ਓਨਟਾਰੀਓ ਦੇ ਟ੍ਰਾਂਸਪੋਰਟ ਮੰਤਰੀ ਪ੍ਰਬਮੀਤ ਸਰਕਾਰੀਆ ਨੂੰ ਮਿਲਿਆ ਭਰਵਾਂ ਹੁੰਗਾਰਾ
ਓਪਨ ਹਾਊਸ ਲਾਂਚ 'ਚ ਸਾਥ ਦੇਣ ਲਈ ਵੱਡੀ ਗਿਣਤੀ 'ਚ ਪਹੁੰਚੇ ਬਰੈਂਪਟਨ ਵਾਸੀ
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਵੱਲੋਂ ਜਲਦੀ ਸੂਬਾਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਕਾਰਨ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਓਨਟਾਰੀਓ ਪ੍ਰੋਗ੍ਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਟ੍ਰਾਂਸਪੋਰਟ ਮੰਤਰੀ ਪ੍ਰਬਮੀਤ ਸਰਕਾਰੀਆਂ ਵੱਲੋਂ ਓਪਨ ਹਾਊਸ ਲਾਂਚ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਨੂੰ ਵੱਡੀ ਗਿਣਤੀ 'ਚ ਲੋਕਾਂ ਦਾ ਸਾਥ ਮਿਲਿਆ। ਕਾਫੀ ਬਰੈਂਪਟਨ ਵਾਸੀ ਉਨ੍ਹਾਂ ਨੂੰ ਮਿਲਣ ਲਈ, ਸਾਥ ਦੇਣ ਲਈ, ਉਤਸ਼ਾਹਿਤ ਕਰਨ ਲਈ ਪਹੁੰਚੇ। ਕੁੱਝ ਲੋਕਾਂ ਵੱਲੋਂ ਫੀਡਬੈਕ ਵੀ ਦਿੱਤੀ ਜਾ ਰਹੀ ਸੀ ਅਤੇ ਜੋ ਕੋਈ ਹੋਰ ਸਮੱਸਿਆ ਹੈ ਤਾਂ ਉਸ ਬਾਰੇ ਵੀ ਪ੍ਰਬਮੀਤ ਸਰਕਾਰੀਆਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਵਲੰਟੀਅਰਜ਼ ਦੀ ਟੀਮ ਵੀ ਮੌਜੂਦ ਸੀ ਜਿੰਨ੍ਹਾਂ ਵੱਲੋਂ ਸਭ ਕੁੱਝ ਬਹੁਤ ਹੀ ਚੰਗੇ ਢੰਗ ਨਾਲ ਪ੍ਰਬੰਧ ਕੀਤਾ ਹੋਇਆ ਸੀ। ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਸੀ। ਟ੍ਰਾਂਸਪੋਰਟ ਮੰਤਰੀ ਪ੍ਰਬਮੀਤ ਸਰਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦਾ ਸਾਥ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੈ। ਉਨ੍ਹਾਂ ਨੇ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਵੱਲੋਂ ਬਰੈਂਪਟਨ ਲਈ ਕੀਤੇ ਗਏ ਕੰਮਾਂ ਦੀ ਗੱਲ ਕੀਤੀ ਅਤੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਹੁਣ ਤੱਕ ਜੋ ਵੀ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਿਵੇਂ ਕਿ ਬਰੈਂਪਟਨ 'ਚ ਦੂਜੇ ਹਸਪਤਾਲ ਬਣਨ ਜਾ ਰਿਹਾ ਹੈ, ਹਾਈਵੇਅ 413, ਨਵਾਂ ਮੈਡੀਕਲ ਸਕੂਲ ਜੋ ਕਿ ਗਰਮੀਆਂ 'ਚ ਸ਼ੁਰੂ ਹੋ ਜਾਵੇਗਾ ਅਤੇ ਇਸ ਤੋਂ ਇਲਾਵਾ ਹੁਣ ਅੰਡਰਗਰਾਊਂਡ ਐੱਲਆਰਟੀ (ਸਬਵੇਅ) ਬਣਾਉਣ ਦੇ ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ ਗਈ ਹੈ।
ਇਸ ਮੌਕੇ 'ਤੇ ਉਨ੍ਹਾਂ ਦਾ ਸਾਥ ਦੇਣ ਲਈ ਪੀਸੀ ਪਾਰਟੀ ਦੇ ਉਮੀਦਵਾਰ ਅਤੇ ਬਰੈਂਪਟਨ ਵੈਸਟ ਤੋਂ ਐੱਮਪੀਪੀ ਅਮਰਜੋਤ ਸੰਧੂ ਵੀ ਪਹੁੰਚੇ। ਨਾਲ ਹੀ ਡਿਪਟੀ ਮੇਅਰ ਹਰਕੀਰਤ ਸਿੰਘ, ਰੀਜ਼ਨਲ ਕਾਊਂਸਲਰ ਪਾਲ ਵਿਸੇਂਟੇ, ਕੈਲੇਡਨ ਤੋਂ ਮੇਅਰ ਐਨੇਟ ਗਰੋਵਜ਼, ਸਾਬਕਾ ਪੀਲ ਪੁਲਿਸ ਸਰਵਿਸਿਜ਼ ਬੋਰਡ ਦੇ ਮੈਂਬਰ ਰੌਨ ਚੱਠਾ ਵੀ ਮੌਜੂਦ ਸਨ। ਸਾਰਿਆਂ ਨੇ ਕਿਹਾ ਕਿ ਪ੍ਰਬਮੀਤ ਸਰਕਾਰੀਆ ਇੱਕ ਬਹੁਤ ਚੰਗੇ ਚੰਗੇ ਅਤੇ ਨੇਕ ਇਨਸਾਨ ਹਨ ਅਤੇ ਉਹ ਹਰ ਸਮੇਂ ਲੋਕਾਂ ਦੀ ਮਦਦ ਕਰਨ ਲਈ ਹਾਜ਼ਰ ਰਹਿੰਦੇ ਹਨ।
ਜੂਨ 2026 'ਚ ਹੋਣ ਦੀ ਬਜਾਏ ਹੁਣ ਚੋਣਾਂ 27 ਫਰਵਰੀ, 2025 ਨੂੰ ਹੋ ਰਹੀਆਂ ਹਨ। ਡੱਗ ਫੋਰਡ ਨੇ 2018 'ਚ ਪਹਿਲੀ ਵਾਰ ਪ੍ਰੀਮੀਅਰ ਦੀ ਚੋਣ ਲੜੀ ਸੀ ਅਤੇ ਜਿੱਤ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ 2022 ਦੀਆਂ ਓਨਟਾਰੀਓ ਸੂਬਾਈ ਚੋਣਾਂ 'ਚ ਵੀ ਡੱਗ ਫੋਰਡ ਨੂੰ ਬਹੁਮਤ ਨਾਲ ਜਿੱਤ ਹਾਸਲ ਹੋਈ ਸੀ।