Canada ਵਿੱਚ ਪਰਮਿੰਦਰ ਸਿੰਘ ਨੂੰ ਫਿਰੌਤੀਆਂ ਮੰਗਣ ਦੇ ਦੋਸ਼ ਵਿੱਚ ਸਾਢੇ ਸੱਤ ਸਾਲ ਦੀ ਕੈਦ
ਘਰਾਂ ਨੂੰ ਲਾਉਂਦਾ ਸੀ ਅੱਗ, ਵੱਡੇ ਕਾਰੋਬਾਰੀਆਂ ਨੂੰ ਬਣਾਉਂਦਾ ਸੀ ਨਿਸ਼ਾਨਾ, ਪਰਮਿੰਦਰ ਸਿੰਘ ਪ੍ਰੋਜੈਕਟ ਗੈਸਲਾਈਟ ਵਿੱਚ ਦੋਸ਼ੀ ਮੰਨਣ ਵਾਲਾ ਆਖਰੀ ਸਹਿ-ਸਾਜ਼ਿਸ਼ਕਰਤਾ ਸੀ ਅਕਤੂਬਰ 2023 ਤੋਂ ਜੁਲਾਈ 2024 ਤੱਕ ਸਰਗਰਮ ਸੀ ਗਿਰੋਹ, ਬਾਕੀ ਪਹਿਲਾਂ ਹੀ ਹੋ ਚੁੱਕੇ ਗ੍ਰਿਫ਼ਤਾਰ
ਕੈਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਆਈ ਇੱਕ ਬਹੁਤ ਹੀ ਗੰਭੀਰ ਅਤੇ ਚੌਕਾਉਣ ਵਾਲੀ ਖ਼ਬਰ ਨੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਐਡਮਿੰਟਨ ਪੁਲਿਸ ਸਰਵਿਸ ਵੱਲੋਂ ਚਲਾਏ ਗਏ ‘ਪ੍ਰੋਜੈਕਟ ਗੈਸਲਾਈਟ’ ਜਬਰਦਸਤੀ ਮਾਮਲੇ ਵਿੱਚ ਇੱਕ ਹੋਰ ਵੱਡਾ ਮੋੜ ਆਇਆ ਹੈ। ਇਹ ਇੱਕ ਅਜਿਹਾ ਮਾਮਲਾ ਹੈ, ਜਿੱਥੇ ਇੱਕ ਇੰਡੋ-ਕੈਨੇਡੀਅਨ ਘਰ ਬਣਾਉਣ ਵਾਲੇ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ, ਉਸ ਸਮੇਂ —ਜਦੋਂ ਇੱਕ ਪੁਲਿਸ ਅਧਿਕਾਰੀ ਨੇੜੇ ਹੀ ਆਪਣੀ ਗੱਡੀ ਵਿੱਚ ਮੌਜੂਦ ਸੀ। ਇਸ ਗੰਭੀਰ ਵਾਰਦਾਤ ਦੇ ਮੁੱਖ ਦੋਸ਼ੀ 22 ਸਾਲਾ ਪਰਮਿੰਦਰ ਸਿੰਘ ਨੂੰ ਅਦਾਲਤ ਵੱਲੋਂ ਸੱਤ ਸਾਢੇ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸਨੇ ਚਾਰ ਵੱਡੇ ਦੋਸ਼ ਕਬੂਲ ਕੀਤੇ ਹਨ- ਜਬਰਦਸਤੀ ਵਸੂਲੀ, ਪਿਸਤੌਲ ਚਲਾਉਣਾ, ਅਤੇ ਇੱਕ ਐਡਮਿੰਟਨ ਪੁਲਿਸ ਅਧਿਕਾਰੀ ‘ਤੇ ਹਥਿਆਰ ਤਾੜਣਾ। ਸਜ਼ਾ ਪੂਰੀ ਹੋਣ ਤੋਂ ਬਾਅਦ, ਪਰਮਿੰਦਰ ਸਿੰਘ ਨੂੰ ਕੈਨੇਡਾ ਤੋਂ ਦੇਸ਼ ਨਿਕਾਲਾ ਮਿਲਣ ਦੀ ਪੂਰੀ ਸੰਭਾਵਨਾ ਹੈ- ਇਹ ਗੱਲ ਖੁਦ ਉਸਦੇ ਬਚਾਅ ਪੱਖ ਦੇ ਵਕੀਲ ਨੇ ਮੰਨੀ ਹੈ। ਪਰਮਿੰਦਰ ਸਿੰਘ ਪ੍ਰੋਜੈਕਟ ਗੈਸਲਾਈਟ ਵਿੱਚ ਦੋਸ਼ੀ ਮੰਨਣ ਵਾਲਾ ਆਖਰੀ ਸਹਿ-ਸਾਜ਼ਿਸ਼ਕਰਤਾ ਸੀ।
ਇਹ ਜਾਂਚ ਇੱਕ ਵਿਸ਼ਾਲ ਅਤੇ ਸੁਚੱਜੇ ਜਬਰਦਸਤੀ ਨੈਟਵਰਕ ‘ਤੇ ਕੇਂਦਰਿਤ ਸੀ, ਜੋ ਕਥਿਤ ਤੌਰ ‘ਤੇ ਐਡਮਿੰਟਨ ਦੇ ਇੱਕ ਸਾਬਕਾ ਨਿਵਾਸੀ ਮਨਿੰਦਰ ਸਿੰਘ ਧਾਲੀਵਾਲ ਲਈ ਕੰਮ ਕਰ ਰਿਹਾ ਸੀ, ਜੋ ਇਸ ਸਮੇਂ ਯੂਏਈ ਵਿੱਚ ਹੈ ਅਤੇ ਕੈਨੇਡਾ ਹਵਾਲਗੀ ਦਾ ਸਾਹਮਣਾ ਕਰ ਰਿਹਾ ਹੈ। ਅਕਤੂਬਰ 2023 ਤੋਂ ਜੁਲਾਈ 2024 ਤੱਕ, ਇਸ ਗਿਰੋਹ ਨੇ ਦੱਖਣੀ ਏਸ਼ੀਆਈ ਘਰ ਬਣਾਉਣ ਵਾਲਿਆਂ ਨੂੰ ਸਿੱਧੀਆਂ ਮੌਤ ਦੀਆਂ ਧਮਕੀਆਂ ਦਿੱਤੀਆਂ, ਅਤੇ ਕਈ ਮਾਮਲਿਆਂ ਵਿੱਚ ਲੱਖਾਂ ਡਾਲਰ ਦੀ ਫਿਰੌਤੀ ਮੰਗੀ ਗਈ। ਇਸ ਦੌਰਾਨ 12 ਸ਼ੋਅ ਘਰਾਂ ਨੂੰ ਅੱਗ ਲਗਾਈ ਗਈ, ਦੋ ਹੋਰਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ, ਅਤੇ ਕੁੱਲ ਮਿਲਾ ਕੇ 10 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ। ਅਦਾਲਤ ਵਿੱਚ ਸਾਹਮਣੇ ਆਇਆ ਕਿ ਪਰਮਿੰਦਰ ਸਿੰਘ ਦੀ ਭੂਮਿਕਾ ਸਭ ਤੋਂ ਵੱਧ ਹਿੰਸਕ ਸੀ। ਉਸਨੇ ਕਬੂਲ ਕੀਤਾ ਕਿ ਉਸਨੇ ਇੱਕ ਬਿਲਡਰ ਦੇ ਘਰ ‘ਤੇ ਹੈਂਡਗਨ ਤੋਂ ਨੌਂ ਗੋਲੀਆਂ ਚਲਾਈਆਂ, ਉਸ ਬਿਲਡਰ ਨੂੰ ਥੋੜ੍ਹੀ ਦੇਰ ਪਹਿਲਾਂ ਹੀ ਵਟਸਐਪ ‘ਤੇ ਇੱਕ ਧਮਕੀ ਭਰਿਆ ਸੁਨੇਹਾ ਮਿਲਿਆ ਸੀ। ਧਮਕੀ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਅਤੇ ਇੱਕ ਐਡਮਿੰਟਨ ਪੁਲਿਸ ਸਾਰਜੈਂਟ ਗੁਆਂਢੀ ਦੇ ਘਰ ਦੇ ਬਾਹਰ ਬਿਨਾਂ ਨਿਸ਼ਾਨ ਵਾਲੀ ਪੁਲਿਸ ਗੱਡੀ ਵਿੱਚ ਮੌਜੂਦ ਸੀ, ਜਦੋਂ ਇੱਕ ਚੱਲਦੀ ਐੱਸਯੂਵੀ ਤੋਂ ਗੋਲੀਆਂ ਚਲਾਈਆਂ ਗਈਆਂ।
ਪੁਲਿਸ ਅਧਿਕਾਰੀ ਨੇ ਤੁਰੰਤ ਪਿੱਛਾ ਕੀਤਾ, ਅਤੇ ਕੁਝ ਹੀ ਦੂਰੀ ‘ਤੇ ਪਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਠੀਕ ਪਹਿਲਾਂ, ਪਰਮਿੰਦਰ ਸਿੰਘ ਨੇ ਪਿਸਤੌਲ ਪੁਲਿਸ ਅਧਿਕਾਰੀ ਵੱਲ ਤਾਣੀ, ਅਤੇ ਫਿਰ ਭੱਜਦੇ ਹੋਏ ਉਸਨੂੰ ਕੂੜੇ ਦੇ ਡੱਬੇ ਵਿੱਚ ਸੁੱਟ ਦਿੱਤਾ। ਹੋਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਸਮੇਂ ਪਰਮਿੰਦਰ ਸਿੰਘ ਪਹਿਲਾਂ ਹੀ ਇੱਕ ਹੋਰ ਅਪਰਾਧ ‘ਚ ਰਿਹਾਅ ਸੀ, ਅਤੇ ਉਸ ‘ਤੇ ਹਥਿਆਰ ਰੱਖਣ ਦੀ ਪਾਬੰਦੀ ਲੱਗੀ ਹੋਈ ਸੀ। ਹੈਂਡਗਨ ਦਾ ਸੀਰੀਅਲ ਨੰਬਰ ਮਿਟਾਇਆ ਹੋਇਆ ਸੀ, ਅਤੇ ਮੈਗਜ਼ੀਨ ਵਧੀ ਹੋਈ ਸੀ। ਅਦਾਲਤ ਨੇ ਇਹ ਵੀ ਸੁਣਿਆ ਕਿ ਐਡਮਿੰਟਨ ਰਿਮਾਂਡ ਸੈਂਟਰ ਵਿੱਚ ਕੈਦ ਦੌਰਾਨ ਵੀ ਪਰਮਿੰਦਰ ਸਿੰਘ ਜਬਰਦਸਤੀ ਅੱਗਜ਼ਨੀ ਦੀ ਸਾਜ਼ਿਸ਼ ਰਚਦਾ ਰਿਹਾ, ਅਤੇ ਹੋਰ ਸਾਜ਼ਿਸ਼ਕਾਰਾਂ ਨਾਲ ਫ਼ੋਨ ‘ਤੇ ਸੰਪਰਕ ਵਿੱਚ ਰਿਹਾ। ਅਦਾਲਤ ਨੇ ਮੰਨਿਆ ਕਿ ਜੇਕਰ ਪਰਮਿੰਦਰ ਸਿੰਘ ਕੈਨੇਡੀਅਨ ਨਾਗਰਿਕ ਨਹੀਂ ਹੈ, ਤਾਂ ਉਸਨੂੰ ਬਿਨਾਂ ਕਿਸੇ ਹੋਰ ਸੁਣਵਾਈ ਦੇ ਦੇਸ਼ ਨਿਕਾਲਾ ਮਿਲ ਸਕਦਾ ਹੈ। ਹੁਣ ਗੱਲ ਕਰੀਏ ਮੁੱਖ ਦੋਸ਼ੀਆਂ ਦੀ- 34 ਸਾਲਾ ਮਨਿੰਦਰ ਸਿੰਘ ਧਾਲੀਵਾਲ, ਇਸ ਗਿਰੋਹ ਦਾ ਕਥਿਤ ਸਰਗਨਾ, ਉਹ 2024 ਵਿੱਚ ਯੂਏਈ ‘ਚ ਗ੍ਰਿਫ਼ਤਾਰ ਹੋਇਆ ਸੀ ਅਤੇ ਉਸਦੀ ਕੈਨੇਡਾ ਹਵਾਲਗੀ ਅਜੇ ਲੰਬਿਤ ਹੈ। 19 ਸਾਲਾ ਗੁਰਕਰਨ ਸਿੰਘ ਜਬਰਦਸਤੀ ਅਤੇ ਅੱਗਜ਼ਨੀ ਦੇ ਦੋਸ਼ਾਂ ‘ਚ ਕਰੀਬ 7 ਸਾਲ ਦੀ ਸਜ਼ਾ ਭੁਗਤ ਰਿਹਾ ਹੈ।
