ਕਮਲਾ ਹੈਰਿਸ ਨੇ ਬਾਈਡਨ ਪ੍ਰਸ਼ਾਸਨ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਪ੍ਰਤੀ ਪਹੁੰਚ ਦੀ ਕੀਤੀ ਜੋਰਦਾਰ ਵਕਾਲਤ

Update: 2024-10-20 00:45 GMT

ਕਮਲਾ ਹੈਰਿਸ ਨੇ ਬਾਈਡਨ ਪ੍ਰਸ਼ਾਸਨ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਪ੍ਰਤੀ ਪਹੁੰਚ ਦੀ ਕੀਤੀ ਜੋਰਦਾਰ ਵਕਾਲਤ

* ਕਿਹਾ ਰਿਪਬਲੀਕਨ ਸਰਹੱਦ ਸੁਰੱਖਿਆ ਬਿੱਲ ਪਾਸ ਕਰਨ ਵਿੱਚ ਹੋਏ ਨਾਕਾਮ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਕਮਲਾ ਹੈਰਿਸ ਨੇ ਇਕ ਮੁਲਾਕਾਤ/ਬਹਿਸ ਦੌਰਾਨ ਬਾਈਡਨ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਜਿੱਠਣ ਦੇ ਮਾਮਲੇ ਵਿਚ ਅਪਣਾਈ ਪਹੁੰਚ ਦੀ ਜੋਰਦਾਰ ਵਕਾਲਤ ਕੀਤੀ ਹੈ ਤੇ ਰਿਪਬਲੀਕਨਾਂ ਉਪਰ ਦੋਸ਼ ਲਾਇਆ ਹੈ ਕਿ ਉਹ ਸਰਹੱਦ ਸੁਰੱਖਿਆ ਬਿੱਲ ਪਾਸ ਕਰਨ ਵਿੱਚ ਨਾਕਾਮ ਰਹੇ ਹਨ। ਇਕ ਟੈਲੀਵੀਜ਼ਨ ਉਪਰ ਮੁਲਾਕਾਤ/ਬਹਿਸ ਦੌਰਾਨ ਫੌਕਸ ਨਿਊਜ਼ ਮੇਜ਼ਬਾਨ ਬਰੈਟ ਬੇਰ ਨੇ ਉਸ ਨੂੰ ਵਾਰ ਵਾਰ ਟੋਕਿਆ । ਆਮ ਤੌਰ 'ਤੇ ਚੈਨਲ ਅਜਿਹਾ ਨਹੀਂ ਕਰਦੇ। ਹਾਲਾਂ ਕਿ ਹੈਰਿਸ ਤੇ ਬਰੈਟ ਇਕ ਦੂਸਰੇ ਨੂੰ ਨਿਰੰਤਰ ਟੋਕਦੇ ਰਹੇ ਤੇ ਇਕ ਮੌਕੇ 'ਤੇ ਹੈਰਿਸ ਕੁਝ ਪ੍ਰੇਸ਼ਾਨ ਵੀ ਨਜਰ ਆਈ ਪਰੰਤੂ ਉਹ ਰਿਪਬਲੀਕਨ ਸਰੋਤਿਆਂ ਤੱਕ ਆਪਣਾ ਸੁਨੇਹਾ ਪਹੁੰਚਾਉਣ ਵਿਚ ਸਫਲ ਰਹੀ ਜਿਸ ਨੂੰ ਅਕਸਰ ਉਹ ਸੁਣਦੇ ਨਹੀਂ ਹਨ। ਜਦੋਂ ਹੈਰਿਸ ਨੂੰ ਪੁੱਛਿਆ ਗਿਆ ਕਿ ਡੋਨਾਲਡ ਟਰੰਪ ਜਦੋਂ ਰਾਸ਼ਟਰਪਤੀ ਸਨ ਤਾਂ ਉਨਾਂ ਦੀਆਂ ਸਰਹੱਦ ਉਪਰ ਰੋਕਾਂ ਸਬੰਧੀ ਨੀਤੀਆਂ ਵਿਚੋਂ ਕੁਝ ਨੂੰ ਬਾਈਡਨ ਪ੍ਰਸ਼ਾਸਨ ਵੱਲੋਂ ਸੱਤਾ ਸੰਭਾਲਦਿਆਂ ਹੀ ਵਾਪਿਸ ਲੈਣ ਨੂੰ ਉਹ ਕਿਵੇਂ ਜਾਇਜ਼ ਠਹਿਰਾਉਂਦੇ ਹਨ ਤਾਂ ਉਨਾਂ ਕਿਹਾ ਕਿ ਟਰੰਪ ਨੇ ਰਿਪਬਲੀਕਨਾਂ ਨੂੰ ਇਸ ਸਾਲ ਦੇ ਸ਼ੁਰੂ ਵਿਚ ਕਿਹਾ ਸੀ ਕਿ ਉਹ ਇਮੀਗ੍ਰੇਸ਼ਨ ਬਿੱਲ ਨੂੰ ਰੱਦ ਕਰ ਦੇਣ ਜਦ ਕਿ ਇਸ ਬਿੱਲ ਉਪਰ ਦੋਨਾਂ ਧਿਰਾਂ ਦੀ ਸਹਿਮਤੀ ਸੀ।

