ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਘਟਨਾ ਤੋਂ ਬਾਅਦ ਪੁਲਿਸ ਨੇ ਗਨਮੈਨ ਦੀ ਖੋਜ ਸ਼ੁਰੂ ਕਰ ਦਿੱਤੀ ਸੀ ਅਤੇ ਸ਼ੁੱਕਰਵਾਰ ਨੂੰ 22 ਸਾਲਾ ਇੱਕ ਵਿਅਕਤੀ ਖੁਦ ਪੁਲਿਸ ਦੇ ਹਵਾਲੇ ਹੋ ਗਿਆ ਹੈ। ਉਸ ਉੱਤੇ ਮਾਮਲਾ ਦਰਜ ਕੀਤਾ ਜਾਵੇਗਾ।
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਇੱਕ 18 ਸਾਲਾ ਪੰਜਾਬੀ ਨੌਜਵਾਨ ਏਕਮ ਸਿੰਘ ਸਾਹਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਨਿਊਕਾਸਲ ਦੇ ਬਾਰ ਬੀਚ ਕਾਰ ਪਾਰਕ ਵਿੱਚ ਵਾਪਰੀ, ਜਿੱਥੇ ਝਗੜੇ ਤੋਂ ਬਾਅਦ ਕੁਝ ਨੌਜਵਾਨਾਂ ਨੇ ਉਸ 'ਤੇ ਗੋਲੀਆਂ ਚਲਾਈਆਂ। ਮੌਕੇ 'ਤੇ ਪੁੱਜੀ ਐਮਰਜੈਂਸੀ ਟੀਮ ਨੇ ਉਸ ਨੂੰ ਜ਼ਖਮੀ ਹਾਲਤ ਵਿੱਚ ਲੱਭਿਆ, ਪਰ ਉਸ ਦੀ ਜਾਨ ਬਚਾਈ ਨਹੀਂ ਜਾ ਸਕੀ। ਮ੍ਰਿਤਕ ਦੀ ਪਛਾਣ ਪਟਿਆਲਾ ਦੇ ਰਾਜਪੁਰਾ ਵਾਸੀ ਅਮਰਿੰਦਰ ਸਿੰਘ ਸਾਹਨੀ ਦੇ ਪੁੱਤਰ ਵਜੋਂ ਹੋਈ ਹੈ।
ਪੁਲਿਸ ਦੇ ਅਨੁਸਾਰ, ਘਟਨਾ ਦੇ ਸਮੇਂ ਕਾਰ ਪਾਰਕ ਵਿੱਚ ਕੁਝ ਲੋਕਾਂ ਵਿਚਕਾਰ ਝਗੜਾ ਹੋ ਰਿਹਾ ਸੀ। ਇਸ ਦੌਰਾਨ ਇੱਕ ਚੋਰੀ ਹੋਈ ਵਾਈਟ SUV ਕਾਰ ਆਈ, ਜਿਸ ਵਿੱਚੋਂ ਇੱਕ ਵਿਅਕਤੀ ਹਥਿਆਰ ਨਾਲ ਉਤਰਿਆ ਅਤੇ ਏਕਮ ਸਿੰਘ 'ਤੇ ਗੋਲੀਆਂ ਚਲਾਈਆਂ। ਗੋਲੀਆਂ ਮਾਰਨ ਵਾਲਾ ਵਿਅਕਤੀ ਫਿਰ ਕਾਰ ਵਿੱਚ ਬੈਠ ਕੇ ਭੱਜ ਗਿਆ। ਬਾਅਦ ਵਿੱਚ ਇਹ ਵਾਹਨ ਟਿੰਗਿਰਾ ਹਾਈਟਸ ਦੇ ਨੇੜੇ ਜਲਾਇਆ ਹੋਇਆ ਮਿਲਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਝਗੜੇ ਨਾਲ ਸਿੱਧਾ ਸੰਬੰਧਿਤ ਨਹੀਂ ਸੀ।
ਘਟਨਾ ਤੋਂ ਬਾਅਦ ਪੁਲਿਸ ਨੇ ਗਨਮੈਨ ਦੀ ਖੋਜ ਸ਼ੁਰੂ ਕਰ ਦਿੱਤੀ ਸੀ ਅਤੇ ਸ਼ੁੱਕਰਵਾਰ ਨੂੰ 22 ਸਾਲਾ ਇੱਕ ਵਿਅਕਤੀ ਖੁਦ ਪੁਲਿਸ ਦੇ ਹਵਾਲੇ ਹੋ ਗਿਆ ਹੈ। ਉਸ ਉੱਤੇ ਮਾਮਲਾ ਦਰਜ ਕੀਤਾ ਜਾਵੇਗਾ।
ਮ੍ਰਿਤਕ ਦੇ ਪਰਿਵਾਰ ਅਤੇ ਦੋਸਤਾਂ ਨੇ ਉਸ ਨੂੰ ਇਕ ਪਿਆਰਾ ਅਤੇ ਪਰਿਵਾਰ-ਪ੍ਰਤੀ ਬਹੁਤ ਸਮਰਪਿਤ ਨੌਜਵਾਨ ਵਜੋਂ ਯਾਦ ਕੀਤਾ ਹੈ। ਮ੍ਰਿਤਕ ਦੀ ਬਜ਼ੁਰਗ ਦਾਦੀ ਮਨਮੋਹਨ ਕੌਰ ਆਪਣੇ ਘਰ ਵਿੱਚ ਬਹੁਤ ਦੁਖੀ ਹਨ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਜਾਣਕਾਰੀ ਵਾਲੇ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।