ਲਿਬਰਲ ਪਾਰਟੀ ਦੇ ਲੀਡਰ ਮਾਰਕ ਕਾਰਨੀ ਨੇ ਸੀਨੀਅਰਜ਼ ਨੂੰ ਲੈ ਕੇ ਕੀਤੇ ਅਹਿਮ ਵਾਅਦੇ

ਖਾਣ ਵਾਲੇ ਕਿਫ਼ਾਇਤੀ ਘਰ ਬਨਾਉਣ ਲਈ 25 ਬਿਲੀਅਨ ਡਾਲਰ ਦੀ ਰਾਸ਼ੀ ਦਿੱਤੀ ਗਈ ਹੈ ਅਤੇ ਹੋਰ ਬਿਲਡਰਾਂ ਨੂੰ ਘੱਟ ਕੀਮਤ ਵਾਲੇ ਘਰ ਬਨਾਉਣ ਲਈ 10 ਬਿਲੀਅਨ ਡਾਲਰ ਰਕਮ ਜਾਰੀ

By :  Gill
Update: 2025-04-08 02:15 GMT

ਲਿਬਰਲ ਪਾਰਟੀ ਦੇ ਲੀਡਰ ਮਾਰਕ ਕਾਰਨੀ ਨੇ ਕੈਨੇਡਾ ਦੇ ਸੀਨੀਅਰਜ਼ ਨੂੰ ਲੈ ਕੇ ਕੀਤੇ ਅਹਿਮ ਵਾਅਦੇ

ਇੱਕ ਸਾਲ ਲਈ ਗਾਰੰਟੀਸ਼ੁਦਾ ਆਮਦਨ ਸਪਲੀਮੈਂਟ ਵਿੱਚ 5% ਹੋਵੇਗਾ ਵਾਧਾ

ਕੈਨੇਡਾ ਨੂੰ ਹੋਰ ਮਜ਼ਬੂਤ ਕਰਨ ਲਈ ਲਿਬਰਲ ਪਾਰਟੀ ਦੇ ਲੀਡਰ ਮਾਰਕ ਕਾਰਨੀ ਦੀ ‘ਅੰਬੀਸ਼ੀਅਸ ਪਲੈਨ’ ਦਾ ਖੁਲਾਸਾ, ਸੋਨੀਆ ਸਿੱਧੂ ਵੱਲੋਂ ਪਲੈਨ ਦੀ ਹਮਾਇਤ ਤੇ ਬਰੈਂਪਟਨ ਸਾਊਥ-ਵਾਸੀਆਂ ਲਈ ਪ੍ਰਤੀਬੱਧਤਾ

ਬਰੈਂਪਟਨ - ਫ਼ੈੱਡਰਲ ਚੋਣਾਂ ਦੇ ਮੱਦੇਨਜ਼ਰ ਲਈ ਲਿਬਰਲ ਪਾਰਟੀ ਦੇ ਆਗੂ ਮਾਰਕ ਕਾਰਨੀ ਵੱਲੋਂ ਬਜ਼ੁਰਗਾਂ ਲਈ ਅਹਿਮ ਵਾਅਦੇ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਬਰੈਂਪਟਨ ਸਾਊਥ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਸੋਨੀਆ ਸਿੱਧੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੀਨੀਅਰਜ਼ ਇੱਕ ਸਾਲ ਲਈ ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ (ਆਰਆਰਆਈਐੱਫ਼) ਤੋਂ ਕਢਵਾਈ ਜਾਣ ਵਾਲੀ ਘੱਟੋ-ਘੱਟ ਰਕਮ ਨੂੰ 25% ਘਟਾ ਕੇ ਰਿਟਾਇਰਮੈਂਟ ਬੱਚਤਾਂ ਦੀ ਰੱਖਿਆ ਕਰ ਸਕਣਗੇ। ਇਹ ਕੈਨੇਡੀਅਨ ਬਜ਼ੁਰਗਾਂ ਨੂੰ ਆਪਣੀ ਰਿਟਾਇਰਮੈਂਟ ਬੱਚਤ ਵਿੱਚੋਂ ਕਦੋਂ ਕੱਢਣਾ ਹੈ ਇਹ ਚੁਣਨ ਵਿੱਚ ਵਧੇਰੇ ਲਚਕਤਾ ਪ੍ਰਦਾਨ ਕਰੇਗਾ; ਅਤੇ, ਇੱਕ ਸਾਲ ਲਈ ਗਾਰੰਟੀਸ਼ੁਦਾ ਆਮਦਨ ਸਪਲੀਮੈਂਟ ਵਿੱਚ 5% ਵਾਧਾ ਕੀਤਾ ਜਾਵੇਗਾ, ਘੱਟ ਆਮਦਨ ਵਾਲੇ ਬਜ਼ੁਰਗਾਂ ਨੂੰ ਟੈਕਸ-ਮੁਕਤ $652 ਤੱਕ ਹੋਰ ਪ੍ਰਦਾਨ ਕੀਤੇ ਜਾਣਗੇ।