ਹੈਰਿਸ ਨੇ ਕਿਹਾ ਕਿ ਟਰੰਪ ਨੇ ਇਹ ਇਸ ਲਈ ਕੀਤਾ ਸੀ ਕਿਉਂਕਿ ਉਹ ਸਮੱਸਿਆ ਹੱਲ ਕਰਨ ਦੀ ਬਜਾਏ ਇਸ ਨੂੰ ਜਿਉਂ ਦਾ ਤਿਉਂ ਕਾਇਮ ਰੱਖਣਾ ਚਹੁੰਦੇ ਸਨ। ਇਥੇ ਇਹ ਵੀ ਜਿਕਰਯੋਗ ਹੈ ਕਿ ਟਰੰਪ ਤੇ ਰਿਪਬਲੀਕਨ ਦਾਅਵਾ ਕਰਦੇ ਆ ਰਹੇ ਹਨ ਕਿ ਪ੍ਰਵਾਸੀ ਹਿੰਸਕ ਅਪਰਾਧਾਂ ਨੂੰ ਬੜਾਵਾ ਦੇ ਰਹੇ ਹਨ ਪਰੰਤੂ ਵਿਸ਼ਲੇਸ਼ਣਾਂ ਵਿਚ ਸਪੱਸ਼ਟ ਹੋਇਆ ਹੈ ਕਿ ਦੂਸਰਿਆਂ ਦੀ ਤੁਲਨਾ ਵਿਚ ਪ੍ਰਵਾਸੀਆਂ ਦੀ ਅਪਰਾਧ ਦਰ ਘੱਟ ਹੈ। ਬਰੈਟ ਵੱਲੋਂ ਹੈਰਿਸ ਨੂੰ ਪੁੱਛਿਆ ਗਿਆ ਕਿ ਬਹੁਤ ਸਾਰੇ ਅਮਰੀਕੀ ਟਰੰਪ ਦਾ ਸਮਰਥਨ ਕਰ ਰਹੇ ਹਨ ਕੀ ਉਹ ਮੂਰਖ ਹਨ? ਹੈਰਿਸ ਨੇ ਜਵਾਬ ਵਿਚ ਕਿਹਾ ''ਪ੍ਰਮਾਤਮਾ ਮੁਆਫ ਕਰੀਂ, ਮੈ ਅਮਰੀਕੀ ਲੋਕਾਂ ਬਾਰੇ ਅਜਿਹਾ ਕਦੇ ਵੀ ਕਹਿ ਜਾਂ ਸੋਚ ਨਹੀਂ ਸਕਦੀ।'' ਮੁਲਾਕਾਤ ਦੌਰਾਨ ਬਰੈਟ ਬੇਰ ਨੇ ਟਰੰਪ ਦੀ ਇਕ ਟਿੱਪਣੀ ਵਿਖਾਈ ਜਿਸ ਵਿਚ ਉਸ ਨੇ ਕਿਹਾ '' ਮੈ ਕਿਸੇ ਨੂੰ ਵੀ ਧਮਕਾ ਨਹੀਂ ਰਿਹਾ'' ਦੇ ਜਵਾਬ ਵਿਚ ਹੈਰਿਸ ਨੇ ਕਿਹਾ ਤੁਸੀਂ ਉਹ ਸਾਰਾ ਕੁਝ ਨਹੀਂ ਵਿਖਾਇਆ ਜੋ ਟਰੰਪ ਨੇ ਕਿਹਾ ਸੀ ਇਹ ਤਾਂ ਕੇਵਲ ਆਖਰੀ ਲਾਈਨ ਹੈ। ਟਰੰਪ ਨੇ ਵਾਰ ਵਾਰ ਜੋ ਦੁਹਰਾਇਆ ਸੀ ਤੁਸੀਂ ਤੇ ਮੈ ਬਾਖੂਬੀ ਜਾਣਦੇ ਹਾਂ। ਤੁਸੀਂ ਤੇ ਮੈ ਜਾਣਦੇ ਹਾਂ ਕਿ ਟਰੰਪ ਨੇ ਕਿਹਾ ਸੀ ਕਿ ਉਹ ਅਮਰੀਕੀ ਲੋਕਾਂ ਉਪਰ ਫੌਜ ਤਾਇਨਾਤ ਕਰ ਦੇਣਗੇ। ਕੀ ਇਹ ਲੋਕਤੰਤਰ ਹੈ? ਇਹ ਪੁੱਛੇ ਜਾਣ 'ਤੇ ਕਿ ਬਾਈਡਨ ਪ੍ਰਸ਼ਾਸਨ ਦੀ ਕੋਈ ਵੀ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਉਹ ਬਦਲਣਾ ਚਹੁੰਣਗੇ ਤਾਂ ਹੈਰਿਸ ਨੇ ਕਿਹਾ ਮੈ ਸਪੱਸ਼ਟ ਕਰਨਾ ਚਹੁੰਦੀ ਹਾਂ ਕਿ ਮੇਰਾ ਕਾਰਜਕਾਲ ਬਾਈਡਨ ਪ੍ਰਸ਼ਾਸਨ ਦੇ ਕਾਰਜਕਾਲ ਦੀ ਨਿਰੰਤਰਤਾ ਨਹੀਂ ਹੋਵੇਗਾ।

