ਪਾਕਿਸਤਾਨ ਗਏ ਜੱਥੇ ਵਿੱਚੋਂ ਮਹਿਲਾ ਦੇ ਲਾਪਤਾ ਹੋਣ ਦੇ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਨੇ ਸਰਕਾਰ ਨੂੰ ਘੇਰਿਆ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ੇਸ਼ ਜੱਥਾ ਭਾਰਤ ਤੋਂ ਪਾਕਿਸਤਾਨ ਗਿਆ ਸੀ। ਇਸ ਜੱਥੇ ਵਿੱਚੋਂ ਇੱਕ ਮਹਿਲਾ ਦੇ ਲਾਪਤਾ ਹੋਣ ਅਤੇ ਫਿਰ ਉੱਥੇ ਹੀ ਵਿਆਹ ਕਰ ਲੈਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਗੰਭੀਰ ਰੂਪ ਧਾਰ ਚੁੱਕਾ ਹੈ।
ਅੰਮ੍ਰਿਤਸਰ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ੇਸ਼ ਜੱਥਾ ਭਾਰਤ ਤੋਂ ਪਾਕਿਸਤਾਨ ਗਿਆ ਸੀ। ਇਸ ਜੱਥੇ ਵਿੱਚੋਂ ਇੱਕ ਮਹਿਲਾ ਦੇ ਲਾਪਤਾ ਹੋਣ ਅਤੇ ਫਿਰ ਉੱਥੇ ਹੀ ਵਿਆਹ ਕਰ ਲੈਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਗੰਭੀਰ ਰੂਪ ਧਾਰ ਚੁੱਕਾ ਹੈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਕੱਤਰ ਪ੍ਰਤਾਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਘਟਨਾ ‘ਤੇ ਚਿੰਤਾ ਪ੍ਰਗਟਾਈ ਅਤੇ ਸਰਕਾਰ ਦੀ ਇਨਕੁਆਇਰੀ ਪ੍ਰਕਿਰਿਆ ‘ਤੇ ਵੱਡੇ ਸਵਾਲ ਖੜ੍ਹੇ ਕੀਤੇ।
ਪ੍ਰਤਾਪ ਸਿੰਘ ਨੇ ਦੱਸਿਆ ਕਿ SGPC ਕੋਲ ਜੱਥੇ ਦੀ ਜੋ ਅਧਿਕਾਰਤ ਸੂਚੀ ਆਈ ਸੀ, ਉਸ ਵਿੱਚ ਮਹਿਲਾ ਦਾ ਨਾਮ ਹੀ ਨਹੀਂ ਸੀ। ਜੱਥੇ ਦੇ ਮੈਂਬਰਾਂ ਅਨੁਸਾਰ ਉਹ ਅੱਠ ਦਿਨਾਂ ਤੱਕ ਸਾਰੇ ਸਾਥੀਆਂ ਨਾਲ ਹੀ ਰਹੀ, ਪਰ ਉਸਨੇ ਆਪਣੀਆਂ ਨਿੱਜੀ ਯੋਜਨਾਵਾਂ ਜਾਂ ਕਿਸੇ ਰਿਸ਼ਤੇਦਾਰ ਨਾਲ ਸੰਪਰਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। SGPC ਨੇ ਵੀ ਸਿਰਫ਼ ਸਰਕਾਰੀ ਸੂਚੀ ਦੇ ਅਧਾਰ ‘ਤੇ ਹੀ ਪ੍ਰਵਾਨਗੀ ਦਿੱਤੀ ਕਿਉਂਕਿ ਇਹ ਸਰਕਾਰ ਦੀ ਜਿੰਮੇਵਾਰੀ ਹੁੰਦੀ ਹੈ ਕਿ ਹਰ ਵਿਅਕਤੀ ਦੀ ਬੈਕਗਰਾਊਂਡ ਜਾਂਚੀ ਜਾਵੇ।
ਪ੍ਰਤਾਪ ਸਿੰਘ ਨੇ ਸਾਫ਼ ਕਿਹਾ ਕਿ ਜੇਕਰ ਮਹਿਲਾ ਕਿਸੇ ਨਾਲ ਆਨਲਾਈਨ ਗੱਲਬਾਤ ਕਰ ਰਹੀ ਸੀ ਜਾਂ ਉਸਦੇ ਇਰਾਦੇ ਸ਼ੱਕੀ ਸਨ ਤਾਂ ਇਹ ਪਤਾ ਲਗਾਉਣਾ ਸਰਕਾਰ ਦਾ ਫਰਜ਼ ਸੀ। ਉਹਨਾਂ ਦਾ ਕਹਿਣਾ ਸੀ ਕਿ ਸੁਰੱਖਿਆ ਏਜੰਸੀਆਂ ਨੇ ਜੇ ਸਮੇਂ ਸਿਰ ਇਨਕੁਆਇਰੀ ਕੀਤੀ ਹੁੰਦੀ ਤਾਂ ਉਹ ਮਹਿਲਾ ਬਾਰਡਰ ਪਾਰ ਕਰਨ ਤੋਂ ਪਹਿਲਾਂ ਹੀ ਰੋਕ ਲਈ ਜਾਂਦੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਈ ਹੋਰ ਯਾਤਰੀਆਂ ਨੂੰ ਪਿਛਲੇ ਦਿਨਾਂ ‘ਚ ਰੋਕਿਆ ਗਿਆ।
ਸਕੱਤਰ ਨੇ ਕਿਹਾ ਕਿ ਇਹ ਘਟਨਾ ਸਿਰਫ਼ ਇੱਕ ਪਰਿਵਾਰ ਦੀ ਨਹੀਂ, ਸਗੋਂ ਪੂਰੀ ਸਿੱਖ ਕੌਮ ਦੀ ਬਦਨਾਮੀ ਦਾ ਕਾਰਨ ਬਣਦੀ ਹੈ, ਕਿਉਂਕਿ ਜੱਥੇ ਵਿੱਚ ਸ਼ਾਮਿਲ ਹਰ ਵਿਅਕਤੀ ਸਿੱਖ ਕੌਮ ਦੀ ਨੁਮਾਇੰਦਗੀ ਕਰਦਾ ਹੈ। ਉਨ੍ਹਾਂ ਮਹਿਲਾ ਦੇ ਕਿਰਿਆ-ਕਲਾਪ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹਨੂੰ ਪਹਿਲਾਂ ਆਪਣੇ ਪਰਿਵਾਰ ਅਤੇ ਕੌਮ ਬਾਰੇ ਸੋਚਣਾ ਚਾਹੀਦਾ ਸੀ।
ਪ੍ਰਤਾਪ ਸਿੰਘ ਨੇ ਇਹ ਵੀ ਕਿਹਾ ਕਿ ਹਾਲਾਂਕਿ ਪਾਕਿਸਤਾਨ ਯਾਤਰਾ ਲਈ ਸਰਕਾਰ ਨੇ ਵੀਜ਼ਿਆਂ ਅਤੇ ਸਹੂਲਤਾਂ ਵਿੱਚ ਦਿਲਦਾਰੀ ਦਿਖਾਈ, ਪਰ ਇਸ ਤਰ੍ਹਾਂ ਦੀ ਘਟਨਾ ਸਾਬਤ ਕਰਦੀ ਹੈ ਕਿ ਇਨਕੁਆਇਰੀ ਪ੍ਰਕਿਰਿਆ ਨੂੰ ਹੋਰ ਸਖ਼ਤ ਕਰਨ ਦੀ ਲੋੜ ਹੈ, ਤਾਂ ਜੋ ਅਗਲੇ ਸਮੇਂ ਵਿੱਚ ਜੱਥੇ ਨਾਲ ਜਾ ਰਹੇ ਕਿਸੇ ਵੀ ਵਿਅਕਤੀ ਤੋਂ ਕੋਈ ਭੁੱਲ ਜਾਂ ਗਲਤ ਕਦਮ ਨਾ ਵਾਪਰੇ।