ਕੈਨੇਡਾ 'ਚ ਲੋੜੀਂਦਾ ਲਖਬੀਰ ਲੰਡਾ ਦਾ ਭਰਾ ਦੁਬਈ ਤੋਂ ਡਿਪੋਟ, ਦਿੱਲੀ ਪਹੁੰਚਦੇ ਹੀ ਗ੍ਰਿਫ਼ਤਾਰ

Update: 2024-08-09 18:32 GMT


ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰਜ਼ ’ਤੇ ਆਰਪੀਜੀ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਲਖਬੀਰ ਸਿੰਘ ਲੰਡਾ ਦੇ ਭਰਾ ਤਰਸੇਮ ਸਿੰਘ ਨੂੰ ਦੁਬਈ ਤੋਂ ਡਿਪੋਟ ਕੀਤਾ ਗਿਆ ਅਤੇ ਸ਼ੁੱਕਰਵਾਰ ਨੂੰ ਭਾਰਤ ਪਹੁੰਚਦੇ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਵੱਲੋਂ ਤਰਸੇਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ’ਚ ਪਹਿਲਾਂ ਵੀ ਕੁਝ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਤਰਸੇਮ ਲਖਬੀਰ ਸਿੰਘ ਸੰਧੂ ਦਾ ਭਰਾ ਹੈ , ਜਿਸਨੂੰ ਲੰਡਾ ਵੀ ਕਿਹਾ ਜਾਂਦਾ ਹੈ, ਜੋ ਇਸ ਸਮੇਂ ਕੈਨੇਡਾ ਵਿੱਚ ਹੈ। ਲਖਬੀਰ ਸਿੰਘ ਸੰਧੂ ਉਰਫ਼ ਲੰਡਾ, ਜਿਸ ਨੇ ਅਪਰਾਧਿਕ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਸੀ, 2017 ਵਿੱਚ ਕੈਨੇਡਾ ਚਲਾ ਗਿਆ ਸੀ ਅਤੇ ਉਸ ਨੇ ਉੱਥੋਂ ਆਪਣਾ ਕੰਮ ਜਾਰੀ ਰੱਖਿਆ। ਉਹ ਅਗਸਤ 2022 ਵਿੱਚ ਪੰਜਾਬ ਪੁਲਿਸ ਦੇ ਐੱਸਆਈ ਦਿਲਬਾਗ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਦਾ ਮਾਸਟਰਮਾਈਂਡ ਵੀ ਸੀ ਅਤੇ ਇਸ ਸਮੇਂ ਕੈਨੇਡਾ 'ਚ ਲੋੜੀਂਦਾ ਹੈ।

ਤਰਸੇਮ ਅੱਤਵਾਦੀ ਸਮੂਹ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਇੱਕ ਪ੍ਰਮੁੱਖ ਮੈਂਬਰ ਸੀ ਅਤੇ ਦੁਬਈ ਵਿੱਚ ਕੰਮ ਕਰਦੇ ਹੋਏ ਅੱਤਵਾਦੀ ਰਿੰਦਾ ਅਤੇ ਲੰਡਾ ਲਈ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਦਾ ਸੀ। ਐੱਨਆਈਏ ਦੁਆਰਾ ਜਾਰੀ ਗੈਰ-ਜ਼ਮਾਨਤੀ ਵਾਰੰਟ ਅਤੇ ਇੰਟਰਪੋਲ ਰੈੱਡ ਕਾਰਨਰ ਨੋਟਿਸ ਦੇ ਬਾਅਦ, ਉਸਨੂੰ ਨਵੰਬਰ 2023 ਵਿੱਚ ਅਬੂ ਧਾਬੀ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਇੰਟਰਪੋਲ ਦੀਆਂ ਸਾਰੀਆਂ ਨਿਰਧਾਰਤ ਪ੍ਰਕਿਿਰਆਵਾਂ ਦੀ ਪਾਲਣਾ ਕਰਨ ਤੋਂ ਬਾਅਦ, ਤਰਸੇਮ ਨੂੰ ਸ਼ੁੱਕਰਵਾਰ ਨੂੰ ਯੂਏਈ ਤੋਂ ਭਾਰਤ ਹਵਾਲੇ ਕਰ ਦਿੱਤਾ ਗਿਆ।

