ਨੈਸ਼ਨਲ ਫੁੱਟਬਾਲ ਲੀਗ : ਪ੍ਰਸ਼ਾਸਨ ਵੱਲੋ ਸੁਰੱਖਿਆ ਦੇ ਸਖਤ ਪ੍ਰਬੰਧ
ਲੋਇਸਿਆਨਾ ਵਿਚ ਸਟੇਟ ਸੁਪਰੀਮ ਕੋਰਟ ਨੇ ਪਿਛਲੇ ਹਫਤੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ ਸੀ ਜਿਸ ਤਹਿਤ ਪੁਲਿਸ ਨੂੰ ਨਿਊ ਓਰਲੀਨਜ ਵਿਚੋਂ ਬੇਘਰਿਆਂ ਨੂੰ ਹਟਾਉਣ ਤੋਂ ਰੋਕਿਆ ਗਿਆ ਸੀ।;
ਬੇਘਰੇ ਲੋਕਾਂ ਨੂੰ ਖੇਤਰ ਵਿਚੋਂ ਹਟਾਇਆ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਲੋਇਸਿਆਨਾ ਰਾਜ ਦੇ ਪ੍ਰਸਿੱਧ ਸ਼ਹਿਰ ਨਿਊ ਓਰਲੀਨਜ ਵਿਚ ਅਗਲੇ ਮਹੀਨੇ ਹੋ ਰਹੀ ਨੈਸ਼ਨਲ ਫੁੱਟਬਾਲ ਲੀਗ ਸਲਾਨਾ ਚੈਂਪੀਅਨਸ਼ਿੱਪ ਲਈ ਤਿਆਰੀਆਂ ਜੋਰਾਂ 'ਤੇ ਹਨ। ਜਿਥੇ ਸਟੇਡੀਅਮ ਨੂੰ ਹਰ ਪੱਖ ਤੋਂ ਤਿਆਰ ਕੀਤਾ ਜਾ ਰਿਹਾ ਹੈ ਉਥੇ ਲੋਇਸਿਆਨਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਸਟੇਡੀਅਮ ਦੇ ਆਸ ਪਾਸ ਦੇ ਖੇਤਰ ਵਿਚੋਂ ਬੇਘਰੇ ਲੋਕਾਂ ਨੂੰ ਹਟਾਇਆ ਜਾ ਰਿਹਾ ਹੈ।
ਉਨਾਂ ਨੂੰ ਆਰਜੀ ਵਸੇਬਾ ਸਥਾਨਾਂ ਵਿੱਚ ਭੇਜਿਆ ਜਾ ਰਿਹਾ ਹੈ। ਇਹ ਕਾਰਵਾਈ ਗਵਰਨਰ ਜੈਫ ਲਾਂਡਰੀ ਦੇ ਆਦੇਸ਼ ਤਹਿਤ ਕੀਤੀ ਗਈ ਹੈ ਜੋ ਨਿਊ ਓਰਲੀਨਜ ਨੂੰ ਪੂਰੀ ਤਰਾਂ ਸੁਰੱਖਿਅਤ ਬਣਾਉਣਾ ਚਹੁੰਦੇ ਹਨ। ਨਿਊ ਲੋਇਸਿਆਨਾ ਸਟੇਟ ਪੁਲਿਸ ਸ਼ਹਿਰ ਵਿਚੋਂ ਬੇਘਰਿਆਂ ਨੂੰ ਹਟਾਉਣ ਤੋਂ ਇਲਾਵਾ ਰਾਸ਼ਟਰੀ ਮਾਰਗਾਂ, ਪੱਗਡੰਡੀਆਂ ਤੇ ਆਵਾਜਾਈ ਰਸਤਿਆਂ ਦੀ ਸਾਫ ਸਫਾਈ ਤੇ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ। ਲੋਇਸਿਆਨਾ ਵਿਚ ਸਟੇਟ ਸੁਪਰੀਮ ਕੋਰਟ ਨੇ ਪਿਛਲੇ ਹਫਤੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ ਸੀ ਜਿਸ ਤਹਿਤ ਪੁਲਿਸ ਨੂੰ ਨਿਊ ਓਰਲੀਨਜ ਵਿਚੋਂ ਬੇਘਰਿਆਂ ਨੂੰ ਹਟਾਉਣ ਤੋਂ ਰੋਕਿਆ ਗਿਆ ਸੀ। ਜਿਥੋਂ ਤੱਕ ਅਮਰੀਕਾ ਵਿਚ ਬੇਘਰੇ ਲਕਾਂ ਦੀ ਸਮੱਸਿਆ ਦਾ ਮੁੱਦਾ ਹੈ,ਇਹ ਹੱਲ ਹੋਣ ਦੀ ਬਜਾਏ ਗੰਭੀਰ ਹੁੰਦਾ ਜਾ ਰਿਹਾ ਹੈ। ਅਮਰੀਕਾ ਦੇ ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਅਨੁਸਾਰ 2024 ਵਿਚ ਅਮਰੀਕਾ ਵਿਚ ਬੇਘਰਿਆਂ ਦੀ ਗਿਣਤੀ ਵਧ ਕੇ 7,70,000 ਤੋਂ ਵਧ ਹੋ ਗਈ ਹੈ ਜੋ 2023 ਦੀ ਤੁਲਨਾ ਵਿੱਚ 18% ਜਿਆਦਾ ਹੈ।