ਭਾਰਤੀ ਖਿਡਾਰੀਆਂ ਨੂੰ ਪਾਕਿਸਤਾਨ ਨਹੀਂ ਜਾਣਾ ਚਾਹੀਦਾ... ਜਦੋਂ ਤੱਕ: ਸਪਿਨਰ ਹਰਭਜਨ ਸਿੰਘ
ਚੰਡੀਗੜ੍ਹ: ਪਾਕਿਸਤਾਨ ICC ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਕਰ ਰਿਹਾ ਹੈ। ਚੈਂਪੀਅਨਸ ਟਰਾਫੀ ਅਗਲੇ ਸਾਲ ਫਰਵਰੀ-ਮਾਰਚ 'ਚ ਹੋਣੀ ਹੈ। ਹਾਲਾਂਕਿ, ਕੀ ਟੀਮ ਇੰਡੀਆ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਪਾਕਿਸਤਾਨ ਜਾਵੇਗੀ ਜਾਂ ਨਹੀਂ? ਅਜੇ ਸਪਸ਼ਟ ਨਹੀਂ ਹੈ। ਬੀਸੀਸੀਆਈ ਨੇ ਸਪੱਸ਼ਟ ਕਿਹਾ ਹੈ ਕਿ ਭਾਰਤੀ ਖਿਡਾਰੀਆਂ ਦੇ ਪਾਕਿਸਤਾਨ ਜਾਣ ਬਾਰੇ ਫੈਸਲਾ ਸਰਕਾਰ ਲਵੇਗੀ। ਇਸ ਦੇ ਨਾਲ ਹੀ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਵੀ ਆਪਣੀ ਗੱਲ ਸਪੱਸ਼ਟ ਕੀਤੀ ਹੈ। ਭੱਜੀ ਦਾ ਕਹਿਣਾ ਹੈ ਕਿ ਜਦੋਂ ਤੱਕ ਸੁਰੱਖਿਆ ਚਿੰਤਾਵਾਂ ਨੂੰ ਦੂਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਭਾਰਤੀ ਖਿਡਾਰੀਆਂ ਨੂੰ ਪਾਕਿਸਤਾਨ ਬਿਲਕੁਲ ਨਹੀਂ ਜਾਣਾ ਚਾਹੀਦਾ।
ਹਰਭਜਨ ਨੇ ਸਪੋਰਟਸ ਟਾਕ ਨੂੰ ਕਿਹਾ, “ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹਨ। ਜੇਕਰ ਉੱਥੇ ਖਿਡਾਰੀਆਂ ਦੀ ਸੁਰੱਖਿਆ ਨਹੀਂ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ। ਜੇਕਰ ਉਹ ਕਹਿੰਦੇ ਹਨ ਕਿ ਟੀਮਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ ਅਤੇ ਕੋਈ ਸਮੱਸਿਆ ਨਹੀਂ ਹੈ ਤਾਂ ਸਰਕਾਰ ਜੋ ਵੀ ਸਹੀ ਸਮਝੇ ਕਰ ਲਵੇ। ਦਰਅਸਲ, ਇਹ ਸਿਰਫ ਕ੍ਰਿਕਟ ਤੱਕ ਸੀਮਤ ਨਹੀਂ ਹੈ। ਇਹ ਉਸ ਤੋਂ ਪਰੇ ਹੈ। ਇਕ ਕ੍ਰਿਕਟਰ ਹੋਣ ਦੇ ਨਾਤੇ ਮੈਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ ਕਿ ਜੇਕਰ ਤੁਸੀਂ ਕ੍ਰਿਕਟ ਖੇਡਣਾ ਚਾਹੁੰਦੇ ਹੋ ਤਾਂ ਖੇਡੋ ਪਰ ਸੁਰੱਖਿਆ ਦੀ ਚਿੰਤਾ ਹੈ। ਸਾਡੇ ਖਿਡਾਰੀਆਂ ਨੂੰ ਉਦੋਂ ਤੱਕ ਉੱਥੇ ਨਹੀਂ ਜਾਣਾ ਚਾਹੀਦਾ ਜਦੋਂ ਤੱਕ ਅਸੀਂ ਮਹਿਸੂਸ ਨਹੀਂ ਕਰਦੇ ਕਿ ਸੁਰੱਖਿਆ ਬਿਲਕੁਲ ਸਹੀ ਹੈ।
ਬੀਸੀਸੀਆਈ ਨੇ ਹਮੇਸ਼ਾ ਕਿਹਾ ਹੈ ਕਿ ਪਾਕਿਸਤਾਨ ਵਿੱਚ ਕ੍ਰਿਕਟ ਖੇਡਣਾ ਪੂਰੀ ਤਰ੍ਹਾਂ ਸਰਕਾਰ ਦਾ ਫੈਸਲਾ ਹੈ। ਭਾਰਤੀ ਟੀਮ ਏਸ਼ੀਆ ਕੱਪ 2023 ਖੇਡਣ ਪਾਕਿਸਤਾਨ ਵੀ ਨਹੀਂ ਗਈ। ਫਿਰ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੀ ਮੇਜ਼ਬਾਨੀ 'ਚ 'ਹਾਈਬ੍ਰਿਡ ਮਾਡਲ' ਦੇ ਆਧਾਰ 'ਤੇ ਏਸ਼ੀਆ ਕੱਪ ਕਰਵਾਇਆ ਗਿਆ। ਭਾਰਤ ਨੇ ਆਪਣੇ ਸਾਰੇ ਮੈਚ ਸ਼੍ਰੀਲੰਕਾ ਵਿੱਚ ਖੇਡੇ। ਚੈਂਪੀਅਨਸ ਟਰਾਫੀ ਦੇ ਡਰਾਫਟ ਸ਼ੈਡਿਊਲ ਦੇ ਅਨੁਸਾਰ, ਸੰਭਾਵਿਤ ਸੈਮੀਫਾਈਨਲ ਅਤੇ ਫਾਈਨਲ ਸਮੇਤ ਭਾਰਤ ਦੇ ਸਾਰੇ ਮੈਚ ਲਾਹੌਰ ਵਿੱਚ ਤੈਅ ਕੀਤੇ ਗਏ ਹਨ। ਭਾਰਤ ਅਤੇ ਪਾਕਿਸਤਾਨ ਦਾ ਮੈਚ 1 ਮਾਰਚ ਨੂੰ ਹੋਣਾ ਹੈ।