ਪਹਿਲੀ ਵਾਰ ਪੰਜਾਬੀ ਵਿੱਚ ਬਣੇਗਾ 'ਮੂਕਸ' ਪ੍ਰੋਗਰਾਮ
ਉਨ੍ਹਾਂ ਦੱਸਿਆ ਕਿ ਖੁਦ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਤੋਂ ਬਾਅਦ ਅਤੇ ਹੁਣ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ;
-ਈ. ਐੱਮ. ਆਰ. ਸੀ.,ਪਟਿਆਲਾ ਨੂੰ ਮਿਲੀ ਪ੍ਰਵਾਨਗੀ
ਪਟਿਆਲਾ :
ਪੰਜਾਬੀ ਯੂਨੀਵਰਸਿਟੀ ਵਿੱਚ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ, ਪਟਿਆਲਾ ਨੇ ਪੰਜਾਬੀ ਭਾਸ਼ਾ ਵਿੱਚ ਬਣਨ ਵਾਲ਼ੇ ਪਹਿਲੇ ਮੂਕ (ਮੈਸਿਵ ਓਪਨ ਔਨਲਾਈਨ ਕੋਰਸ) ਲਈ ਪ੍ਰਵਾਨਗੀ ਪ੍ਰਾਪਤ ਕਰਕੇ ਇੱਕ ਇਤਿਹਾਸਕ ਪਾਪ੍ਰਤੀ ਕੀਤੀ ਹੈ। ਇਸ ਸੰਬੰਧੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਜਸਬੀਰ ਸਿੰਘ ਦੀ ਮੂਕ ਤਜਵੀਜ਼ ਨੂੰ ਭਾਰਤ ਸਰਕਾਰ ਦੇ ਅਦਾਰੇ ਕਨਸੋਰਟੀਅਮ ਫਾਰ ਐਜੂਕੇਸ਼ਨਲ ਕੰਮਨੀਕੇਸ਼ਨ (ਸੀ.ਈ.ਸੀ.) ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। 'ਪੰਜਾਬ (1901-47)' ਸਿਰਲੇਖ ਵਾਲ਼ੇ ਇਸ ਮੂਕ ਦਾ ਨਿਰਮਾਣ ਹੁਣ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ, ਪਟਿਆਲਾ ਵਿਖੇ ਕੀਤਾ ਜਾਵੇਗਾ।
ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਡਾਇਰੈਕਟਰ ਦਲਜੀਤ ਅਮੀ ਨੇ ਇਸ ਨੂੰ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਪਟਿਆਲਾ ਦੇ ਇਤਿਹਾਸ ਵਿੱਚ ਮਹੱਤਵਪੂਰਨ ਪ੍ਰਾਪਤੀ ਅਤੇ ਪੰਜਾਬੀ ਵਿੱਚ ਡਿਜੀਟਲ ਵਿਦਿਅਕ ਸਮੱਗਰੀ ਬਣਾਉਣ ਵੱਲ ਇੱਕ ਵੱਡਾ ਕਦਮ ਐਲਾਨਦਿਆਂ ਦੱਸਿਆ ਕਿ ਇਹ ਚਾਰ-ਕ੍ਰੈਡਿਟ ਦਾ ਕੋਰਸ ਹੈ ਜਿਸ ਵਿੱਚ 40 ਮਾਡਿਊਲ ਹਨ ਅਤੇ ਇਸਨੂੰ ਸਵੈਮ ਪੋਰਟਲ ਉੱਤੇ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਖੁਦ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਤੋਂ ਬਾਅਦ ਅਤੇ ਹੁਣ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਵਿੱਚ ਕੰਮ ਕਰਦੇ ਹੋਏ ਉਹ ਇਸ ਨੂੰ ਦੋ ਅਦਾਰਿਆਂ ਦੇ ਸਾਂਝੇ ਉਦਮ ਵਜੋਂ ਵੇਖਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਵਿੱਚ ਮਿਆਰੀ ਡਿਜੀਟਲ ਸਮੱਗਰੀ ਬਣਾਉਣ ਨਾਲ਼ ਪੰਜਾਬੀ ਮਾਧਿਅਮ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਨੇ ਪਹਿਲਾਂ ਅੰਗਰੇਜ਼ੀ ਅਤੇ ਹਿੰਦੀ ਵਿੱਚ ਮੂਕ ਬਣਾਏ ਹਨ। ਇਹ ਪ੍ਰਵਾਨਗੀ ਇਸਦੇ ਕੰਮ ਦੀ ਨਵੀਂ ਵੰਨਗੀ ਜੋੜਨ ਵਾਲੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਹੋਣ ਕਰਕੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਲੰਬੇ ਸਮੇਂ ਤੋਂ ਪੰਜਾਬੀ ਵਿੱਚ ਡਿਜੀਟਲ ਸਮੱਗਰੀ ਬਣਾਉਣ ਦੀ ਇੱਛਾ ਰੱਖਦਾ ਸੀ, ਅਤੇ ਇਹ ਪਹਿਲਕਦਮੀ ਉਸੇ ਨਜ਼ਰੀਏ ਨੂੰ ਸਾਕਾਰ ਕਰਦੀ ਹੈ।
ਡਾ. ਜਸਬੀਰ ਸਿੰਘ ਨੇ ਪੰਜਾਬੀ ਵਿੱਚ ਡਿਜੀਟਲ ਸਮੱਗਰੀ ਬਣਾਉਣ ਦੀ ਸ਼ੁਰੂਆਤ ਕਰਨ ਦੇ ਇਸ ਮੌਕੇ 'ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਇਤਿਹਾਸ ਦੇ ਮਜ਼ਮੂਨ ਲਈ ਸਗੋਂ ਪੰਜਾਬੀ ਦੇ ਪ੍ਰਚਾਰ ਲਈ ਵੀ ਇਸ ਦੀ ਵਿਸ਼ੇਸ਼ ਮਹੱਤਤਾ ਨੂੰ ਵੇਖਿਆ ਜਾਣਾ ਚਾਹੀਦਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਕਰਮਜੀਤ ਸਿੰਘ, ਜਿਨ੍ਹਾਂ ਨੇ ਲਗਭਗ ਤਿੰਨ ਦਹਾਕਿਆਂ ਤੋਂ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਇਆ ਹੈ, ਨੇ ਦੋਵਾਂ ਅਦਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡਿਜੀਟਲ ਸਿੱਖਿਆ ਅੱਗੇ ਵਧਣ ਦਾ ਰਾਹ ਹੈ ਅਤੇ ਪੰਜਾਬੀ ਵਿੱਚ ਡਿਜੀਟਲ ਸਮੱਗਰੀ ਪੈਦਾ ਕਰਵਾਉਣਾ ਜ਼ਰੂਰੀ ਹੈ।