ਧੂੰਆਂ ਦੇਖ ਕੇ ਯਾਤਰੀਆਂ ਨੇ ਚਲਦੀ ਟਰੇਨ 'ਚੋਂ ਮਾਰੀ ਛਾਲ
ਝਾਂਸੀ : ਇੰਟਰਸਿਟੀ ਐਕਸਪ੍ਰੈਸ ਟਰੇਨ ਨੂੰ ਅੱਗ: ਉੱਤਰ ਪ੍ਰਦੇਸ਼ ਦੇ ਝਾਂਸੀ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੰਟਰਸਿਟੀ ਐਕਸਪ੍ਰੈਸ ਟਰੇਨ ਦੀ ਪੈਂਟਰੀ ਕਾਰ 'ਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ 'ਚ ਦਹਿਸ਼ਤ ਫੈਲ ਗਈ। ਧੂੰਏਂ ਦਾ ਗੁਬਾਰ ਦੇਖ ਕੇ ਕੁਝ ਯਾਤਰੀਆਂ ਨੇ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ। ਲੋਕੋ ਪਾਇਲਟ ਨੇ ਤੁਰੰਤ ਟਰੇਨ ਨੂੰ ਰੋਕਿਆ ਅਤੇ ਹਾਦਸੇ ਦੀ ਸੂਚਨਾ ਸਥਾਨਕ ਰੇਲਵੇ ਸਟੇਸ਼ਨ ਨੂੰ ਦਿੱਤੀ। ਰੇਲਵੇ ਪ੍ਰਸ਼ਾਸਨ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।
ਉਦੈਪੁਰ ਖਜੂਰਾਹੋ ਇੰਟਰਸਿਟੀ ਐਕਸਪ੍ਰੈਸ ਟਰੇਨ ਸ਼ੁੱਕਰਵਾਰ ਨੂੰ ਮਬੋਹਾ ਤੋਂ ਝਾਂਸੀ ਜਾ ਰਹੀ ਸੀ। ਇਸ ਦੌਰਾਨ ਮੌਰਾਨੀਪੁਰ ਰੇਲਵੇ ਸਟੇਸ਼ਨ ਨੇੜੇ ਟਰੇਨ ਦੀ ਪੈਂਟਰੀ ਕਾਰ ਨੂੰ ਅੱਗ ਲੱਗ ਗਈ। ਧੂੰਆਂ ਹੌਲੀ-ਹੌਲੀ ਟਰੇਨ ਦੇ ਹੋਰ ਡੱਬਿਆਂ 'ਚ ਫੈਲ ਗਿਆ, ਜਿਸ ਕਾਰਨ ਯਾਤਰੀਆਂ 'ਚ ਚੀਕ-ਚਿਹਾੜਾ ਪੈ ਗਿਆ। ਇਸ ਦੌਰਾਨ ਕੁਝ ਯਾਤਰੀ ਚੱਲਦੀ ਟਰੇਨ ਤੋਂ ਹੇਠਾਂ ਛਾਲ ਮਾਰਨ ਲੱਗੇ।
ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ
ਇਸ ਹਾਦਸੇ ਤੋਂ ਬਾਅਦ ਲੋਕੋ ਪਾਇਲਟ ਨੇ ਮੌਰਾਨੀਪੁਰ ਰੇਲਵੇ ਸਟੇਸ਼ਨ 'ਤੇ ਟਰੇਨ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਯਾਤਰੀਆਂ ਨੂੰ ਟਰੇਨ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਰੇਲਵੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਹੁਣ ਟੀਮ ਇਹ ਪਤਾ ਲਗਾ ਰਹੀ ਹੈ ਕਿ ਪੈਂਟਰੀ ਕਾਰ ਨੂੰ ਅੱਗ ਲੱਗਣ ਦਾ ਕਾਰਨ ਕੀ ਹੈ।
ਇਸ ਘਟਨਾ ਨੂੰ ਲੈ ਕੇ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਏਸੀ ਕੋਚ 'ਚ ਧੂੰਆਂ ਨਿਕਲਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਕਰਮਚਾਰੀ ਬੈੱਡ ਲੈ ਕੇ ਕੋਚ 'ਚੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਸਟੇਸ਼ਨ 'ਤੇ ਯਾਤਰੀਆਂ ਨੂੰ ਇਧਰ-ਉਧਰ ਬੈਠੇ ਦੇਖਿਆ ਗਿਆ। ਹਾਲਾਂਕਿ ਰੇਲਵੇ ਪ੍ਰਸ਼ਾਸਨ ਨੇ ਅੱਗ ਫੈਲਣ ਤੋਂ ਪਹਿਲਾਂ ਹੀ ਸਥਿਤੀ 'ਤੇ ਕਾਬੂ ਪਾ ਲਿਆ।