ਸੋਨੀਆ ਸਿੱਧੂ ਨੇ ਕਿਹਾ," ਇਹ ਚੋਣਾਂ ਇਸ ਸਮੇਂ ਦੀਆਂ ਸਭ ਤੋਂ ਮਹੱਤਵਪੂਰਨ ਚੋਣਾਂ ਹਨ। ਸਾਡੇ ਲਿਬਰਲ ਪਾਰਟੀ ਆਗੂ ਮਾਰਕ ਕਾਰਨੀ ਵੱਲੋਂ ਜਾਰੀ ਕੀਤਾ ਗਿਆ ਪਲਾਨ ਇਹ ਯਕੀਨੀ ਬਣਾਵੇਗਾ ਕਿ ਸਾਡੇ ਸੀਨੀਅਰਜ਼ ਨੂੰ ਸਤਿਕਾਰ ਨਾਲ ਭਰਪੂਰ ਅਤੇ ਸੁਖਾਲੀ ਰਿਟਾਇਰਮੈਂਟ ਮਿਲੇ, ਕਿਉਂਕਿ ਉਹ ਸਾਰੀ ਉਮਰ ਮਿਹਨਤ ਕਰਦੇ ਹਨ ਅਤੇ ਇੱਕ ਸੁਖਾਲੀ ਤੇ ਆਰਥਿਕ ਤੌਰ 'ਤੇ ਸੁਰੱਖਿਅਤ ਰਿਟਾਇਰਮੈਂਟ ਦੇ ਹੱਕਦਾਰ ਹਨ।"

ਉਹਨਾਂ ਕਿਹਾ ਕਿ ਉਹ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਦੀ ਕੈਨੇਡਾ ਨੂੰ ਹੋਰ ਮਜ਼ਬੂਤ ਤੇ ਖ਼ੁਸ਼ਹਾਲ ਦੇਸ਼ ਬਨਾਉਣ ਲਈ ‘ਉਤਸ਼ਾਹੀ ਯੋਜਨਾ’ ਦੀ ਭਰਪੂਰ ਹਮਾਇਤ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ।

ਲਿਬਰਲ ਪਾਰਟੀ ਦੇ ਸਮੂਹਿਕ ਪਾਲਸੀ ਪ੍ਰੋਗਰਾਮ ਦਾ ਮੁੱਖ-ਭਾਗ ਹੋਣ ਦੇ ਨਾਤੇ ਸੋਨੀਆ ਸਿੱਧੂ ਪਾਰਟੀ ਦੇ ਅਹਿਮ ਮੁੱਦਿਆਂ ਜੋ ਕੈਨੇਡਾ-ਵਾਸੀਆਂ ਦੀ ਬੇਹਤਰੀ ਤੇ ਖ਼ੁਸ਼ਹਾਲੀ ਨਾਲ ਸਬੰਧਿਤ ਹੋਣ, ਦੇ ਬਾਰੇ ਆਪਣੇ ਵਿਚਾਰ ਬੇਬਾਕੀ ਨਾਲ ਅਕਸਰ ਪ੍ਰਗਟ ਕਰਦੇ ਰਹਿੰਦੇ ਹਨ।

