ਮਨੀਪੁਰ : ਭੜਕੀ ਹਿੰਸਾ, ਮੰਤਰੀਆਂ ਅਤੇ ਛੇ ਵਿਧਾਇਕਾਂ ਦੇ ਘਰਾਂ ਉੱਤੇ ਹਮਲਾ
ਪੰਜ ਜ਼ਿਲ੍ਹਿਆਂ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ
ਕੁਝ ਹਿੱਸਿਆਂ 'ਚ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ
ਮਨੀਪੁਰ : ਮਨੀਪੁਰ ਵਿੱਚ ਲਾਪਤਾ ਛੇ ਵਿੱਚੋਂ ਤਿੰਨ ਦੀਆਂ ਲਾਸ਼ਾਂ ਇੱਕ ਨਦੀ ਦੇ ਨੇੜੇ ਬਰਾਮਦ ਹੋਣ ਤੋਂ ਇੱਕ ਦਿਨ ਬਾਅਦ, ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਤਿੰਨ ਰਾਜ ਮੰਤਰੀਆਂ ਅਤੇ ਛੇ ਵਿਧਾਇਕਾਂ ਦੇ ਘਰਾਂ ਉੱਤੇ ਹਮਲਾ ਕੀਤਾ, ਜਿਸ ਤੋਂ ਬਾਅਦ ਸਰਕਾਰ ਨੇ ਪੰਜ ਜ਼ਿਲ੍ਹਿਆਂ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਾਗੂ ਕਰ ਦਿੱਤਾ। ਭੜਕੀ ਭੀੜ ਨੇ ਪਹਿਲਾਂ ਸੂਬਾਈ ਆਗੂਆਂ ਦੇ ਘਰਾਂ 'ਤੇ ਹਮਲਾ ਕੀਤਾ ਅਤੇ ਫਿਰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਵੀ ਕੀਤਾ। ਸਥਿਤੀ ਵਿਗੜਦੀ ਦੇਖ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦਾ ਸਹਾਰਾ ਲਿਆ।
ਇਸ ਤੋਂ ਇਲਾਵਾ ਸੂਬੇ ਦੇ ਕੁਝ ਹਿੱਸਿਆਂ 'ਚ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਜਵਾਈ ਸਮੇਤ ਛੇ ਵਿੱਚੋਂ ਤਿੰਨ ਵਿਧਾਇਕਾਂ ਦੇ ਘਰਾਂ ਦੀ ਭੰਨਤੋੜ ਕੀਤੀ ਗਈ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਅੱਗ ਲਗਾ ਦਿੱਤੀ ਗਈ, ਜਦੋਂ ਕਿ ਸੁਰੱਖਿਆ ਬਲਾਂ ਨੇ ਇੰਫਾਲ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ।
ਜਿਰੀਬਾਮ ਜ਼ਿਲ੍ਹੇ ਤੋਂ ਲਾਪਤਾ ਛੇ ਵਿਅਕਤੀਆਂ ਵਿੱਚੋਂ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਸ਼ੁੱਕਰਵਾਰ ਰਾਤ ਨੂੰ ਮਣੀਪੁਰ-ਅਸਾਮ ਸਰਹੱਦ 'ਤੇ ਜੀਰੀ ਅਤੇ ਬਰਾਕ ਨਦੀਆਂ ਦੇ ਸੰਗਮ ਨੇੜੇ ਮਿਲੀਆਂ। ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਜਿਨ੍ਹਾਂ ਰਾਜ ਮੰਤਰੀਆਂ ਦੀਆਂ ਰਿਹਾਇਸ਼ਾਂ 'ਤੇ ਧਾਵਾ ਬੋਲਿਆ, ਉਨ੍ਹਾਂ ਵਿਚ ਸਪਮ ਰੰਜਨ, ਐਲ ਸੁਸਿੰਦਰੋ ਸਿੰਘ ਅਤੇ ਵਾਈ ਖੇਮਚੰਦ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਿਗੜਦੀ ਕਾਨੂੰਨ ਵਿਵਸਥਾ ਕਾਰਨ ਇੰਫਾਲ ਘਾਟੀ ਦੇ ਪੂਰਬੀ ਅਤੇ ਪੱਛਮੀ, ਬਿਸ਼ਨੂਪੁਰ, ਥੌਬਲ ਅਤੇ ਕਾਕਚਿੰਗ ਜ਼ਿਲ੍ਹਿਆਂ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾਇਆ ਗਿਆ ਹੈ।