5 ਹਜਾਰ ਤੋਂ ਵੱਧ ਲੋਕ ਪੰਜਾਬ ਸਰਕਾਰ ਦੀ ਸੀਐਮ ਦੀ ਯੋਗਸ਼ਾਲਾ ਤਹਿਤ ਰਜਿਸਟਰਡ ਹੋਣ ਉਪਰੰਤ ਲੈ ਰਹੇ ਯੋਗਾ ਦਾ ਲਾਭ
145 ਥਾਵਾਂ ਤੇ 25 ਟ੍ਰੇਨਰਾਂ ਵੱਲੋਂ ਰੋਜਾਨਾ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਸਿਖਾਏ ਜਾਂਦੇ ਹਨ ਯੋਗ ਗੁਰ
ਯੋਗਾ ਨਾਲ ਅਨੇਕਾ ਬਿਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ
ਫਾਜ਼ਿਲਕਾ : ਪੰਜਾਬ ਸਰਕਾਰ ਦੀ ਸੀਐਮ ਦੀ ਯੋਗਸ਼ਾਲਾ ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਨੂੰ ਤੰਦਰੁਸਤ ਕਰਨ ਵਿਚ ਅਹਿਮ ਰੋਲ ਅਦਾ ਕਰ ਰਹੀ ਹੈ। ਯੋਗਾ ਪ੍ਰਤੀ ਦਿਲਚਸਪੀ ਦਿਖਾਉਂਦਿਆਂ ਜ਼ਿਲੇਹ ਅੰਦਰ 5 ਹਜਾਰ ਤੋਂ ਵੱਧ ਲੋਕਾਂ ਨੇ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਤਹਿਤ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਿਲਾ ਕੋਆਰਡੀਨੇਟਰ ਰਾਧੇ ਸ਼ਾਮ ਨੇ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਅੰਦਰ 145 ਥਾਵਾਂ *ਤੇ ਪੰਜਾਬ ਸਰਕਾਰ ਦੀ ਸੀਐਮ ਦੀ ਯੋਗਸ਼ਾਲਾ ਚੱਲ ਰਹੀ ਹੈ।
ਉਨ੍ਹਾਂ ਦੱਸਿਆ ਕਿ ਸੀਐਮ ਦੀ ਯੋਗਸ਼ਾਲਾ ਅਧੀਨ 145 ਥਾਵਾਂ *ਤੇ 25 ਟ੍ਰੇਨਰਾ ਵੱਲੋਂ ਵੱਖ-ਵੱਖ ਬੈਚਾਂ ਰਾਹੀਂ ਲੋਕਾਂ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਲਈ ਯੋਗਾ ਸਿਖਾਇਆ ਜਾਦਾ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿਖੇ 9, ਅਬੋਹਰ ਵਿਖੇ 10 ਅਤੇ ਖੂਈਆਂ ਸਰਵਰ, ਅਰਨੀਵਾਲਾ ਤੇ ਜਲਾਲਾਬਾਦ ਵਿਖੇ 2-2 ਯੋਗਾ ਟ੍ਰੇਨਰਾਂ ਵੱਲੋਂ ਯੋਗਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਸ਼ਰੀਰ ਤੰਦਰੁਸਤ ਤੇ ਤਾਜਗੀ ਭਰਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਯੋਗ ਅਭਿਆਸ ਕਰਕੇ ਲੋਕ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਚਿਆਂ, ਨੌਜ਼ਵਾਨ ਅਤੇ ਬਜੁਰਗਾਂ ਦੀ ਸਿਹਤ ਪ੍ਰਤੀ ਚਿੰਤਿਤ ਹੈ, ਇਸ ਕਰਕੇ ਲੋਕਾ ਨੂੰ ਯੋਗਾ ਨਾਲ ਜੋੜਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਲਾਕ ਫਾਜ਼ਿਲਕਾ, ਅਬੋਹਰ, ਜਲਾਲਾਬਾਦ, ਅਰਨੀਵਾਲਾ ਅਤੇ ਖੂਈਆਂ ਸਰਵਰ ਵਿਖੇ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯੋਗਾ ਸਿਖਣ ਦੇ ਚਾਹਵਾਨਾ ਲਈ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ 76694-00500 ਸਥਾਪਿਤ ਕੀਤਾ ਹੈ, ਜਿਸ ਤੇ ਮੁਫਤ ਯੋਗ ਕਲਾਸਾਂ ਆਪਣੇ ਮੁਹੱਲੇ ਵਿੱਚ ਲਗਾਉਣ ਲਈ ਲੋਕ ਮਿਸ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ cmdiyogsala.punjab.gov.in ਤੇ ਵੀ ਪੰਜੀਕਰਨ ਕੀਤਾ ਜਾ ਸਕਦਾ ਹੈ। ਜੇਕਰ 25 ਲੋਕਾਂ ਦਾ ਸਮੂਹ ਹੋਵੇ ਤਾਂ ਉਹ ਆਪਣੇ ਮੁਹੱਲੇ ਜਾਂ ਕਿਸੇ ਵੀ ਕਾਲੋਨੀ ਵਿੱਚ ਯੋਗ ਕਰਨ ਦੇ ਲਈ ਮੁਫਤ ਯੋਗ ਕਲਾਸਾਂ ਲੈਣ ਲਈ ਫੋਨ ਨੰਬਰ ਤੇ ਮਿਸ ਕਾਲ ਦੇ ਸਕਦੇ ਹਨ।