ਐੱਨਆਈਏ ਦੇ ਅਨੁਸਾਰ, ਤਰਸੇਮ ਅਤੇ ਉਸਦੇ ਸਾਥੀ, ਜੋ ਕਿ ਵਿਦੇਸ਼ ਵਿੱਚ ਰਹਿੰਦੇ ਹਨ, ਭਾਰਤ ਵਿੱਚ ਲੋਕਾਂ ਨੂੰ ਅੱਤਵਾਦੀ ਗਤੀਵਿਧੀਆਂ, ਜਬਰਨ ਵਸੂਲੀ ਅਤੇ ਸਰਹੱਦ ਪਾਰ ਤੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਲਈ ਭਰਤੀ ਅਤੇ ਪ੍ਰੇਰਿਤ ਕਰ ਰਹੇ ਹਨ। ਇਹ ਵਿਦੇਸ਼ੀ ਕਾਰਕੁਨ ਉੱਤਰੀ ਭਾਰਤ ਦੇ ਵੱਡੇ ਗਿਰੋਹਾਂ ਨਾਲ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ 9 ਮਈ, 2022 ਨੂੰ ਮੋਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਹੈੱਡਕੁਆਰਟਰਜ਼ ’ਤੇ ਆਰਪੀਜੀ ਦਾਗ਼ ਕੇ ਹਮਲਾ ਕੀਤਾ ਗਿਆ ਸੀ। ਜ਼ਬਰਦਸਤ ਧਮਾਕੇ ਕਾਰਨ ਇਮਾਰਤ ਦੀਆਂ ਖਿੜਕੀਆਂ ਟੁੱਟ ਗਈਆਂ ਸਨ ਤੇ ਸਜਾਵਟੀ ਸੀਲੰਿਗ ਦਾ ਇੱਕ ਹਿੱਸਾ ਡਿੱਗ ਗਿਆ ਸੀ। ਹਾਲਾਂਕਿ ਹਮਲੇ ’ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੀ।

ਇਸ ਹਮਲੇ ਦੀ ਸਾਰੀ ਸਾਜ਼ਿਸ਼ ਕੈਨੇਡਾ ’ਚ ਰਹਿ ਰਹੇ ਗੈਂਗਸਟਰ ਲਖਬੀਰ ਸਿੰਘ ਸੰਧੂ ਉਰਫ਼ ਲੰਡਾ ਤੇ ਪਾਕਿਸਤਾਨ ’ਚ ਰਹਿੰਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਘੜੀ ਸੀ। ਹਰਵਿੰਦਰ ਸਿੰਘ ਰਿੰਦਾ ਸਾਲ 2018-19 ਵਿਚ, ਗੈਰ-ਕਾਨੂੰਨੀ ਤੌਰ 'ਤੇ ਪਾਕਿਸਤਾਨ ਭੱਜ ਗਿਆ ਸੀ ਅਤੇ ਹੁਣ ਉਹ ਆਈਐਸਆਈ ਦੀ ਸੁਰੱਖਿਆ ਹੇਠ ਹੈ, ਜਿੱਥੇ ਉਹ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੁੰਦਾ ਰਹਿੰਦਾ ਹੈ। ਉਹ ਭਾਰਤ ਵਿੱਚ ਹਥਿਆਰਾਂ, ਗੋਲਾ ਬਾਰੂਦ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ, ਬੀਕੇਆਈ ਦੇ ਕਾਰਕੁਨਾਂ ਦੀ ਭਰਤੀ ਕਰਨ, ਕਤਲ ਕਰਨ, ਅਤੇ ਪੰਜਾਬ ਅਤੇ ਮਹਾਰਾਸ਼ਟਰ ਵਿੱਚ ਜਬਰੀ ਵਸੂਲੀ ਰਾਹੀਂ ਫੰਡ ਇਕੱਠਾ ਕਰਨ ਵਿੱਚ ਸ਼ਾਮਲ ਹੈ।

Tags:    

Similar News