ਨਵ੍ਹਾਂ WhatsApp Scam ਆਇਆ ਸਾਹਮਣੇ, Chandigarh Police ਨੇ ਦਿੱਤੀ ਜਾਣਕਾਰੀ
ਪੂਰੀ ਦੁਨੀਆ 'ਚ ਇਸ ਵੇਲੇ ਆੱਨਲਾਈਨ ਘੁਟਾਲ਼ਿਆਂ ਦਾ ਹੜ੍ਹ ਆਇਆ ਹੋਇਆ ਹੈ। ਭਾਰਤੀ ਵੀ ਇਸ ਮਾਮਲੇ 'ਚ ਕਿਸੇ ਤੋਂ ਪਿੱਛੇ ਨਹੀਂ ਹੈ। ਨਿੱਤ ਕੋਈ ਨਵੀਂ ਕਿਸਮ ਦਾ ਆਨਲਾਈਨ ਸਕੈਮ ਸਾਹਮਣੇ ਆ ਰਿਹਾ ਹੈ।
ਚੰਡੀਗੜ੍ਹ: ਪੂਰੀ ਦੁਨੀਆ 'ਚ ਇਸ ਵੇਲੇ ਆੱਨਲਾਈਨ ਘੁਟਾਲ਼ਿਆਂ ਦਾ ਹੜ੍ਹ ਆਇਆ ਹੋਇਆ ਹੈ। ਭਾਰਤੀ ਵੀ ਇਸ ਮਾਮਲੇ 'ਚ ਕਿਸੇ ਤੋਂ ਪਿੱਛੇ ਨਹੀਂ ਹੈ। ਨਿੱਤ ਕੋਈ ਨਵੀਂ ਕਿਸਮ ਦਾ ਆਨਲਾਈਨ ਸਕੈਮ ਸਾਹਮਣੇ ਆ ਰਿਹਾ ਹੈ। ਹੁਣ ਵ੍ਹਟਸਐਪ ਘੋਸਟ ਪੇਅਰਿੰਗ ਘੁਟਾਲ਼ੇ ਦੀ ਗੱਲ ਹੋਣ ਲੱਗੀ ਹੈ। ਚੰਡੀਗੜ੍ਹ ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਯੂਟੀ ਪੁਲਿਸ ਨੇ ਆਮ ਜਨਤਾ ਨੂ਼ੰ ਇਸ ਨਿਵੇਕਲੇ ਘੁਟਾਲ਼ੇ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਕੁਝ ਲੋਕ ਇਸ ਘੁਟਾਲ਼ੇ ਦੇ ਸ਼ਿਕਾਰ ਹੋਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਹਰਕਤ ਵਿੱਚ ਆਈ ਹੈ।
ਪੁਲਿਸ ਤੋਂ ਮਿਲ਼ੀ ਜਾਣਕਾਰੀ ਮੁਤਾਬਕ ਸਾਈਬਰ ਮੁਜਰਿਮ ਹੁਣ ਬਿਨਾ ਕਿਸੇ ਓਟੀਪੀ ਜਾਂ ਪਾਸਵਰਡ ਦੇ ਹੀ ਵ੍ਹਟਸਐਪ ਅਕਾਊਂਟ ਕਰ ਰਹੇ ਹਨ। ਭਾਰਤ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ CERT-In ਨੇ ਵੀ ਇਸ ਸਬੰਧੀ ਇੱਕ ਗੰਭੀਰ ਕਿਸਮ ਦੀ ਚੇਤਾਵਨੀ ਜਾਰੀ ਕੀਤੀ ਹੈ। ਮਾਹਿਰਾਂ ਨੇ ਦੱਸਿਆ ਕਿ ਇਹ ਨਵੀਂ ਸਾਈਬਰ ਧੋਖਾਧੜੀ ਵ੍ਹਟਸਐਪ ਦੇ ਲਿੰਕਡ ਡਿਵਾਈਸ ਫ਼ੀਚਰ ਰਾਹੀਂ ਹੋ ਰਹੀ ਹੈ। ਖਪਤਕਾਰ ਜਾਂ ਯੂਜ਼ਰ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਸ ਦੇ ਵ੍ਹਟਸਐਪ ਖਾਤੇ ਨੂੰ ਕੋਈ ਦੂਜਾ ਵਿਅਕਤੀ ਆਪਣੇ ਸਿਸਟਮ ਨਾਲ਼ ਜੋੜ ਚੁੱਕਿਆ ਹੈ। ਉਸ ਦੁਆਰਾ ਹੀ ਉਹ ਹੈਕਰ ਫਿਰ ਉਸ ਪੂਰੇ ਅਕਾਊਂਟ ਨੂੰ ਆਪਣੇ ਕੰਟਰੋਲ ਹੇਠ ਲੈ ਲੈਂਦੇ ਹਨ।
ਦਰਅਸਲ, ਘੋਸਟ ਪੇਅਰਿੰਗ ਘੁਟਾਲਾ ਬਹੁਤ ਹੀ ਖ਼ਤਰਨਾਕ ਸਿੱਧ ਹੋ ਰਿਹਾ ਹੈ। ਇਸ ਵਿੱਚ, ਧੋਖੇਬਾਜ਼ ਹੈਕਰ ਕਿਸਮ ਦੇ ਲੋਕ ਤੁਹਾਡੀ ਜਾਣਕਾਰੀ ਤੋਂ ਬਿਨਾਂ ਤੁਹਾਡੇ ਖਾਤੇ ਨਾਲ ਜੁੜਦੇ ਹਨ। ਖਪਤਕਾਰਾਂ ਨੂੰ ਕਿਸੇ ਵੀ ਲਿੰਕ 'ਤੇ ਕਲਿੱਕ ਕਰਨ ਜਾਂ OTP ਸ਼ੇਅਰ ਕਰਨ ਲਈ ਵੀ ਨਹੀਂ ਕਿਹਾ ਜਾਂਦਾ। ਫਿਰ ਹੈਕਰ ਪੇਅਰ ਭਾਵ ਜੋੜਾ ਬਣਾ ਕੇ ਆਪਣੀ ਕਾਰਵਾਈ ਨੂੰ ਅੰਜਾਮ ਦਿੰਦੇ ਹਨ ਕਿਉਂਕਿ ਉਹ ਤੁਹਾਡੇ ਖਾਤੇ ਨਾਲ਼ ਸਿੱਧੇ ਜੁੜੇ ਹੁੰਦੇ ਹਨ।
ਵਿਚਾਰੇ ਪੀੜਤ ਯੂਜ਼ਰ ਲੰਬੇ ਸਮੇਂ ਤੱਕ ਇਸ ਧੋਖਾਧੜੀ ਤੋਂ ਅਣਜਾਣ ਰਹਿੰਦੇ ਹਨ। ਬੈਂਕਿੰਗ ਖੇਤਰ, ਸੋਸ਼ਲ ਮੀਡੀਆ ਅਤੇ ਨਿੱਜੀ ਡੇਟਾ ਭਾਵ ਸਭ ਕੁਝ ਹੀ ਹੈਕਰਾਂ ਕੋਲ਼ ਪੁੱਜ ਜਾਂਦਾ ਹੈ।
ਪੁਲਿਸ ਦੇ ਸਾਈਬਰ ਮਾਹਿਰਾਂ ਮੁਤਾਬਕ ਮੁਜਰਿਮ ਤੁਹਾਡੀ ਜਾਣਕਾਰੀ ਤੋਂ ਬਗ਼ੈਰ ਚੁੱਪ-ਚੁਪੀਤੇ ਕਿਸੇ ਐਪ ਜਾਂ ਡਿਵਾਈਸ ਨੂੰ ਤੁਹਾਡੇ ਵ੍ਹਟਸਐਪ ਅਕਾਊਂਟ ਨਾਲ ਜੋੜਦੇ ਹਨ। ਇੱਕ ਵਾਰ ਜਦੋਂ ਉਨ੍ਹਾਂ ਦੀ ਡਿਵਾਈਸ ਤੁਹਾਡੇ ਅਕਾਊਂਟ ਨਾਲ ਜੁੜ ਜਾਂਦੀ ਹੈ, ਤਾਂ ਉਹ ਤੁਹਾਡੇ ਮੈਸੇਜਸ, ਡੇਟਾ ਤੇ ਫਿਰ ਕਿਸੇ ਵੀ ਤਰੀਕੇ ਤੁਹਾਡੇ ਬੈਂਕਿੰਗ ਦੇ ਵੀ ਸਾਰੇ ਵੇਰਵਿਆਂ ਤੱਕ ਪੁੱਜ ਜਾਂਦੇ ਹਨ। ਖਪਤਾਰ ਜਾਂ ਯੂਜ਼ਰ ਨੂੰ ਇਸ ਬਾਰੇ ਕਦੇ ਵੀ ਕੁਝ ਪਤਾ ਨਹੀਂ ਚੱਲਦਾ।