ਮੈ ਆਪਣੇ ਤਰੀਕੇ ਨਾਲ ਕੰਮ ਕਰਾਂਗੀ। ਹੈਰਿਸ ਨੇ ਕਿਹਾ ਕਿ ਉਹ ਘਰਾਂ ਦੀ ਘਾਟ ਦੀ ਸਮੱਸਿਆ ਨੂੰ ਹੱਲ ਕਰਨ ਤੇ ਛੋਟੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਰਿਪਬਲੀਕਨਾਂ ਤੇ ਕਾਰੋਬਾਰੀ ਮਾਲਕਾਂ ਦੇ ਵਿਚਾਰਾਂ ਨੂੰ ਅਹਿਮੀਅਤ ਦੇਣਗੇ। ਉਨਾਂ ਕਿਹਾ ਬਾਈਡਨ ਕੋਲ ਨਿਰਨੇ ਲੈਣ ਤੇ ਰਾਸ਼ਟਰਪਤੀ ਵਜੋਂ ਕੰਮ ਕਰਨ ਦਾ ਤਜ਼ਰਬਾ ਹੈ । ਉਨਾਂ ਨੇ ਅਹੁੱਦਾ ਸੰਭਾਲਣ ਸਬੰਧੀ ਟਰੰਪ ਦੀ ਯੋਗਤਾ ਉਪਰ ਸਵਾਲ ਉਠਾਇਆ ਤੇ ਕਿਹਾ ਚੋਣ ਟਰੰਪ ਲੜ ਰਿਹਾ ਹੈ ਬਾਈਡਨ ਨਹੀਂ। ਇਹ ਪਹਿਲੀ ਵਾਰ ਹੈ ਕਿ ਹੈਰਿਸ ਨੇ ਇਕ ਰਾਸ਼ਟਰਪਤੀ ਉਮੀਦਵਾਰ ਵਜੋਂ ਕੰਜ਼ਰਵੇਟਿਵ ਮੀਡੀਆ ਨੈੱਟਵਰਕ ਉਪਰ 30 ਮਿੰਟ ਗੱਲਬਾਤ ਕੀਤੀ ਹੈ ਜੋ ਮੀਡੀਆ ਅਕਸਰ ਅਜਿਹੇ ਪ੍ਰੋਗਰਾਮ ਅਯੋਜਿਤ ਕਰਦਾ ਹੈ ਜਿਨਾਂ ਵਿਚ ਹੈਰਿਸ ਤੇ ਹੋਰ ਡੈਮੋਕਰੈਟਿਕ ਆਗੂਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਤੇ ਟਰੰਪ ਦੀਆਂ ਨੀਤੀਆਂ ਦੀ ਪ੍ਰਸੰਸਾ ਕੀਤੀ ਜਾਂਦੀ ਹੈ। ਮੁਲਾਕਾਤ ਉਪਰੰਤ ਹੈਰਿਸ ਦੇ ਇਕ ਬੁਲਾਰੇ ਬਰੀਅਨ ਫਾਲੋਨ ਨੇ ਕਿਹਾ ਕਿ '' ਅਸੀਂ ਮਹਿਸੂਸ ਕਰਦੇ ਹਾਂ ਕਿ ਨਿਸ਼ਚਤ ਤੌਰ 'ਤੇ ਜੋ ਅਸੀਂ ਚਹੁੰਦੇ ਸੀ ਉਹ ਹਾਸਲ ਕੀਤਾ ਹੈ ਤੇ ਹੈਰਿਸ ਉਨਾਂ ਅਮਰੀਕੀਆਂ ਤੱਕ ਪਹੁੰਚ ਕਰਨ ਵਿਚ ਕਾਮਯਾਬ ਹੋਈ ਹੈ ਜੋ ਸੰਭਾਵੀ ਤੌਰ 'ਤੇ ਪਹਿਲਾਂ ਹੈਰਿਸ ਬਾਰੇ ਸਹਿਜ ਨਹੀਂ ਸਨ।'' ਬੁਲਾਰੇ ਨੇ ਹੋਰ ਕਿਹਾ ਇਕ ਗੈਰ ਦੋਸਤ ਮੇਜ਼ਬਾਨ ਅੱਗੇ ਹੈਰਿਸ ਮਜ਼ਬੂਤੀ ਨਾਲ ਪੇਸ਼ ਆਈ ਹੈ। ਇਥੇ ਜਿਕਰਯੋਗ ਹੈ ਕਿ ਇਹ ਮੁਲਾਕਾਤ ਹੈਰਿਸ ਦੁਆਰਾ ਰਿਪਬਲੀਕਨਾਂ ਵੋਟਰਾਂ ਨੂੰ ਸਿੱਧੀ ਅਪੀਲ ਕਰਨ ਦਾ ਹਿੱਸਾ ਹੈ। ਫੌਕਸ ਨਿਊਜ਼ ਨਾਲ ਮੁਲਾਕਾਤ ਤੋਂ ਪਹਿਲਾਂ ਹੈਰਿਸ ਨੇ ਕਿਹਾ ਸੀ ਕਿ ਪੈਨਸਿਲਵਾਨੀਆ ਵਿਚ ਅਹਿਮ ਕਾਊਂਟੀ ਦੇ ਰਿਪਬਲੀਕਨ ਉਸ ਦਾ ਸਮਰਥਨ ਕਰ ਰਹੇ ਹਨ।

ਕੈਪਸ਼ਨ ਕੰਜ਼ਰਵੇਟਿਵ ਮੀਡੀਆ ਮੇਜ਼ਬਾਨ ਬਰੈਟ ਬੇਰ ਨਾਲ ਮੁਲਾਕਾਤ ਦੌਰਾਨ ਕਮਲਾ ਹੈਰਿਸ

Tags:    

Similar News