ਕੰਗਨਾ ਰਣੌਤ 'ਤੇ NSA ਲਾ ਕੇ ਜੇਲ੍ਹ ਭੇਜੋ : ਰਾਜਕੁਮਾਰ ਵੇਰਕਾ
ਕੰਗਨਾ ਰਣੌਤ ਦੇ ਬਿਆਨ ਨੇ ਮਚਾਇਆ ਹੰਗਾਮਾ;
ਅੰਮ੍ਰਿਤਸਰ : ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ ਨੂੰ ਲੈ ਕੇ ਪੰਜਾਬ 'ਚ ਹੰਗਾਮਾ ਮਚ ਗਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਨੇ ਕੰਗਨਾ ਰਣੌਤ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਲਗਾਉਣ ਅਤੇ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ।
ਕੰਗਨਾ ਦੇ ਇੰਟਰਵਿਊ ਤੋਂ ਬਾਅਦ ਸਾਬਕਾ ਮੰਤਰੀ ਨੇ ਵੀਡੀਓ ਜਾਰੀ ਕੀਤਾ। ਜਿਸ 'ਚ ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਹਰ ਰੋਜ਼ ਪੰਜਾਬ ਦੇ ਨੇਤਾਵਾਂ ਖਿਲਾਫ ਜ਼ਹਿਰ ਉਗਲਦੀ ਹੈ। ਅੱਜ ਕੰਗਨਾ ਰਣੌਤ ਨੇ ਕਿਹਾ ਕਿਸਾਨ ਖਾਲਿਸਤਾਨੀ ਹਨ। ਦੇਸ਼ ਦੇ ਕਿਸਾਨਾਂ ਨਾਲ ਦੁਰਵਿਵਹਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਤਲ ਅਤੇ ਬਲਾਤਕਾਰ ਹੋਏ।
ਵੇਰਕਾ ਨੇ ਅੱਗੇ ਕਿਹਾ, "ਕੰਗਨਾ ਕਿਸੇ ਦੇ ਉਕਸਾਉਣ 'ਤੇ ਬੋਲ ਰਹੀ ਹੈ।" ਭਾਜਪਾ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਹ ਭਾਜਪਾ ਦੀ ਚੁਣੀ ਹੋਈ ਸੰਸਦ ਮੈਂਬਰ ਹੈ। ਉਹ ਕੋਈ ਆਮ ਕਲਾਕਾਰ ਨਹੀਂ ਹੈ।
ਸੀਐਮ ਭਗਵੰਤ ਮਾਨ ਨੂੰ ਮੰਗ ਕਰਦੇ ਹੋਏ ਵੇਰਕਾ ਨੇ ਕਿਹਾ- ਮੈਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦਾ ਹਾਂ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ। ਉਸ ਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਅਤੇ ਉਸ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ।
ਉਥੇ ਹੀ ਪੰਜਾਬ ਭਾਜਪਾ ਨੇ ਕੰਗਨਾ ਰਣੌਤ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਇਹ ਕੰਗਣਾ ਦਾ ਨਿੱਜੀ ਬਿਆਨ ਹੈ, ਇਸ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।