ਕੋਈ OTP, ਕੋਈ ਪਾਸਵਰਡ ਅਤੇ ਕਿਸੇ ਸਿਮ ਨਾਲ ਕੋਈ ਛੇੜਖਾਨੀ ਵੀ ਨਹੀਂ ਹੁੰਦੀ। ਇਸੇ ਕਰਕੇ ਕਿਸੇ ਨੂੰ ਕਿਤੇ ਸੁਖਾਲ਼ਿਆਂ ਇਸ ਦਾ ਕੁਝ ਵੀ ਪਤਾ ਨਹੀਂ ਲੱਗਦਾ। ਇਸੇ ਲਈ ਇਹ ਸਕੈਮ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਨਾਲ ਲੋਕਾਂ ਦੀ ਨਿੱਜੀ ਅਤੇ ਵਿੱਤੀ ਜਾਣਕਾਰੀ ਖ਼ਤਰੇ ਵਿੱਚ ਪੈ ਰਹੀ ਹੈ।
ਚੰਡੀਗੜ੍ਹ ਪੁਲਿਸ ਦੇ ਸਾਈਬਰ ਮਾਹਿਰ ਨੇ ਦੱਸਿਆ ਕਿ ਪਹਿਲਾਂ ਤੁਹਾਡੇ ਕੋਲ਼ ਵ੍ਹਟਸਐਪ 'ਤੇ ਇੱਕ ਮੈਸੇਜ ਆਵੇਗਾ। ਉਸ ਵਿੱਚ ਇਹ ਪੁੱਛਿਆ ਜਾਵੇਗਾ ਕਿ ਇਹ ਵਿਡੀਓ ਜਾਂ ਤਸਵੀਰ ਤੁਹਾਡੀ ਹੈ? ਫਿਰ ਕਿਸੇ ਨਕਲੀ ਵ੍ਹਟਸਐਪ ਜਾਂ ਫ਼ੇਸਬੁੱਕ ਵਰਗਾ ਪੇਜ ਖੁੱਲ੍ਹੇਗਾ। ਉਸ ਉਤੇ ਲਿਖਿਆ ਹੋਵੇਗਾ – ਜਾਰੀ ਰੱਖਣ ਲਈ ਪੁਸ਼ਟੀ ਕਰੋ। ਫਿਰ ਤੁਹਾਨੂੰ ਮੋਬਾਇਲ ਨੰਬਰ ਦਰਜ ਕਰਨ ਲਈ ਆਖਿਆ ਜਾਂਦਾ ਹੈ। ਤੁਸੀਂ ਜਦੋਂ ਹੀ ਆਪਣਾ ਨੰਬਰ ਉਥੇ ਦਰਜ ਕਰਦੇ ਹੋ, ਤਾਂ ਹੈਕਰ ਡਿਵਾਈਸ ਲਿੰਕਿੰਗ ਸਿਸਟਮ ਦੀ ਵਰਤੋਂ ਕਰ ਕੇ ਬ੍ਰਾਊਜ਼ਰ ਨੂੰ ਤੁਹਾਡੇ ਅਕਾਊਂਟ ਨਾਲ਼ ਸਹਿਜੇ ਹੀ ਜੋੜ ਲੈਂਦਾ ਹੈ। ਇਹੋ ਘੋਸਟ ਪੇਅਰਿੰਗ (GHOST PAIRING) ਹੈ।
ਇਸ ਲਈ ਕਦੇ ਵੀ ਕਿਸੇ ਅਣਜਾਣ ਜਾਂ ਸ਼ੱਕੀ ਲਿੰਕ ਉਤੇ ਕਲਿੱਕ ਨਾ ਕਰੋ। ਕਿਸੇ ਵੀ ਥਾਂ ਉਤੇ ਆਪਣਾ ਮੋਬਾਇਲ ਨੰਬਰ ਦਰਜ ਨਾ ਕਰੋ। ਵ੍ਹਟਸਐਪ ਵਿੱਚ 'ਲਿੰਕਡ ਡਿਵਾਈਸਜ਼' ਦੀ ਪੂਰੀ ਸੂਚੀ ਹੁੰਦੀ ਹੈ – ਉਸ ਨੂੰ ਜ਼ਰੂਰ ਚੈੱਕ ਕਰਦੇ ਰਹੋ। ਜੇ ਤੁਹਾਨੂੰ ਕੋਈ ਅਣਜਾਣ ਡਿਵਾਈਸ ਵਿਖਾਈ ਦੇ ਜਾਵੇ, ਤਾਂ ਉਸ ਨੂੰ ਤੁਰੁੰਤ ਲੌਗ–ਆਊਟ ਕਰ ਦੇਵੋ। ਵ੍ਹਟਸਐਪ ਉਤੇ ਦੋ ਪੜਾਵਾਂ ਵਾਲ਼ੀ ਤਸਦੀਕ ਯਕੀਨੀ ਬਣਾਓ। ਜਨਤਕ ਵਾਇ–ਫ਼ਾਇ ਉਤੇ ਵ੍ਹਟਸਐਪ ਵੈੱਬ ਦੀ ਵਰਤੋਂ ਕਦੇ ਨਾ ਕਰੋ।