ਮਹਾਰਾਸ਼ਟਰ ਵਿੱਚ ਵੋਟਾਂ ਦੇ ਬਦਲੇ ਨੋਟ, ECI ਨੇ ਦਰਜ ਕਰਵਾਈ FIR
ਮਹਾਰਾਸ਼ਟਰ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ, ਚੋਣ ਕਮਿਸ਼ਨ ਇੱਕ ਹੋਟਲ ਵਿੱਚ ਪਹੁੰਚਿਆ ਅਤੇ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਦੇ ਕਮਰੇ ਤੋਂ ਕਥਿਤ ਤੌਰ 'ਤੇ ਪੈਸੇ ਅਤੇ ਦਸਤਾਵੇਜ਼ ਜ਼ਬਤ ਕੀਤੇ। ਕਮਿਸ਼ਨ ਨੇ ਵਿਨੋਦ ਤਾਵੜੇ ਅਤੇ ਭਾਜਪਾ ਉਮੀਦਵਾਰ ਰਾਜਨ ਨਾਇਕ ਵਿਰੁੱਧ ਵੀ ਐਫਆਈਆਰ ਦਰਜ ਕਰਵਾਈ ਹੈ। ਦੋਵਾਂ ਆਗੂਆਂ ਖ਼ਿਲਾਫ਼ ਲੋਕ ਪ੍ਰਤੀਨਿਧਤਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਬਹੁਜਨ ਵਿਕਾਸ ਅਗਾੜੀ ਇਕ ਹੋਟਲ ਵਿਚ ਪਹੁੰਚੀ ਅਤੇ ਉਥੇ ਮੌਜੂਦ ਭਾਜਪਾ ਦੇ ਜਨਰਲ ਸਕੱਤਰ ਨੇਤਾ ਵਿਨੋਦ ਤਾਵੜੇ 'ਤੇ ਵੋਟਰਾਂ ਵਿਚ 5 ਕਰੋੜ ਰੁਪਏ ਵੰਡਣ ਦਾ ਦੋਸ਼ ਲਗਾਇਆ। ਬੀਵੀਏ ਵੱਲੋਂ ਪੈਸਿਆਂ ਦੀ ਇੱਕ ਵੀਡੀਓ ਅਤੇ ਇੱਕ ਡਾਇਰੀ ਵੀ ਜਾਰੀ ਕੀਤੀ ਗਈ। ਨਾਲਾਸੋਪਾਰਾ 'ਚ ਇਸ ਹੰਗਾਮੇ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਭਾਜਪਾ ਆਗੂ ਵੱਡੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ।
ਚੋਣ ਕਮਿਸ਼ਨ ਨੇ ਮੁੰਬਈ ਦੇ ਵਿਰਾਰ ਸਥਿਤ ਇੱਕ ਹੋਟਲ ਵਿੱਚ ਵਿਨੋਦ ਤਾਵੜੇ ਦੇ ਕਮਰੇ ਵਿੱਚੋਂ 9 ਲੱਖ ਰੁਪਏ ਅਤੇ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਬਰਾਮਦਗੀ ਅਤੇ ਜ਼ਬਤ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਾਲਾਂਕਿ, ਕਮਿਸ਼ਨ ਨੇ ਸਿਰਫ ਇਹ ਕਿਹਾ ਕਿ ਕੁਝ ਜ਼ਬਤ ਕੀਤਾ ਗਿਆ ਹੈ। ਪਰ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ। ਦੂਜੇ ਪਾਸੇ ਵਿਰੋਧੀ ਧਿਰ ਦੇ ਦੋਸ਼ਾਂ ਤੋਂ ਬਾਅਦ ਕਮਿਸ਼ਨ ਦੇ ਅਧਿਕਾਰੀਆਂ ਨੇ ਵਿਨੋਦ ਤਾਵੜੇ ਅਤੇ ਨਾਲਸੋਪਾਰਾ ਦੇ ਭਾਜਪਾ ਉਮੀਦਵਾਰ ਰਾਜਨ ਨਾਇਕ ਵਿਰੁੱਧ ਐਫਆਈਆਰ ਦਰਜ ਕੀਤੀ ਹੈ।