ਇਸ ਤੋਂ ਇਲਾਵਾ ਲਿਬਰਲ ਪਾਰਟੀ ਵੱਲੋਂ ਹੇਠ ਲਿਖੇ ਐਲਾਨ ਜਾਰੀ ਕੀਤੇ ਗਏ ਹਨ:

ਆਰਥਿਕ ਮਜ਼ਬੂਤੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹਰ ਰੋਜ਼ ਟੈਰਿਫ਼ਾਂ ਦੀ ਰਟ ਲਾਈ ਜਾ ਰਹੀ ਹੈ। ਕੈਨੇਡੀਅਨ ਬਿਜ਼ਨੈੱਸਾਂ ਤੇ ਕਾਮਿਆਂ ਦਾ ਇਨ੍ਹਾਂ ਟੈਰਿਫ਼ਾਂ ਤੋਂ ਬਚਾਅ ਕਰਨ ਅਤੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਲਿਬਰਲ ਪਾਰਟੀ ਅਤੇ ਸੋਨੀਆ ਸਿੱਧੂ ਵਚਨਬੱਧ ਹਨ। ਲਿਬਰਲ ਪਾਰਟੀ ਵੱਲੋਂ 40 ਬਿਲੀਅਨ ਦੀ ਰਕਮ ਬਿਜ਼ਨੈੱਸਾਂ ਲਈ ‘ਲਿਕੁਇਡਿਟੀ’ ਵਜੋਂ ਰੱਖੀ ਗਈ ਹੈ। ਇਸ ਦੇ ਨਾਲ ਮਿਡਲ ਕਲਾਸ ਲਈ ਟੈਕਸਾਂ ਵਿੱਚ ਕਮੀ ਹੋਵੇਗੀ। ਇੱਕ ਅੰਦਾਜ਼ੇ ਅਨੁਸਾਰ ਇਸ ਨਾਲ ਦੋ ਕਮਾਊ ਮੈਂਬਰਾਂ ਦੇ ਪਰਿਵਾਰ ਲਈ ਅਤੇ ਕੈਨੇਡੀਅਨ ਡੈਂਟਲ ਕੇਅਰ ਪਲੈਨ ਨੂੰ 18 ਤੋਂ 64 ਸਾਲ ਦੇ ਉਮਰ-ਵਰਗ ਤੱਕ ਵਧਾਉਣ ਲਈ 825 ਡਾਲਰ ਸਲਾਨਾ ਦੀ ਬੱਚਤ ਹੋਵੇਗੀ।

ਗੈਸ ਦੀਆਂ ਕੀਮਤਾਂ : ਗੈਸ ਦੀਆਂ ਵੱਧਦੀਆਂ ਕੀਮਤਾਂ ਨੂੰ ਮੁੱਖ ਰੱਖਦਿਆਂ ਲਿਬਰਲ ਪਾਰਟੀ ਵੱਲੋਂ ਕਾਰਬਨ ਟੈਕਸ ਖ਼ਤਮ ਕਰ ਦਿੱਤਾ ਗਿਆ ਹੈ। ਇਸ ਨਾਲ ਗੈਸ ਦੀਆਂ ਕੀਮਤਾਂ ਵਿਚ 18 ਸੈਂਟ ਪ੍ਰਤੀ ਲਿਟਰ ਦੀ ਕਮੀ ਹੋਈ ਹੈ। ਸਰਕਾਰ ਵੱਲੋਂ ਇਹ ਉਪਰਾਲਾ ਮਿਡਲ ਕਲਾਸ ਦੇ ਖ਼ਰਚੇ ਘੱਟ ਕਰਨ ਅਤੇ ਅਰਥਚਾਰੇ ਵਿੱਚ ਸਥਿਰਤਾ ਲਿਆਉਣ ਲਈ ਕੀਤਾ ਗਿਆ ਹੈ।

ਹਾਊਸਿੰਗ ਪਲੈਨ : ਦੂਸਰੀ ਵਿਸ਼ਵ ਜੰਗ ਤੋਂ ਲੈ ਕੇ ਹੁਣ ਤੱਕ ਕੈਨੇਡਾ ਵਿੱਚ ਨਵੇਂ ਘਰ ਬਣਾਉਣ ਬਾਰੇ ਬਣੀਆਂ ਯੋਜਨਾਵਾਂ ਦੀ ਸੋਨੀਆ ਸਿੱਧੂ ਵੱਲੋਂ ਸਮੇਂ-ਸਮੇਂ ਹਮਾਇਤ ਕੀਤੀ ਜਾਂਦੀ ਰਹੀ ਹੈ। ਲਿਬਰਲ ਪਾਰਟੀ ਵੱਲੋਂ ਦੁਗਣੀ ਰਫ਼ਤਾਰ ਨਾਲ ਹਰ ਸਾਲ 500,000 ਨਵੇਂ ਘਰ ਬਨਾਉਣ ਦਾ ਉਦੇਸ਼ ਹੈ। ਇਸ ਯੋਜਨਾ ਵਿੱਚ ‘ਬਿਲਡ ਕੈਨੇਡਾ ਹੋਮਜ਼’ (ਬੀ ਸੀ ਐੱਚ) ਨੂੰ ‘ਡਿਵੈੱਲਪਰ’ ਵਜੋਂ ਕੈਨੇਡਾ-ਵਾਸੀਆਂ ਲਈ ਆਸਾਨੀ ਨਾਲ ਵਾਰਾ ਖਾਣ ਵਾਲੇ ਕਿਫ਼ਾਇਤੀ ਘਰ ਬਨਾਉਣ ਲਈ 25 ਬਿਲੀਅਨ ਡਾਲਰ ਦੀ ਰਾਸ਼ੀ ਦਿੱਤੀ ਗਈ ਹੈ ਅਤੇ ਹੋਰ ਬਿਲਡਰਾਂ ਨੂੰ ਘੱਟ ਕੀਮਤ ਵਾਲੇ ਘਰ ਬਨਾਉਣ ਲਈ 10 ਬਿਲੀਅਨ ਡਾਲਰ ਰਕਮ ਜਾਰੀ ਕੀਤੀ ਗਈ ਹੈ। ਇਸ ਯੋਜਨਾ ਵਿੱਚ ਮਲਟੀ-ਯੂਨਿਟ ਰਿਹਾਇਸ਼ੀ-ਘਰ ਬਣਾਉਣ ਵਾਲਿਆਂ ਲਈ ਮਿਊਂਸਿਪਲ ਡਿਵੈੱਲਪਮੈਂਟ ਖ਼ਰਚਿਆਂ ਨੂੰ ਅੱਧਾ ਕਰਨ ਅਤੇ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਨੂੰ ਇੱਕ ਮਿਲੀਅਨ ਜਾਂ ਇਸ ਤੋਂ ਘੱਟ ਕੀਮਤ ਵਾਲੇ ਘਰਾਂ ਲਈ ‘ਜੀਐੱਸਟੀ’ (ਗੁੱਡਜ਼ ਐਂਡ ਸਰਵਿਸਿਜ਼ ਟੈਕਸ) ਮੁਆਫ਼ ਕਰਨਾ ਵੀ ਸ਼ਾਮਲ ਹੈ।

