ਮੁਕਤਸਰ: ਗੈਰਕਾਨੂੰਨੀ ਪਟਾਕਾ ਫੈਕਟਰੀ ਧਮਾਕਾ, ਤਿੰਨ ਗ੍ਰਿਫ਼ਤਾਰ
ਇਸ ਮਾਮਲੇ ਵਿੱਚ ਤਰਸੇਮ ਸਿੰਘ ਦੀ ਪਤਨੀ ਸੁਖਚੈਨ ਕੌਰ ਹਾਲੇ ਵੀ ਫਰਾਰ ਦੱਸ ਰਹੀ ਹੈ। ਪੁਲਿਸ ਨੇ ਤਰਸੇਮ ਸਿੰਘ, ਸੁਖਚੈਨ ਕੌਰ ਅਤੇ ਨਵਰਾਜ ਸਿੰਘ ਵਿਰੁੱਧ BNS ਦੀ ਧਾਰਾ 105, 18(2), 3(5)
ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਜ਼ਿਲ੍ਹੇ ਦੇ ਪਿੰਡ ਫਤੂਹੀਵਾਲਾ ਵਿੱਚ ਗੈਰਕਾਨੂੰਨੀ ਤੌਰ 'ਤੇ ਚੱਲ ਰਹੀ ਪਟਾਕਾ ਫੈਕਟਰੀ ਵਿੱਚ ਹੋਏ ਭਿਆਨਕ ਧਮਾਕੇ ਮਾਮਲੇ 'ਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਹੋਏ ਵਿਅਕਤੀਆਂ ਵਿੱਚ ਆਮ ਆਦਮੀ ਪਾਰਟੀ (AAP) ਦਾ ਆਗੂ ਤਰਸੇਮ ਸਿੰਘ, ਉਸਦਾ ਪੁੱਤਰ ਨਵਰਾਜ ਸਿੰਘ ਅਤੇ ਮਜ਼ਦੂਰ ਠੇਕੇਦਾਰ ਰਾਜ ਕੁਮਾਰ ਸ਼ਾਮਲ ਹਨ।
ਇਸ ਮਾਮਲੇ ਵਿੱਚ ਤਰਸੇਮ ਸਿੰਘ ਦੀ ਪਤਨੀ ਸੁਖਚੈਨ ਕੌਰ ਹਾਲੇ ਵੀ ਫਰਾਰ ਦੱਸ ਰਹੀ ਹੈ। ਪੁਲਿਸ ਨੇ ਤਰਸੇਮ ਸਿੰਘ, ਸੁਖਚੈਨ ਕੌਰ ਅਤੇ ਨਵਰਾਜ ਸਿੰਘ ਵਿਰੁੱਧ BNS ਦੀ ਧਾਰਾ 105, 18(2), 3(5), ਵਿਸਫੋਟਕ ਐਕਟ 1884 ਦੀ ਧਾਰਾ 9, 12 ਅਤੇ ਫੈਕਟਰੀ ਐਕਟ ਦੀ ਧਾਰਾ 98 ਹੇਠ ਕੇਸ ਦਰਜ ਕੀਤਾ ਹੈ।
ਪ੍ਰਾਰੰਭਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫੈਕਟਰੀ ਬਿਨਾਂ ਮਨਜ਼ੂਰੀ ਦੇ ਚੱਲ ਰਹੀ ਸੀ। ਫੈਕਟਰੀ ਮਾਲਕ ਵਲੋਂ ਮਨਜ਼ੂਰੀ ਲਈ ਅਰਜ਼ੀ ਦਿੱਤੀ ਗਈ ਸੀ, ਪਰ ਹਾਲੇ ਤੱਕ ਪ੍ਰਵਾਨਗੀ ਨਹੀਂ ਮਿਲੀ ਸੀ। ਇਹ ਮਾਮਲਾ ਸੱਤਾਧਾਰੀ ਪਾਰਟੀ ਦੇ ਆਗੂ ਨਾਲ ਜੁੜਿਆ ਹੋਣ ਕਰਕੇ ਪੁਲਿਸ ਅਧਿਕਾਰੀਆਂ ਵਲੋਂ ਮੀਡੀਆ ਨੂੰ ਜਾਣਕਾਰੀ ਦੇਣ ਤੋਂ ਬਚਿਆ ਜਾ ਰਿਹਾ ਹੈ।
ਇਸ ਘਟਨਾ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 30 ਦੇ ਕਰੀਬ ਲੋਕ, ਜਿਨ੍ਹਾਂ ਵਿੱਚ ਕੁਝ ਔਰਤਾਂ ਅਤੇ ਨਾਬਾਲਗ ਵੀ ਹਨ, ਜ਼ਖਮੀ ਹੋਏ ਹਨ। ਫੈਕਟਰੀ ਵਿੱਚ ਲਗਭਗ 40 ਮੁਲਾਜ਼ਮ ਦੋ ਸ਼ਿਫਟਾਂ ਵਿੱਚ ਕੰਮ ਕਰਦੇ ਸਨ, ਜਿਨ੍ਹਾਂ ਵਿੱਚੋਂ ਬਹੁਤੇ ਉੱਤਰ ਪ੍ਰਦੇਸ਼ ਦੇ ਪ੍ਰਵਾਸੀ ਹਨ।
ਐੱਸਐੱਸਪੀ ਅਖਿਲ ਚੌਧਰੀ ਨੇ ਤਿੰਨ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਧਮਾਕੇ ਦੇ ਅਸਲ ਕਾਰਨਾਂ ਦੀ ਜਾਂਚ ਜਾਰੀ ਹੈ। ਪੁਲਿਸ ਵਲੋਂ ਹੋਰ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਵੀ ਤਫਤੀਸ਼ ਚੱਲ ਰਹੀ ਹੈ।