ਮੂਸੇਵਾਲਾ ਡਾਕੂਮੈਂਟਰੀ ਮਾਮਲਾ: ਅਦਾਲਤ ਨੇ ਬੀਬੀਸੀ ਤੋਂ 16 ਜੂਨ ਤੱਕ ਮੰਗਿਆ ਜਵਾਬ
ਬਲਕੌਰ ਸਿੰਘ ਦੇ ਵਕੀਲ ਐਡਵੋਕੇਟ ਸਤਿੰਦਰ ਪਾਲ ਸਿੰਘ ਮਿੱਤਲ ਅਦਾਲਤ ਵਿੱਚ ਪੇਸ਼ ਹੋਏ। ਦਲੀਲਾਂ ਸੁਣਨ ਤੋਂ ਬਾਅਦ, ਅਦਾਲਤ ਨੇ ਅਗਲੀ ਸੁਣਵਾਈ 16 ਜੂਨ ਲਈ ਮੁਲਤਵੀ ਕਰ ਦਿੱਤੀ।
ਮਾਨਸਾ : ਪੰਜਾਬ ਦੇ ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਅਤੇ ਕਤਲ 'ਤੇ ਬਣੀ ਬੀਬੀਸੀ ਵਰਲਡ ਦੀ ਡਾਕੂਮੈਂਟਰੀ 'ਕਿਲਿੰਗ ਕਾਲ' ਨੂੰ ਲੈ ਕੇ ਮਾਨਸਾ ਦੀ ਜ਼ਿਲ੍ਹਾ ਅਦਾਲਤ ਨੇ ਨਿਰਮਾਤਾ ਕੰਪਨੀ ਬੀਬੀਸੀ ਨੂੰ 16 ਜੂਨ ਤੱਕ ਆਪਣਾ ਜਵਾਬ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇਹ ਕਾਰਵਾਈ ਉਸ ਪਟੀਸ਼ਨ ਦੇ ਤਹਿਤ ਹੋਈ, ਜੋ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਡਾਕੂਮੈਂਟਰੀ ਦੀ ਸਕਰੀਨਿੰਗ 'ਤੇ ਰੋਕ ਲਗਾਉਣ ਲਈ ਦਾਇਰ ਕੀਤੀ ਗਈ ਸੀ। ਅੱਜ ਸੁਣਵਾਈ ਦੌਰਾਨ, ਬੀਬੀਸੀ ਦੇ ਵਕੀਲ ਅਤੇ ਬਲਕੌਰ ਸਿੰਘ ਦੇ ਵਕੀਲ ਐਡਵੋਕੇਟ ਸਤਿੰਦਰ ਪਾਲ ਸਿੰਘ ਮਿੱਤਲ ਅਦਾਲਤ ਵਿੱਚ ਪੇਸ਼ ਹੋਏ। ਦਲੀਲਾਂ ਸੁਣਨ ਤੋਂ ਬਾਅਦ, ਅਦਾਲਤ ਨੇ ਅਗਲੀ ਸੁਣਵਾਈ 16 ਜੂਨ ਲਈ ਮੁਲਤਵੀ ਕਰ ਦਿੱਤੀ।
ਬਲਕੌਰ ਸਿੰਘ ਨੇ ਦਲੀਲ ਦਿੱਤੀ ਕਿ ਡਾਕੂਮੈਂਟਰੀ ਵਿੱਚ ਦਿਖਾਏ ਗਏ ਤੱਤ ਹਕੀਕਤ ਨਾਲ ਮੇਲ ਨਹੀਂ ਖਾਂਦੇ ਅਤੇ ਇਸ ਲਈ ਇਸ 'ਤੇ ਤੁਰੰਤ ਰੋਕ ਲਗਣੀ ਚਾਹੀਦੀ ਹੈ। ਉਨ੍ਹਾਂ ਦੇ ਇਤਰਾਜ਼ਾਂ ਦੇ ਬਾਵਜੂਦ, ਬੀਬੀਸੀ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਇਹ ਡਾਕੂਮੈਂਟਰੀ ਯੂਟੀਊਬ 'ਤੇ ਜਾਰੀ ਕਰ ਦਿੱਤੀ।
ਡਾਕੂਮੈਂਟਰੀ ਦੇ ਪਹਿਲੇ ਐਪੀਸੋਡ ਨੂੰ ਸਵੇਰੇ 11 ਵਜੇ ਤੱਕ ਲਗਭਗ 4.5 ਲੱਖ ਲੋਕਾਂ ਨੇ ਦੇਖ ਲਿਆ ਸੀ, ਜਦਕਿ ਦੂਜੇ ਐਪੀਸੋਡ ਦੀ ਦਰਸ਼ਕ ਗਿਣਤੀ ਵੀ ਪੌਣੇ 3 ਲੱਖ ਤੋਂ ਉਪਰ ਪਹੁੰਚ ਗਈ।
ਮਾਮਲੇ ਦੀ ਅਗਲੀ ਸੁਣਵਾਈ ਹੁਣ 16 ਜੂਨ ਨੂੰ ਹੋਵੇਗੀ, ਜਿਸ ਵਿੱਚ ਬੀਬੀਸੀ ਨੂੰ ਆਪਣਾ ਪੱਖ ਰੱਖਣਾ ਹੋਵੇਗਾ।