ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਪੈਨਸਿਲਵਾਨੀਆ ਵਿੱਚ ਫਿਲਾਡੈਲਫੀਆ ਦੇ ਬਾਹਰਵਾਰ ਇੱਕ ਨਰਸਿੰਗ ਹੋਮ ਵਿੱਚ ਜਬਰਦਸਤ ਧਮਾਕਾ ਹੋਣ ਉਪਰੰਤ ਅੱਗ ਲੱਗ ਗਈ। ਇਸ ਘਟਨਾ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਧਮਾਕੇ ਉਪਰੰਤ ਹਫੜ ਦਫੜੀ ਮਚ ਗਈ । ਬ੍ਰਿਸਟਲ ਟਾਊਨਸ਼ਿੱਪ ਪੁਲਿਸ ਲੈਫਟੀਨੈਂਟ ਸੀਨ ਗੋਰਗਰੋਵ ਨੇ ਕਿਹਾ ਹੈ ਕਿ ਅਜੇ ਇਹ ਸਾਫ ਨਹੀਂ ਹੈ ਕਿ ਜ਼ਖਮੀਆਂ ਵਿੱਚ ਕੋਈ ਗੰਭੀਰ ਹੈ ਜਾਂ ਨਹੀਂ। ਮੁੱਢਲੀਆਂ ਰਿਪੋਰਟਾਂ ਅਨੁਸਾਰ ਕੁਝ ਲੋਕ ਅੰਦਰ ਫਸੇ ਹੋ ਸਕਦੇ ਹਨ। ਪੈਨਸਿਲਵਾਨੀਆ ਐਮਰਜੈਂਸੀ ਮੈਨਜਮੈਂਟ ਏਜੰਸੀ ਦੇ ਬੁਲਾਰੇ ਰੂਥ ਮਿਲਰ ਨੇ ਕਿਹਾ ਹੈ ਕਿ ਧਮਾਕੇ ਕਾਰਨ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ ਹੈ। ਮੁਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਧਮਾਕਾ ਗੈਸ ਰਿਸਣ ਕਾਰਨ ਹੋਇਆ ਹੋ ਸਕਦਾ ਹੈ। ਅਸਿਸਟੈਂਟ ਸੁਪਰਡੈਂਟ ਬ੍ਰਿਸਟਲ ਟਾਊਨਸ਼ਿੱਪ ਸਕੂਲ ਡਿਸਟ੍ਰਿਕਟ ਕ੍ਰਿਸਟੋਫਰ ਪੋਲਜ਼ਰ ਨੇ ਦੱਸਿਆ ਕਿ ਘਟਨਾ ਕਾਰਨ ਉਖੜੇ ਲੋਕਾਂ ਨੂੰ ਹੈਰੀ ਐਸ ਟਰਿਊਮੈਨ ਹਾਈ ਸਕੂਲ ਵਿੱਚ ਰਖਿਆ ਗਿਆ ਹੈ।