ਕੁਸ਼ਲ ਵਿਓਪਾਰਾਂ ਵਿੱਚ ਰਾਸ਼ੀ ਨਿਵੇਸ਼ : ਸਾਨੂੰ ਇਸ ਸਮੇਂ ‘ਕੁਸ਼ਲ ਵਿਓਪਾਰਾਂ’ (ਸਕਿੱਲਡ ਟਰੇਡਜ਼) ਵਿੱਚ ਪੂੰਜੀ ਨਿਵੇਸ਼ ਦੀ ਸ਼ੁਰੂਆਤ ਕਰਨ ਵਾਲੇ ਹੋਰ ਕੈਨੇਡਾ-ਵਾਸੀਆਂ ਦੀ ਲੋੜ ਹੈ। ਲਿਬਰਲ ਪਾਰਟੀ ਸਿਖਾਂਦਰੂਆਂ ਨੂੰ ਮੁੱਢਲੀ ਸਿਖਲਾਈ ਦੀ ਕੀਮਤ ਅਦਾ ਕਰਨ, ਸਿਖਲਾਈ ਦੇ ਹੋਰ ਮੌਕੇ ਪੈਦਾ ਕਰਨ ਅਤੇ ਇਸ ਨੂੰ ਕੈਨੇਡਾ ਦੇ ਕਿਸੇ ਵੀ ਭਾਗ ਵਿੱਚ ਆਸਾਨ ਬਨਾਉਣ ਲਈ ਵਚਨਬੱਧ ਹੈ। ਇਹ ਸਮੇਂ ਦੀ ਲੋੜ ਵੀ ਹੈ।

ਸੀਬੀਸੀ/ਰੇਡੀਓ ਕੈਨੇਡਾ : ਕੈਨੇਡਾ ਦੀ ਕੌਮੀ ਪਛਾਣ ਨੂੰ ਕਾਇਮ ਰੱਖਣ ਲਈ ਸੋਨੀਆ ਸਿੱਧੂ ਸੀਬੀਸੀ ਤੇ ਰੇਡੀਓ ਕੈਨੇਡਾ ਨੂੰ ਮਜ਼ਬੂਤ ਕਰਨ ਦੀ ਵਕਾਲਤ ਕਰਦੇ ਹਨ। ਲਿਬਰਲ ਪਾਰਟੀ ਇਨ੍ਹਾਂ ਦਾ ਘੇਰਾ ਵਧਾਉਣ ਅਤੇ ਇਨ੍ਹਾਂ ਨੂੰ ਹੋਰ ਮਜ਼ਬੂਤ ਬਨਾਉਣ ਲਈ ਯੋਜਨਾ ਤਿਆਰ ਕਰ ਰਹੀ ਹੈ ਜਿਸ ਵਿੱਚ ਇਨ੍ਹਾਂ ਦੀ ਸਲਾਨਾ ਫ਼ੰਡਿੰਗ ਵਿੱਚ 150 ਮਿਲੀਅਨ ਡਾਲਰ ਦਾ ਵਾਧਾ ਅਤੇ ਲੰਮੇਂ ਸਮੇਂ ਲਈ ਇਨ੍ਹਾਂ ਦੀ ਸਥਿਰਤਾ ਨੂੰ ਯਕੀਨੀ ਬਨਾਉਣਾ ਸ਼ਾਮਲ ਹੈ

ਸੋਨੀਆ ਸਿੱਧੂ ਬਰੈਂਪਟਨ ਅਤੇ ਸਮੁੱਚੇ ਕੈਨੇਡਾ-ਵਾਸੀਆਂ ਲਈ ਹਰ ਮੁਸ਼ਕਲ ਵਿੱਚ ਖੜੇ ਹੋਣ ਲਈ ਵਚਨਬੱਧ ਹਨ। ਹਾਊਸਿੰਗ, ਅਰਥਚਾਰੇ ਦੀ ਮਜ਼ਬੂਤੀ, ਕੌਮੀ ਪਛਾਣ ਨੂੰ ਬਚਾਉਣ ਤੇ ਕਾਇਮ ਰੱਖਣ ਅਤੇ ਕੁਸ਼ਲ ਵਿਓਪਾਰਾਂ ਵਿੱਚ ਪੂੰਜੀ ਨਿਵੇਸ਼ ਉੱਪਰ ਧਿਆਨ ਕੇਂਦ੍ਰਿਤ ਕਰਦਿਆਂ ਹੋਇਆਂ ਲਿਬਰਲ ਪਾਰਟੀ ਮਜ਼ਬੂਤ ਕੈਨੇਡਾ ਬਨਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Tags:    

Similar News