20 ਸਾਲਾ ਮਾਨਵ ਹੀਰ ‘ਬ੍ਰਦਰਜ਼ ਕੀਪਰਜ਼’ ਗੈਂਗ ਨਾਲ ਜੁੜਿਆ ਹੋਇਆ, ਜਿਸ ‘ਤੇ ਜਬਰਦਸਤੀ, ਅੱਗਜ਼ਨੀ, ਸਾਜ਼ਿਸ਼ ਅਤੇ ਨਕਲੀ ਹਥਿਆਰਾਂ ਦੇ ਦੋਸ਼ ਹਨ। 19 ਸਾਲਾ ਦਿਵਨੂਰ ਅਸ਼ਟ ਨੂੰ ਅੱਗਜ਼ਨੀ ਅਤੇ ਜਬਰਦਸਤੀ ਵਸੂਲੀ ਦੇ ਮਾਮਲੇ ਵਿੱਚ ਸਾਢੇ ਚਾਰ ਸਾਲ ਦੀ ਸਜ਼ਾ। 19 ਸਾਲਾ ਜਸ਼ਨਦੀਪ ਕੌਰ ਦੇ ਜਬਰੀ ਵਸੂਲੀ ਅਤੇ ਅੱਗਜ਼ਨੀ ਦੇ ਦੋਸ਼ ਅਜੇ ਅਦਾਲਤ ਵਿੱਚ ਹਨ। ਇੱਕ 17 ਸਾਲਾ ਨੌਜਵਾਨ, ਜਿਸਦਾ ਨਾਮ ਕਾਨੂੰਨੀ ਕਾਰਨਾਂ ਕਰਕੇ ਗੁਪਤ ਰੱਖਿਆ ਗਿਆ ਹੈ, ਉਹ ਵੀ ਦੋਸ਼ੀ ਪਾਇਆ ਜਾ ਚੁੱਕਾ ਹੈ। ਇਸ ਮਾਮਲੇ ਦੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਗਿਰੋਹ ਦੇ ਸੀਨੀਅਰ ਮੈਂਬਰ ਹਰਪ੍ਰੀਤ ਉੱਪਲ ਅਤੇ ਉਸਦੇ ਪੁੱਤਰ ਦੀ ਬਾਅਦ ਵਿੱਚ ਇੱਕ ਵੱਖਰੀ ਗੋਲੀਬਾਰੀ ਵਿੱਚ ਹੱਤਿਆ ਕਰ ਦਿੱਤੀ ਗਈ, ਜਿਸ ਨਾਲ ਇਸ ਸਿੰਡੀਕੇਟ ਦੇ ਹਿੰਸਕ ਅਤੇ ਨਿਰਦਈ ਚਿਹਰੇ ਦੀ ਪੂਰੀ ਤਰ੍ਹਾਂ ਪਰਤ ਖੁਲ ਗਈ।ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਪ੍ਰੋਜੈਕਟ ਗੈਸਲਾਈਟ ਹੁਣ ਪੂਰੀ ਤਰ੍ਹਾਂ ਖਤਮ ਕੀਤਾ ਜਾ ਚੁੱਕਾ ਹੈ, ਅਤੇ ਇਹ ਕਾਰਵਾਈ ਜਨਤਾ ਦੀ ਸੁਰੱਖਿਆ ਲਈ ਇੱਕ ਵੱਡੀ ਕਾਮਯਾਬੀ ਹੈ। ਇਹ ਮਾਮਲਾ ਨਾ ਸਿਰਫ ਕਾਨੂੰਨ ਲਈ, ਸਗੋਂ ਪੂਰੇ ਦੱਖਣੀ ਏਸ਼ੀਆਈ ਭਾਈਚਾਰੇ ਲਈ ਇੱਕ ਸਖ਼ਤ ਚੇਤਾਵਨੀ ਵੀ ਹੈ ਕਿ ਅਪਰਾਧ, ਜਬਰ ਅਤੇ ਡਰ ਰਾਹੀਂ ਕਮਾਈ ਕਰਨ ਵਾਲਿਆਂ ਲਈ ਕੈਨੇਡਾ ਵਿੱਚ ਕੋਈ ਥਾਂ ਨਹੀਂ।