ਹਰਿਆਣਾ ਭਾਜਪਾ ਵਿਚ ਬਗਾਵਤ : ਪਹਿਲੀ ਸੂਚੀ ਜਾਰੀ ਹੁੰਦੇ ਹੀ 11 ਆਗੂਆਂ ਨੇ ਪਾਰਟੀ ਛੱਡੀ
ਚੰਡੀਗੜ੍ਹ : ਭਾਜਪਾ ਨੇ ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ 67 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਹੀ ਪਾਰਟੀ ਅੰਦਰ ਤਨਾਅ ਦਾ ਮਾਹੌਲ ਹੈ। ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਰਾਣੀਆ, ਮਹਿਮ, ਥਾਨੇਸਰ, ਉਕਲਾਨਾ, ਪ੍ਰਿਥਲਾ, ਰੇਵਾੜੀ, ਰਤੀਆ, ਬਧਰਾ ਵਿੱਚ ਬਗਾਵਤ ਦੇਖਣ ਨੂੰ ਮਿਲੀ। ਰਾਣੀਆ ਤੋਂ ਸਾਬਕਾ ਵਿਧਾਇਕ ਰਣਜੀਤ ਚੌਟਾਲਾ ਨੇ ਸਮਰਥਕਾਂ ਨਾਲ ਮੀਟਿੰਗ ਕੀਤੀ। ਟਿਕਟ ਰੱਦ ਹੋਣ ਦੀ ਸੂਰਤ ਵਿੱਚ ਬਗਾਵਤ ਦੇ ਸੰਕੇਤ ਪਹਿਲਾਂ ਹੀ ਦੇ ਚੁੱਕੇ ਹਨ।
ਟਿਕਟ ਨਾ ਮਿਲਣ ਤੋਂ ਬਾਅਦ ਰਤੀਆ ਤੋਂ ਭਾਜਪਾ ਵਿਧਾਇਕ ਲਕਸ਼ਮਣ ਨਾਪਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਗੇ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਕੀਤੀ ਹੈ। ਰੋਹਤਕ ਜ਼ਿਲ੍ਹੇ ਦੀ ਮਹਿਮ ਸੀਟ ਤੋਂ ਭਾਜਪਾ ਦੇ 2019 ਦੇ ਉਮੀਦਵਾਰ ਸ਼ਮਸ਼ੇਰ ਸਿੰਘ ਖਰਖਰਾ, ਚਰਖੀ ਦਾਦਰੀ ਜ਼ਿਲ੍ਹੇ ਤੋਂ ਭਾਜਪਾ ਦੇ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਉਰਫ ਭੱਲੇ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਇਲਾਵਾ ਸੋਨੀਪਤ ਜ਼ਿਲ੍ਹਾ ਉਪ ਪ੍ਰਧਾਨ ਸੰਜੀਵ ਵਲੇਚਾ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ।
ਸੋਨੀਪਤ-ਹਿਸਾਰ ਵਿੱਚ ਵੀ ਬਗਾਵਤ ਹੋਈ
ਹਿਸਾਰ ਦੀ ਉਕਲਾਨਾ ਸੀਟ ਤੋਂ ਸਾਬਕਾ ਜੇਜੇਪੀ ਵਿਧਾਇਕ ਅਨੂਪ ਧਾਨਕ ਨੂੰ ਟਿਕਟ ਮਿਲਣ ਤੋਂ ਬਾਅਦ ਨਾਰਾਜ਼ ਸ਼ਮਸ਼ੇਰ ਗਿੱਲ ਅਤੇ ਸਾਬਕਾ ਉਮੀਦਵਾਰ ਸੀਮਾ ਗੱਬੀਪੁਰ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਕਮਲ ਗੁਪਤਾ ਨੂੰ ਹਿਸਾਰ ਤੋਂ ਟਿਕਟ ਮਿਲਣ ਤੋਂ ਬਾਅਦ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਤਰੁਣ ਜੈਨ ਨੇ ਪਾਰਟੀ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ। ਇਸ ਦਾ ਐਲਾਨ ਉਹ ਪਹਿਲਾਂ ਹੀ ਕਰ ਚੁੱਕੇ ਸਨ। ਸੋਨੀਪਤ 'ਚ ਭਾਜਪਾ ਪੂਰਵਾਂਚਲ ਸੈੱਲ ਦੇ ਕੋ-ਕਨਵੀਨਰ ਸੰਜੇ ਠੇਕੇਦਾਰ ਨੇ ਵੀ ਭਾਜਪਾ ਛੱਡਣ ਦਾ ਐਲਾਨ ਕਰ ਦਿੱਤਾ ਹੈ।
ਸੋਨੀਪਤ ਤੋਂ ਕਵਿਤਾ ਜੈਨ ਵੀ ਬਗਾਵਤ ਕਰ ਸਕਦੀ ਹੈ। ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਕਵਿਤਾ ਜੈਨ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਓਐਸਡੀ ਰਾਜੀਵ ਜੈਨ ਦੀ ਪਤਨੀ ਹੈ। ਭਾਜਪਾ ਦੀ ਸੂਚੀ ਜਾਰੀ ਹੁੰਦੇ ਹੀ ਪਾਰਟੀ ਦੇ ਪੁਰਾਣੇ ਆਗੂ ਨਾਰਾਜ਼ ਦੱਸੇ ਜਾ ਰਹੇ ਹਨ। ਇਸ ਵਿੱਚ ਕਈ ਸਾਬਕਾ ਮੰਤਰੀ ਅਤੇ ਵਿਧਾਇਕ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਪਾਰਟੀ ਨੇ 11 ਦਲ-ਬਦਲੂਆਂ ਨੂੰ ਵੀ ਮੌਕਾ ਦਿੱਤਾ ਹੈ। ਅਜਿਹੇ 'ਚ ਜੇਕਰ ਪਾਰਟੀ ਨੇ ਬਾਗੀ ਆਗੂਆਂ ਨੂੰ ਚੋਣ ਲੜਨ ਤੋਂ ਨਾ ਰੋਕਿਆ ਤਾਂ ਹੈਟ੍ਰਿਕ ਦੀ ਕੋਸ਼ਿਸ਼ ਕਰਦੇ ਹੋਏ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ।