ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹਾਂ, ਮਾਫ਼ੀਆਂ ਉੱਤੇ ਰੋਕਾਂ ਹਟਾਈਆਂ, 328 ਸਰੂਪ ਮਾਮਲੇ ‘ਚ ਸਿਆਸੀ ਦਖਲ ਬਰਦਾਸ਼ਤ ਨਹੀਂ SGPC ਸੁਤੰਤਰ ਸੰਸਥਾ: ਗਿ: ਕੁਲਦੀਪ ਸਿੰਘ ਗੜਗੱਜ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਅੱਜ ਪੰਥਕ ਮਸਲਿਆਂ ਸਬੰਧੀ ਫ਼ੈਸਲੇ ਸੁਣਾਉਣ ਮਗਰੋਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੁਨੀਆ ਭਰ ਦੇ ਸਿੱਖਾਂ ਦੀ ਮਰਿਆਦਾ ਤੇ ਇਨਸਾਫ਼ ਦਾ ਕੇਂਦਰ ਹੈ।

Update: 2025-12-08 15:07 GMT

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਅੱਜ ਪੰਥਕ ਮਸਲਿਆਂ ਸਬੰਧੀ ਫ਼ੈਸਲੇ ਸੁਣਾਉਣ ਮਗਰੋਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੁਨੀਆ ਭਰ ਦੇ ਸਿੱਖਾਂ ਦੀ ਮਰਿਆਦਾ ਤੇ ਇਨਸਾਫ਼ ਦਾ ਕੇਂਦਰ ਹੈ।

ਗੁਰਮਤ ਅਨੁਸਾਰ ਜੋ ਵੀ ਸਿੱਖ ਆਪਣੀ ਭੁੱਲ ਮੰਨ ਕੇ ਤਖ਼ਤ ਸਾਹਿਬ ਅੱਗੇ ਨਿਮਰਤਾ ਨਾਲ ਪੇਸ਼ ਹੁੰਦਾ ਹੈ, ਉਹਨੂੰ ਸਜ਼ਾ ਸਮੇਤ ਮਾਫ਼ੀ ਦੇ ਰਾਹ ’ਤੇ ਲਿਆਂਦਾ ਜਾਂਦਾ ਹੈ। ਅੱਜ ਪੇਸ਼ ਹੋਏ ਕੇਸਾਂ ਵਿੱਚ ਕਈ ਸਿੱਖ ਸ਼ਖ਼ਸੀਅਤਾਂ ਨੇ ਸੰਗਤ ਤੋਂ ਮਾਫ਼ੀ ਮੰਗੀ। ਜਸਵੰਤ ਸਿੰਘ (ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ) ਨੂੰ ਸ਼੍ਰੀਨਗਰ ਦੌਰੇ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ ਦੌਰਾਨ ਹੋਈ ਬੇਅਦਬੀ ਦੇ ਮਾਮਲੇ ਵਿੱਚ ਤਨਖ਼ਾਹ ਲਗਾਈ ਗਈ।

ਇਸੇ ਤਰ੍ਹਾਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ 2015 ਦੇ ਸੌਦਾ ਸਾਧ ਮਾਫ਼ੀ ਮਾਮਲੇ ਸਬੰਧੀ ਅਕਾਲ ਤਖ਼ਤ ਸਾਹਿਬ ਅੱਗੇ ਮਾਫ਼ੀ ਮੰਗੀ, ਜਿਸ ਤੋਂ ਬਾਅਦ ਧਾਰਮਿਕ ਸਮਾਗਮਾਂ ’ਤੇ ਲੱਗੀ ਰੋਕ ਹਟਾ ਦਿੱਤੀ ਗਈ। ਵਿਰਸਾ ਸਿੰਘ ਵਲਟੋਆ ਵੱਲੋਂ ਪਿਛਲੇ ਸਮੇਂ ਕੀਤੀ ਗਈ ਵਿਵਾਦਿਤ ਬਿਆਨਬਾਜ਼ੀ ਦੇ ਮਾਮਲੇ ਵਿੱਚ ਵੀ ਅੱਜ ਮਾਫ਼ੀ ਮੰਗੇ ਜਾਣ ਮਗਰੋਂ ਅਕਾਲੀ ਦਲ ਵਿੱਚ ਸੇਵਾ ’ਤੇ ਲਾਈ ਗਈ 10 ਸਾਲਾਂ ਦੀ ਪਾਬੰਦੀ ਹਟਾ ਦਿੱਤੀ ਗਈ।

