਜੋ ਪੀੜਤ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾ ਸਕੇ। ਮੁੱਖ ਮੰਤਰੀ ਵੱਲੋਂ ਪਹਿਲਾਂ ਹੀ 10-10 ਲੱਖ ਰੁਪਏ ਦੀ ਨਿੱਜੀ ਮਦਦ ਦਿੱਤੀ ਜਾ ਚੁੱਕੀ ਹੈ, ਅਤੇ ਨੌਕਰੀਆਂ ਦਾ ਮੁੱਦਾ ਨਿਯਮਾਂ ਅਨੁਸਾਰ ਵਿਚਾਰਿਆ ਜਾਵੇਗਾ।
ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਜਗਰਾਉਂ ਖੇਤਰ ਬਾਰੇ ਦੱਸਿਆ ਕਿ ਸਤਲੁਜ ਦਰਿਆ ਦੇ ਕੰਢਿਆਂ 'ਤੇ ਬਣੇ ਬੰਨ੍ਹ ਨੂੰ ਦੋ ਫੁੱਟ ਹੋਰ ਉੱਚਾ ਕੀਤਾ ਜਾਵੇਗਾ ਤਾਂ ਜੋ ਹੜ੍ਹਾਂ ਤੋਂ ਬਚਾਅ ਹੋ ਸਕੇ। ਮੰਤਰੀ ਨੇ ਭਰੋਸਾ ਦਿੱਤਾ ਕਿ ਜੇਕਰ ਕੋਈ ਹੋਰ ਵਿਭਾਗ ਸੜਕਾਂ ਬਣਾਉਣਾ ਚਾਹੁੰਦਾ ਹੈ, ਤਾਂ ਜਲ ਸਰੋਤ ਵਿਭਾਗ ਬਿਨਾਂ ਕਿਸੇ ਦੇਰੀ ਦੇ NOC ਜਾਰੀ ਕਰੇਗਾ। ਜਗਰਾਉਂ ਵਿੱਚ ਨਹਿਰਾਂ ਅਤੇ ਪੁਲਾਂ ਨਾਲ ਸਬੰਧਤ ਕਈ ਨਵੇਂ ਜਲ ਸੰਭਾਲ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ।