Indian Air Force ਦੀ ਤਾਕਤ ਵਧਾਉਣ ਲਈ 3.25 ਲੱਖ ਕਰੋੜ ਰੁਪਏ ਦੇ ਰਾਫੇਲ ਸੌਦੇ ਦੀ ਤਿਆਰੀ
ਨਵੀਂ ਦਿੱਲੀ, 6 ਫਰਵਰੀ 2026: ਭਾਰਤੀ ਹਵਾਈ ਸੈਨਾ (IAF) ਆਪਣੀ ਲੜਾਕੂ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਇੱਕ ਵੱਡੇ ਰੱਖਿਆ ਸੌਦੇ ਵੱਲ ਕਦਮ ਵਧਾ ਰਹੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਫਰਵਰੀ ਦੇ ਤੀਜੇ ਹਫ਼ਤੇ ਹੋਣ ਵਾਲੇ ਭਾਰਤ ਦੌਰੇ ਤੋਂ ਪਹਿਲਾਂ, ਰੱਖਿਆ ਮੰਤਰਾਲਾ 114 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ ₹3.25 ਲੱਖ ਕਰੋੜ ਦੇ ਪ੍ਰਸਤਾਵ 'ਤੇ ਅਹਿਮ ਚਰਚਾ ਕਰਨ ਜਾ ਰਿਹਾ ਹੈ। ਇਸ ਪ੍ਰਸਤਾਵ ਨੂੰ ਪਿਛਲੇ ਮਹੀਨੇ ਰੱਖਿਆ ਪ੍ਰਾਪਤੀ ਬੋਰਡ ਵੱਲੋਂ ਪਹਿਲਾਂ ਹੀ ਮੁੱਢਲੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਅਗਲੇ ਹਫ਼ਤੇ ਇੱਕ ਉੱਚ-ਪੱਧਰੀ ਮੀਟਿੰਗ ਵਿੱਚ ਇਸ ਦੇ ਸੰਚਾਲਨ ਵੇਰਵਿਆਂ 'ਤੇ ਵਿਚਾਰ ਕੀਤਾ ਜਾਵੇਗਾ।
ਵਰਤਮਾਨ ਵਿੱਚ ਭਾਰਤੀ ਹਵਾਈ ਸੈਨਾ ਕੋਲ ਸਿਰਫ਼ 30 ਲੜਾਕੂ ਸਕੁਐਡਰਨ ਹਨ, ਜਦੋਂ ਕਿ ਦੇਸ਼ ਦੀ ਸੁਰੱਖਿਆ ਲਈ 42 ਸਕੁਐਡਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਪਾਕਿਸਤਾਨ, ਚੀਨ ਅਤੇ ਹਾਲ ਹੀ ਵਿੱਚ ਬੰਗਲਾਦੇਸ਼ ਦੇ ਬਦਲਦੇ ਹਾਲਾਤਾਂ ਕਾਰਨ ਪੈਦਾ ਹੋਏ ਸੁਰੱਖਿਆ ਖ਼ਤਰਿਆਂ ਦੇ ਮੱਦੇਨਜ਼ਰ ਇਹ ਸੌਦਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਭਾਰਤ ਨੂੰ 88 ਸਿੰਗਲ-ਸੀਟਰ ਅਤੇ 26 ਟਵਿਨ-ਸੀਟਰ ਜਹਾਜ਼ ਮਿਲਣਗੇ। ਖ਼ਾਸ ਗੱਲ ਇਹ ਹੈ ਕਿ 'ਮੇਕ ਇਨ ਇੰਡੀਆ' ਮੁਹਿੰਮ ਤਹਿਤ ਲਗਭਗ 80 ਪ੍ਰਤੀਸ਼ਤ ਜਹਾਜ਼ਾਂ ਦਾ ਨਿਰਮਾਣ ਭਾਰਤ ਵਿੱਚ ਹੀ ਦਸਾਲਟ ਐਵੀਏਸ਼ਨ ਅਤੇ ਭਾਰਤੀ ਨਿੱਜੀ ਕੰਪਨੀਆਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ।
ਇਸ ਨਵੇਂ ਸੌਦੇ ਦੇ ਪੂਰਾ ਹੋਣ ਨਾਲ ਭਾਰਤ ਕੋਲ ਰਾਫੇਲ ਜਹਾਜ਼ਾਂ ਦੀ ਕੁੱਲ ਗਿਣਤੀ 176 ਹੋ ਜਾਵੇਗੀ, ਜਿਸ ਵਿੱਚ ਹਵਾਈ ਸੈਨਾ ਦੇ 150 ਅਤੇ ਜਲ ਸੈਨਾ ਦੇ 26 ਜਹਾਜ਼ ਸ਼ਾਮਲ ਹੋਣਗੇ। ਭਾਰਤ ਸਰਕਾਰ ਨੇ ਇਸ ਸਾਲ ਦੇ ਰੱਖਿਆ ਬਜਟ ਵਿੱਚ ਵੀ 15 ਪ੍ਰਤੀਸ਼ਤ ਦਾ ਵਾਧਾ ਕਰਦਿਆਂ ਇਸ ਨੂੰ 7.85 ਲੱਖ ਕਰੋੜ ਰੁਪਏ ਤੱਕ ਪਹੁੰਚਾ ਦਿੱਤਾ ਹੈ, ਜੋ ਕਿ ਫੌਜੀ ਆਧੁਨਿਕੀਕਰਨ ਵੱਲ ਸਰਕਾਰ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਰਾਸ਼ਟਰਪਤੀ ਮੈਕਰੋਨ 18 ਫਰਵਰੀ ਨੂੰ ਦਿੱਲੀ ਵਿੱਚ ਹੋਣ ਵਾਲੇ ਏਆਈ (AI) ਸੰਮੇਲਨ ਵਿੱਚ ਸ਼ਾਮਲ ਹੋਣਗੇ, ਜਿਸ ਦੌਰਾਨ ਇਸ ਰਣਨੀਤਕ ਸੌਦੇ 'ਤੇ ਅੰਤਿਮ ਮੋਹਰ ਲੱਗਣ ਦੀ ਉਮੀਦ ਜਤਾਈ ਜਾ ਰਹੀ ਹੈ।