ਯੂਕੇ ਦੇ ਪ੍ਰਚਾਰਕ ਹਰਿੰਦਰ ਸਿੰਘ ਵੱਲੋਂ ਕਥਾ ਦੌਰਾਨ ਅਪਸ਼ਬਦ ਵਰਤਣ ਦੇ ਕੇਸ ਵਿੱਚ ਵੀ ਤਨਖ਼ਾਹ ਲਗਾ ਕੇ ਪਾਬੰਦੀ ਉਤਾਰ ਦਿੱਤੀ ਗਈ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ’ਤੇ ਮਾਫ਼ੀ ਮੰਗੀ, ਜਿਸ ਉਪਰੰਤ ਉਨ੍ਹਾਂ ਨੂੰ ਵੀ ਤਨਖ਼ਾਹ ਲਗਾਈ ਗਈ।

328 ਸਰੂਪ ਮਾਮਲੇ ਸਬੰਧੀ ਜਥੇਦਾਰ ਗਿਆਨੀ ਗੜਗੱਜ ਨੇ ਸਪਸ਼ਟ ਕੀਤਾ ਕਿ ਐਸਜੀਪੀਸੀ ਇਕ ਸੁਤੰਤਰ ਧਾਰਮਿਕ ਸੰਸਥਾ ਹੈ ਅਤੇ ਇਸ ਦੇ ਮਸਲਿਆਂ ਵਿੱਚ ਸਿਆਸੀ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਹੋ ਚੁੱਕੀ ਹੈ ਅਤੇ ਰਿਪੋਰਟਾਂ ਅਨੁਸਾਰ ਹੀ ਅੱਗੇ ਕਾਰਵਾਈ ਹੋਏਗੀ।

ਕੈਲੰਡਰ ਵਿਵਾਦ ’ਤੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 27 ਦਸੰਬਰ ਨੂੰ ਹੀ ਕੈਲੰਡਰ ਅਨੁਸਾਰ ਮਨਾਇਆ ਜਾਵੇਗਾ। ਹਾਲਾਂਕਿ ਜਿੱਥੇ ਸੰਗਤ ਨੂੰ ਦਿੱਕਤ ਹੋਵੇ, ਉਥੇ ਸਥਾਨਕ ਪੱਧਰ ’ਤੇ ਸਮਾਗਮ ਮਨਾਉਣ ਦੀ ਖੁੱਲ੍ਹ ਹੈ।ਦਰਬਾਰ ਸਾਹਿਬ ਵਿੱਚ ਵੀਆਈਪੀ ਪ੍ਰੋਟੋਕਾਲ ਦੌਰਾਨ ਪੁਲਿਸ ਦੀ ਗੁੰਡਾਗਰਦੀ ਦੇ ਦੋਸ਼ਾਂ ’ਤੇ ਜਥੇਦਾਰ ਨੇ ਕਿਹਾ ਕਿ ਗੁਰੂ ਦੇ ਦਰਬਾਰ ਵਿੱਚ ਕੋਈ ਵੀਆਈਪੀ ਨਹੀਂ ਸਭ ਬਰਾਬਰ ਹਨ।

ਅੱਗੇ ਤੋਂ ਇਦਾਂ ਦੇ ਘਟਨਾ ਦੁਬਾਰਾ ਨਾ ਹੋਵੇ, ਇਸ ਲਈ ਐਸਜੀਪੀਸੀ ਨਾਲ ਮੀਟਿੰਗ ਕੀਤੀ ਜਾਵੇਗੀ। ਅਖੀਰ ’ਚ ਜਥੇਦਾਰ ਨੇ ਸਿੱਖ ਕੌਮ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਲੀਆਂ ਸਿਆਸੀ ਚਾਲਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਗੁਰਮਤ ਅਨੁਸਾਰ ਏਕਤਾ, ਨਿਮਰਤਾ ਤੇ ਸੇਵਾ ਹੀ ਪੰਥ ਦੀ ਤਾਕਤ ਹੈ।

Tags:    

Similar News