ਜਲੰਧਰ: ਆਰਟੀਆਈ ਕਾਰਕੁਨ 'ਤੇ ਜਿਮ ਬਾਹਰ ਹਮਲਾ, ਸੀਸੀਟੀਵੀ 'ਚ ਕੈਦ
ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸਨੂੰ ਪਿਛਲੇ ਕੁਝ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਅਤੇ ਇਸ ਸਬੰਧੀ ਪੁਲਿਸ ਕੋਲ ਪਹਿਲਾਂ ਹੀ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਜਲੰਧਰ ਦੇ ਮਾਡਲ ਟਾਊਨ ਇਲਾਕੇ 'ਚ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ 'ਤੇ ਕਤਲ ਦੀ ਕੋਸ਼ਿਸ਼ ਹੋਈ। ਇਹ ਵਾਕਿਆ 'ਦ ਆਫ ਗਰਿੱਡ ਜਿਮ' ਦੇ ਬਾਹਰ ਰਾਤ 9:20 ਵਜੇ ਵਾਪਰਿਆ, ਜਦੋਂ ਹਮਲਾਵਰਾਂ ਨੇ ਉਸ ਉੱਤੇ ਪਿਸਤੌਲ ਤਾਣੀ ਅਤੇ ਤਿੰਨ ਵਾਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰੀ ਬੰਦੂਕ ਜਾਮ ਹੋ ਗਈ। ਹਮਲਾਵਰਾਂ ਦੀ ਕੋਸ਼ਿਸ਼ ਨਾਕਾਮ ਰਹੀ, ਜਿਸ ਕਰਕੇ ਸਿਮਰਨਜੀਤ ਜਿੰਮ ਦੇ ਅੰਦਰ ਭੱਜ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਿਆ।
ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸਨੂੰ ਪਿਛਲੇ ਕੁਝ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਅਤੇ ਇਸ ਸਬੰਧੀ ਪੁਲਿਸ ਕੋਲ ਪਹਿਲਾਂ ਹੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਹਮਲੇ ਤੋਂ ਬਾਅਦ, ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹੋਰ ਹਮਲਾਵਰ ਅਜੇ ਵੀ ਫਰਾਰ ਹਨ।
ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਗੋਲੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਗੋਲੀ ਨਹੀਂ ਚੱਲੀ। ਪੁਲਿਸ ਨੇ ਸੀਸੀਟੀਵੀ ਡੀਵੀਆਰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਤਲਾਸ਼ ਜਾਰੀ ਹੈ।
ਇਸ ਹਮਲੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਅਤੇ ਸਮਾਜ ਸੇਵਕਾਂ ਵੱਲੋਂ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਜਾ ਰਹੇ ਹਨ ਅਤੇ ਪੁਲਿਸ ਤੋਂ ਕੜੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।