ਕੰਗਨਾ ਰਣੌਤ ਨੂੰ ਬਾਹਰ ਕੱਢੋ, ਸਿੱਖ ਮਾਮਲਿਆਂ ਨਾਲ ਨਾ ਉਲਝੋ ; ਸਤਿਆਪਾਲ ਮਲਿਕ
ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆ ਪਾਲ ਮਲਿਕ ਨੇ ਭਾਰਤੀ ਜਨਤਾ ਪਾਰਟੀ ਨੂੰ ਸਿੱਖ ਭਾਈਚਾਰੇ ਦੇ ਮਾਮਲਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਬਾਲੀਵੁੱਡ ਅਭਿਨੇਤਰੀ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਭਾਜਪਾ ਤੋਂ ਕੱਢਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਗਈ ਕਾਰਵਾਈ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਸ਼ਹੀਦ ਬਾਬਾ ਜੰਗ ਸਿੰਘ ਗੁਰਦੁਆਰਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਹਰਿਆਣਾ ਦੇ ਲੋਕਾਂ ਨੂੰ ਭਾਜਪਾ ਨੂੰ ਹਰਾਉਣ ਅਤੇ ਹੋਰ ਪਾਰਟੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਮਲਿਕ ਨੇ ਕਿਹਾ, 'ਜਦੋਂ ਵੀ ਸੰਕਟ ਦਾ ਸਮਾਂ ਆਇਆ ਹੈ, ਸਿੱਖ ਭਾਈਚਾਰਾ ਹਮੇਸ਼ਾ ਦੇਸ਼ ਦੇ ਨਾਲ ਖੜ੍ਹਾ ਰਿਹਾ ਹੈ। ਭਾਜਪਾ ਸਰਕਾਰ ਆਪਣਾ ਕੰਮ ਕਰਨ ਵਿੱਚ ਅਸਫਲ ਰਹੀ ਹੈ ਅਤੇ ਉਸ ਨੂੰ ਸਿੱਖ ਕੌਮ ਦੇ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ।
ਉਨ੍ਹਾਂ ਕਿਹਾ, 'ਮੇਰੇ ਕਾਰਜਕਾਲ ਦੌਰਾਨ ਅੱਤਵਾਦੀਆਂ ਨੇ ਸ੍ਰੀਨਗਰ ਪਹੁੰਚਣ ਦੀ ਹਿੰਮਤ ਨਹੀਂ ਕੀਤੀ, ਪਰ ਹੁਣ ਉਹ ਫੌਜ 'ਤੇ ਹਮਲੇ ਕਰ ਰਹੇ ਹਨ ਅਤੇ ਕੋਈ ਪ੍ਰਭਾਵਸ਼ਾਲੀ ਪ੍ਰਸ਼ਾਸਨ ਨਹੀਂ ਹੈ। ਭਾਜਪਾ ਦਿੱਲੀ ਅਤੇ ਸ਼੍ਰੀਨਗਰ ਦੋਵਾਂ 'ਚ ਫੇਲ ਹੋਈ ਹੈ। ਮਲਿਕ ਅਗਸਤ 2018 ਤੋਂ ਅਕਤੂਬਰ 2019 ਤੱਕ ਜੰਮੂ-ਕਸ਼ਮੀਰ ਦੇ ਰਾਜਪਾਲ ਸਨ। ਜੰਮੂ-ਕਸ਼ਮੀਰ 'ਚ 3 ਪੜਾਵਾਂ 'ਚ ਚੋਣਾਂ ਹੋਣੀਆਂ ਹਨ, ਜਿਨ੍ਹਾਂ ਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।
ਮਲਿਕ ਨੇ ਮੰਡੀ ਦੀ ਸੰਸਦ ਕੰਗਨਾ ਰਣੌਤ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਨੇ ਰਣੌਤ ਨੂੰ ਰਾਜਨੀਤਿਕ ਤੌਰ 'ਤੇ ਅਪਵਿੱਤਰ ਕਿਹਾ ਹੈ। ਨਾਲ ਹੀ ਕਿਹਾ ਕਿ ਉਹ ਪਾਰਟੀ ਵਿੱਚ ਰਹਿਣ ਦੇ ਯੋਗ ਨਹੀਂ ਹਨ ਅਤੇ ਭਾਜਪਾ ਨੂੰ ਉਨ੍ਹਾਂ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਤਾਰੀਫ ਕੀਤੀ ਹੈ।